ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਾਈ ਕੋਰਟ `ਚ ਨੌਕਰੀ ਦਿਵਾਉਣ ਲਈ ਫ਼ੋਨ ਕਰ ਕੇ ‘ਮੰਗੀ ਜਾ ਰਹੀ ਹੈ ਰਿਸ਼ਵਤ`

ਹਾਈ ਕੋਰਟ `ਚ ਨੌਕਰੀ ਦਿਵਾਉਣ ਲਈ ਫ਼ੋਨ ਕਰ ਕੇ ‘ਮੰਗੀ ਜਾ ਰਹੀ ਹੈ ਰਿਸ਼ਵਤ`

ਚੰਡੀਗੜ੍ਹ ਪੁਲਿਸ ਨੇ ਕੁਝ ਅਣਪਛਾਤੇ ਵਿਅਕਤੀਆਂ ਖਿ਼ਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ, ਜਿਹੜੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਨੌਕਰੀਆਂ ਦਿਵਾਉਣ ਬਦਲੇ ਧਨ ਦੀ ਮੰਗ ਕਰਨ ਲਈ ਉਮੀਦਵਾਰਾਂ ਨੁੰ ਫ਼ੋਨ-ਕਾਲਾਂ ਕਰ ਰਹੇ ਹਨ।

ਇਸ ਸਬੰਧੀ ਸ਼ੁੱਕਰਵਾਰ ਨੂੰ ਅਦਾਲਤ ਦੀਆਂ ਹਦਾਇਤਾਂ ਅਨੁਸਾਰ ਇੱਕ ਚਪੜਾਸੀ ਦੀ ਸਿ਼ਕਾਇਤ `ਤੇ ਸੈਕਟਰ 3 ਦੇ ਪੁਲਿਸ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ।

ਸਿ਼ਕਾਇਤਕਰਤਾ ਮਨਸਾ ਰਾਮ (31) ਇਹ ਮਾਮਲਾ ਹਾਈ ਕੋਰਟ ਦੇ ਧਿਆਨ ਗੋਚਰੇ ਲਿਆਂਦਾ ਸੀ ਕਿ ਉਸ ਦੇ ਦੋਸਤ ਮੋਨੂ ਨੂੰ 96756 52432 ਮੋਬਾਇਲ ਨੰਬਰ ਤੋਂ ਕਾੱਲ ਆਈ ਤੇ ਫ਼ੋਨ ਕਰਨ ਵਾਲੇ ਆਪਣਾ ਨਾਂਅ ਓਮ ਪ੍ਰਕਾਸ਼ ਗੁਪਤਾ ਦੱਸਿਆ। ਉਸ ਨੇ ਇਹ ਵੀ ਦੱਸਿਆ ਕਿ ਉਹ ਹਾਈ ਕੋਰਟ ਵਿੱਚ ਅਸਿਸਟੈਂਟ ਰਜਿਸਟਰਾਰ ਵਜੋਂ ਕੰਮ ਕਰਦਾ ਹੈ। ਉਸ ਨੇ ਨੌਕਰੀ ਦਿਵਾਉਣ ਬਦਲੇ 40,000 ਰੁਪਏ ਮੰਗੇ।

ਕੈਥਲ ਤੋਂ ‘ਹਿੰਦੁਸਤਾਨ ਟਾਈਮਜ਼` ਨਾਲ ਗੱਲਬਾਤ ਦੌਰਾਨ ਮੋਨੂੰ ਨੇ ਦੱਸਿਆ ਕਿ ਉਸ ਨੇ ਬੀਤੇ ਫ਼ਰਵਰੀ ਮਹੀਨੇ ਦੌਰਾਨ ਹਾਈ ਕੋਰਟ ਵਿੱਚ ਸੁਰੱਖਿਆ ਗਾਰਡ ਦੀ ਆਸਾਮੀ ਲਈ ਅਰਜ਼ੀ ਦਿੱਤੀ ਸੀ। ਕੁੱਲ 14 ਆਸਾਮੀਆਂ ਸਨ। ਉਸ ਨੇ 25 ਮਾਰਚ ਨੂੰ ਇੰਟਰਵਿਊ ਵੀ ਦਿੱਤਾ ਸੀ।

ਬਾਅਦ `ਚ ਉਸ ਨੇ ਜਦੋਂ ਚੋਣ ਬਾਰੇ ਪਤਾ ਕੀਤਾ, ਤਾਂ ਉਸ ਨੂੰ ਦੱਸਿਆ ਗਿਆ ਕਿ ਉਸ ਦੀ ਨਿਯੁਕਤੀ ਨਹੀਂ ਹੋ ਸਕੀ ਹੈ।

ਪਰ ਬੀਤੀ 19 ਜੂਨ ਨੂੰ ਉਸ ਨੂੰ ਇੱਕ ਕਾਲ ਆਈ ਤੇ ਉਸ ਨੂੰ ਦੱਸਿਆ ਗਿਆ ਕਿ ਉਸ ਦਾ ਨਾਂਅ ‘ਉਡੀਕ ਸੂਚੀ` (ਵੇਟਿੰਗ ਲਿਸਟ) ਵਿੱਚ ਹੈ ਅਤੇ ਜੇ ਉਹ ਧਨ ਦੀ ਅਦਾਇਗੀ ਕਰੇ, ਤਾਂ ਉਸ ਨੁੰ ਨੌਕਰੀ ਮਿਲ ਸਕਦੀ ਹੈ।

ਮੋਨੂੰ ਨੇ ਦਾਅਵਾ ਕੀਤਾ ਕਿ ਕਾਲ ਕਰਨੇ ਵਾਲੇ ਨੇ ਉਸ ਨੂੰ 20,000 ਰੁਪਏ ਪੇਸ਼ਗੀ ਅਦਾ ਕਰਨ ਲਈ ਵੀ ਕਿਹਾ।

ਮਨਸਾ ਰਾਮ ਨੇ ਦੱਸਿਆ ਕਿ ਮੋਨੂੰ ਨੇ ਉਨ੍ਹਾਂ ਨੁੰ ਅਜਿਹੀ ਕਾਲ ਆਉਣ ਬਾਰੇ ਦੱਸਿਆ ਸੀ। ਜਦੋਂ ਮਨਸਾ ਰਾਮ ਨੇ ਉਸ ਨੰਬਰ `ਤੇ ਫ਼ੋਨ ਕੀਤਾ, ਤਾਂ ਅੱਗਿਓ. ਬੋਲਣ ਵਾਲੇ ਵਿਅਕਤੀ ਨੇ ਕਿਹਾ ਕਿ ਉਹ ਓਮ ਪ੍ਰਕਾਸ਼ ਹੈ ਤੇ ਉਨ੍ਹਾਂ ਨੂੰ ਹਾਈ ਕੋਰਟ ਦੀ ਕਾਰ ਪਾਰਕਿੰਗ ਕੋਲ ਆ ਕੇ ਰਕਮ ਅਦਾ ਕਰਨ ਲਈ ਕਿਹਾ।

ਮਨਸਾ ਰਾਮ ਨੇ ਦੱਸਿਆ ਕਿ ਉਹ ਕਾਰ ਪਾਰਕਿੰਗ ਕੋਲ ਗਏ ਪਰ ਉੱਥੇ ਕੋਈ ਨਹੀਂ ਪੁੱਜਾ। ਫਿਰ ਜਦੋਂ ਉਨ੍ਹਾਂ ਦੋਬਾਰਾ ਉਸੇ ਵਿਅਕਤੀ ਨੂੰ ਕਾਲ ਕੀਤੀ, ਤਾਂ ਉਸ ਨੇ ਰਕਮ ਆਨਲਾਈਨ ਟ੍ਰਾਂਸਫ਼ਰ ਕਰਨ ਲਈ ਕਿਹਾ।

ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਿਸ ਨੰਬਰ ਤੋਂ ਕਾਲਾਂ ਆ ਰਹੀਆਂ ਹਨ, ਉਹ ਦਿੱਲੀ ਦਾ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੰਝ ਜਾਪਦਾ ਹੈ ਕਿ ਕਾਲ ਕਰਨ ਵਾਲਿਆਂ ਕੋਲ ਕਿਸੇ ਤਰ੍ਹਾਂ ਬਿਨੈਕਾਰਾਂ ਦੇ ਅੰਕੜੇ ਪੁੱਜ ਗਏ ਹਨ ਤੇ ਹੁਣ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਅਜਿਹੀਆਂ ਤਿੰਨ ਹੋਰ ਸਿ਼ਕਾਇਤਾਂ ਹਨ।

ਇਸ ਸਬੰਧੀ ਧਾਰਾ 420 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:High court job applicants in chandigarh