ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਗ਼ਬਾਨੀ ਦਾ ਕਿੱਤਾ ਕਿਸਾਨਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਲਾਹੇਵੰਦ

ਬਾਗ਼ਬਾਨਾਂ ਨੂੰ ਫਰਵਰੀ ਮਹੀਨੇ ਦੌਰਾਨ ਬਾਗ਼ਬਾਨੀ ਰੁਝੇਵਿਆਂ ਤੋਂ ਜਾਣੂ ਕਰਵਾਇਆ

 

ਜ਼ਿਲ੍ਹਾ ਬਾਗ਼ਬਾਨੀ ਵਿਭਾਗ ਨੇ ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ ਫਰਵਰੀ ਮਹੀਨੇ ਦੇ ਬਾਗ਼ਬਾਨੀ ਰੁਝੇਵੇਂ ਜਾਰੀ ਕੀਤੇ ਹਨ। ਡਿਪਟੀ ਡਾਇਰੈਕਟਰ ਜਸਪਾਲ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨਾਂ ਦੀ ਆਮਦਨ ਵਾਧੇ ਵਿੱਚ ਬਾਗ਼ਬਾਨੀ ਸਹਾਈ ਸਿੱਧ ਹੋ ਸਕਦੀ ਹੈ। 

ਉਨ੍ਹਾਂ ਕਿਸਾਨਾਂ ਨੂੰ ਰਵਾਇਤੀ ਫ਼ਸਲਾਂ ਹੇਠ ਰਕਬਾ ਘਟਾ ਕੇ ਬਾਗ਼ਬਾਨੀ ਫ਼ਸਲਾਂ ਹੇਠ ਰਕਬਾ ਵਧਾਉਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਕਿਸਾਨ ਇਸ ਸਬੰਧੀ ਕਿਸੇ ਕਿਸਮ ਦੀ ਜਾਣਕਾਰੀ ਲਈ ਉਨ੍ਹਾਂ ਦੇ ਮੁੱਖ ਦਫ਼ਤਰ ਜਾਂ ਨੇੜੇ ਦੇ ਦਫ਼ਤਰ ਨਾਲ ਰਾਬਤਾ ਕਰ ਸਕਦੇ ਹਨ।

 

ਜਸਪਾਲ ਸਿੰਘ ਨੇ ਬਾਗ਼ਬਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਪੱਤਝੜ ਵਾਲੇ ਬੂਟੇ ਜਿਵੇਂ ਕਿ ਨਾਖ, ਆੜੂ ਅਤੇ ਅਲੂਚਾ ਆਦਿ ਨੂੰ ਨਵੀਂ ਫੋਟ ਆਉਣ ਤੋਂ ਪਹਿਲਾਂ ਲਗਾ ਦੇਣ। ਉਨ੍ਹਾਂ ਕਿਹਾ ਕਿ ਸਦਾਬਹਾਰ ਫ਼ਲਦਾਰ ਬੂਟੇ ਜਿਵੇਂ ਨਿੰਬੂ ਜਾਤੀ ਦੇ ਬੂਟੇ, ਅੰਬ ਅਤੇ ਅਮਰੂਦ ਆਦਿ ਨੂੰ ਫ਼ਰਵਰੀ ਦੇ ਦੂਜੇ ਪੰਦਰਵਾੜੇ ਵਿੱਚ ਲਗਾਇਆ ਜਾ ਸਕਦਾ ਹੈ। ਨਿੰਬੂ ਜਾਤੀ ਦੇ ਫਲਾਂ ਦੀ ਤੁੜਾਈ ਕਰਨ ਤੋਂ ਬਾਅਦ ਸੁਚੱਜੇ ਤਰੀਕੇ ਨਾਲ ਸੋਕ ਕੱਢ ਕੇ ਬੋਰਡੋ ਮਿਸ਼ਰਨ (2:2:250) ਜਾਂ ਬਲਾਈਟੌਕਸ 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਦੇਣਾ ਚਾਹੀਦਾ ਹੈ। 

 

ਕੱਟੇ ਹੋਏ ਭਾਗਾਂ ’ਤੇ ਬੋਰਡੋ ਪੇਸ਼ਟ ਲਗਾ ਦਿਉ ਅਤੇ ਹਫਤੇ ਬਾਅਦ ਤਣਿਆ ’ਤੇ ਸਫੈਦੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੱਧ ਫਰਵਰੀ ਦੌਰਾਨ ਨਿੰਬੂ ਜਾਤੀ ਦੇ ਫਲਾਂ ਦੇ ਬੂਟਿਆਂ ਨੂੰ ਖਾਦਾਂ ਪਾਉਣ ਦਾ ਢੁੱਕਵਾਂ ਸਮਾਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬੂਟਿਆਂ ਦੀ ਕਿਸਮ ਅਨੁਸਾਰ ਤੇ ਵਿਭਾਗ ਦੀਆਂ ਸਲਾਹਾਂ ਅਨੁਸਾਰ ਖਾਦਾਂ ਪਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਖਾਦਾਂ ਦੀਆਂ ਕਿਸਮਾਂ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਨੇੜੇ ਦੇ ਦਫ਼ਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।

 

ਡਿਪਟੀ ਡਾਇਰੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਲੁਕਾਠ ਦੇ ਬੂਟਿਆਂ ਨੂੰ 500 ਗ੍ਰਾਮ ਯੂਰੀਆ ਪ੍ਰਤੀ ਬੂਟਾ ਦੇ ਹਿਸਾਬ ਨਾਲ ਨਾਈਟ੍ਰੋਜਨ ਖਾਦ ਦੀ ਦੂਜੀ ਕਿਸ਼ਤ ਵਜੋਂ ਪਾਉਣੀ ਚਾਹੀਦੀ ਹੈ। ਪਪੀਤੇ ਦੇ ਬੂਟਿਆਂ ਨੂੰ 375 ਗ੍ਰਾਮ ਯੂਰੀਆ, 750 ਗ੍ਰਾਮ ਸਿੰਗਲ ਸੁਪਰਫਾਸਫੇਟ ਅਤੇ 125 ਗ੍ਰਾਮ ਮਿਊਰੇਟ ਆਫ਼ ਪੋਟਾਸ਼ ਦੋ ਕਿਸਤਾਂ ਵਿੱਚ ਅੱਧੀ ਅੱਧੀ ਫਰਵਰੀ ਅਤੇ ਅਗਸਤ ਵਿੱਚ ਪਾਉਣੀ ਹੈ। ਰੂੜੀ 5 ਕਿਲੋ ਪ੍ਰਤੀ ਪੌਦਾ ਪਾਉਣੀ ਹੈ। ਨਾਖਾਂ ਨੂੰ 500 ਗ੍ਰਾਮ ਯੂਰੀਆ, ਆੜੂਆਂ ਨੂੰ 500 ਗ੍ਰਾਮ ਯੂਰੀਆ ਫੁੱਲ ਪੈਣ ਤੋਂ ਪਿੱਛੋਂ, ਅਲੂਚੇ ਨੂੰ 180 ਗ੍ਰਾਮ ਯੂਰੀਆ ਫੁੱਲ ਪੈਣ ਤੋਂ ਪਿੱਛੋਂ ਇਸ ਮਹੀਨੇ ਪ੍ਰਤੀ ਬੂਟੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ। 

 

ਅੰਗੂਰਾਂ ਦੇ ਫ਼ਲ ਦਿੰਦੇ ਬੂਟਿਆਂ ਨੂੰ ਕਾਂਟ-ਛਾਂਟ ਤੋਂ ਬਾਅਦ 500 ਗ੍ਰਾਮ ਯੂਰੀਆ ਤੇ 400 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਬੂਟਾ ਦੀ ਵਰਤੋਂ ਕਰੋ। ਖਾਦ ਪਾਉਂਦੇ ਸਮੇਂ ਧਿਆਨ ਰੱਖੋ ਕਿ ਬੂਟੇ ਦੇ ਹੇਠਾਂ ਖਾਦ ਇੱਕਸਾਰ ਪਵੇ ਅਤੇ ਫਿਰ ਖਾਦਾਂ ਨੂੰ ਹਲਕੀ ਗੋਡੀ ਕਰਕੇ ਮਿੱਟੀ ਵਿੱਚ ਰਲਾ ਦਿਉ। ਨਿੰਬੂ ਜਾਤੀ ਦੇ ਬੂਟਿਆਂ ਦੀ ਸਿੰਚਾਈ ਵੱਲ ਧਿਆਨ ਦਿਉ ਕਿਉਂਕਿ ਫ਼ਰਵਰੀ ਮਹੀਨੇ ਹੀ ਇਨ੍ਹਾਂ ਦਾ ਫੁਟਾਰਾ ਹੋਵੇਗਾ। ਲੁਕਾਠ ਦੇ ਬੂਟਿਆਂ ਨੂੰ ਇੱਕ-ਦੋ ਪਾਣੀ ਦਿਉ ਕਿਉਂਕਿ ਫ਼ਲ ਪੈ ਚੁੱਕਾ ਹੈ। ਬੇਰ ਦੇ ਬੂਟਿਆਂ ਨੂੰ ਵੀ ਪਾਣੀ ਦਿਉ ਤਾਂ ਜੋ ਫ਼ਲ ਦਾ ਆਕਾਰ ਵਧੇ। 

 

ਫ਼ਰਵਰੀ ਦੇ ਪਹਿਲੇ ਪੰਦਰਵਾੜੇ ਵਿੱਚ ਅੰਗੂਰਾਂ ਦੀ ਕਾਂਟ-ਛਾਂਟ ਤੋਂ ਬਾਅਦ ਇੱਕ ਪਾਣੀ ਲਾਉ। ਨਿੰਬੂ ਜਾਤੀ ਦੇ ਬੂਟਿਆਂ ਦਾ ਸਿੱਟਰਸ ਸਿੱਲਾ ਅਤੇ ਸੁਰੰਗੀ ਕੀੜਾ ਮਾਰਨ ਲਈ 200 ਮਿਲੀਲਿਟਰ ਕਰੋਕੋਡਾਈਲ/ਕੰਨਫੀਡੋਰ ਜਾਂ 160 ਗ੍ਰਾਮ ਐਕਟਾਰਾ ਨੂੰ 500 ਲਿਟਰ ਪਾਣੀ ਵਿੱਚ ਘੋਲ ਕੇ ਫੁੱਲ ਆਉਣ ਤੋਂ ਪਹਿਲਾਂ ਛਿੜਕਾਅ ਕਰੋ।

 

ਸਿੱਟਰਸ ਕੈਂਕਰ ਰੋਕਣ ਲਈ ਸਟਰੈਪਟੋਸਾਈਕਲੀਨ 50 ਗ੍ਰਾਮ+25 ਗ੍ਰਾਮ ਨੀਲਾ ਥੋਥਾ 500 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਬੋਰਡੋ ਮਿਸ਼ਰਣ 2:2:250 ਜਾਂ 0.3% ਕੌਪਰ ਆਕਸੀਕਲੋਰਾਈਡ ਵੀ ਛਿੜਕਿਆ ਜਾ ਸਕਦਾ ਹੈ। ਨਿੰਬੂ ਜਾਤੀ ਵਿੱਚ ਗੂੰਦੀਆ (ਪੈਰ ਗਲਣਾ/ਹੇਠਾਂ ਤੋ ਤਣੇ ਦਾ ਗਲਣਾ) ਰੋਗ ਨੂੰ ਰੋਕਣ ਲਈ 25 ਗ੍ਰਾਮ ਕਰਜੇਟ ਐਮ-8 ਨੂੰ 10 ਲਿਟਰ ਪਾਣੀ ਪ੍ਰਤੀ ਬੂਟੇ ਦੇ ਹਿਸਾਬ ਨਾਲ ਬੂਟਿਆਂ ਦੇ ਆਲੇ-ਦੁਆਲੇ ਗੱੜੁਚ ਕਰੋ। 

 

ਇਸ ਤੋਂ ਇਲਾਵਾ ਇਸ ਦੀ ਰੋਕਥਾਮ ਲਈ ਸੋਡੀਅਮ ਹਾਈਪੋਕਲੋਰਾਈਟ (5%) 50 ਮਿ.ਲਿ. ਨੂੰ 10 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਬੂਟੇ ਦੇ ਹਿਸਾਬ ਨਾਲ ਮੁੱਢਾਂ ਅਤੇ ਛੱਤਰੀ ਹੇਠ ਛਿੜਕਿਆ ਜਾ ਸਕਦਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Horticulture is useful for empowering farmers economically