ਪੰਜਾਬ ਸਰਕਾਰ ਨੇ ਭਾਵੇਂ ‘ਤੰਦਰੁਸਤ ਪੰਜਾਬ` ਪ੍ਰੋਗਰਾਮ ਵਿੱਢਿਆ ਹੋਇਆ ਹੈ ਪਰ ਇਸ ਦੇ ਬਾਵਜੂਦ ਸਰਕਾਰੀ ਹਸਪਤਾਲਾਂ `ਚ ਡਾਕਟਰਾਂ ਦੀ ਬਹੁਤ ਜਿ਼ਆਦਾ ਘਾਟ ਰੜਕਦੀ ਹੈ। ਇਸੇ ਲਈ ਸਰਕਾਰ ਦੇ ਵੱਡੇ-ਵੱਡੇ ਦਾਅਵੇ ਵੀ ਛੋਟੇ ਹੀ ਜਾਪਦੇ ਹਨ।
ਸੰਗਰੂਰ ਜਿ਼ਲ੍ਹੇ `ਚ ਸ਼ੇਰਪੁਰ ਤੇ ਲੌਂਗੋਵਾਲ `ਚ ਦੋ ਕਮਿਊਨਿਟੀ ਹੈਲਥ ਸੈਂਟਰ ਇਸ ਵੇਲੇ ਬਿਨਾ ਮੈਡੀਕਲ ਅਫ਼ਸਰਾਂ ਤੋਂ ਹੀ ਚੱਲ ਰਹੇ ਹਨ। ਇਹ ਸਿਹਤ ਕੇਂਦਰ ਕਿਉਂਕਿ ਅੱਜ-ਕੱਲ੍ਹ ਨਸ਼ਾ-ਛੁਡਾਊ ਕੇਂਦਰਾਂ ਵਜੋਂ ਵੀ ਵਿਚਰ ਰਹੇ ਹਨ ਤੇ ਇੱਥੇ ਮਨੋਰੋਗ-ਵਿਗਿਆਨੀਆਂ ਦੀ ਘਾਟ ਚੱਲ ਰਹੀ ਹੈ। ਇਸ ਦੌਰਾਨ ਜਿ਼ਲ੍ਹੇ `ਚ 198 ਪ੍ਰਵਾਨਿਤ ਆਸਾਮੀਆਂ ਦੇ ਮੁਕਾਬਲੇ ਇਸ ਵੇਲੇ ਮੈਡੀਕਲ ਅਫ਼ਸਰਾਂ ਤੇ ਮਾਹਿਰਾਂ ਦੀਆਂ 108 ਆਸਾਮੀਆਂ ਖ਼ਾਲੀ ਪਈਆਂ ਹਨ।
ਡਾਕਟਰਾਂ ਦੀ ਵੱਡੀ ਘਾਟ ਕਾਰਨ ਸਿਵਲ ਹਸਪਤਾਲ ਸੰਗਰੂਰ ਦੇ ਮਾਹਿਰਾਂ ਨੂੰ ਰਾਤਾਂ ਦੀਆਂ ਡਿਊਟੀਆਂ ਕਰਨੀਆਂ ਪੈ ਰਹੀਆਂ ਹਨ; ਜਿਸ ਕਰਕੇ ਅਗਲੇ ਓਪੀਡੀ `ਚ ਔਕੜਾਂ ਪੇ਼ਸ ਆਉਂਦੀਆਂ ਹਨ। ਸਿਵਲ ਹਸਪਤਾਲ `ਚ ਮਾਹਿਰਾਂ ਤੇ ਮੈਡੀਕਲ ਅਫ਼ਸਰਾਂ ਦੀਆਂ 33 ਪ੍ਰਵਾਨਿਤ ਆਸਾਮੀਆਂ ਹਨ ਪਰ 11 ਆਸਾਮੀਆਂ ਖ਼ਾਲੀ ਪਈਆਂ ਹਨ।
ਸੀਨੀਅਰ ਮੈਡੀਕਲ ਆਫ਼ੀਸਰ ਡਾ. ਕ੍ਰਿਪਾਲ ਸਿੰਘ ਨੇ ਕਿਹਾ ਕਿ ਮੈਡੀਕਲ ਅਫ਼ਸਰਾਂ ਤੇ ਮਾਹਿਰਾਂ ਦੀ ਗੰਭੀਰ ਘਾਟ ਕਾਰਨ ਕੰਮ ਕਰਨਾ ਬਹੁਤ ਔਖਾ ਹੁੰਦਾ ਹੈ। ਅਸੀਂ ਰਾਤ ਵੇਲੇ ਐਮਰਜੈਂਸੀ ਵਾਰਡ `ਚ ਮਾਹਿਰਾਂ ਦੀ ਡਿਊਟੀ ਲਾਉਂਦੇ ਹਾਂ ਪਰ ਇਸ ਨਾਲ ਫਿਰ ਓਪੀਡੀ ਦਾ ਕੰਮ ਪ੍ਰਭਾਵਿਤ ਹੋ ਜਾਂਦਾ ਹੈ।
ਇੰਝ ਹੀ ਸ਼ੇਰਪੁਰ ਕਸਬੇ `ਚ ਵੀ ਮੈਡੀਕਲ ਅਫ਼ਸਰਾਂ ਦੀਆਂ 7 ਆਸਾਮੀਆਂ ਖ਼ਾਲੀ ਪਈਆਂ ਹਨ। ਹਸਪਤਾਲ ਇੱਕ ਡੈਂਟਿਸਟ ਚਲਾ ਰਿਹਾ ਹੈ। ਮੰਦੇਭਾਗੀਂ ਇਹ ਇਕੱਲਾ ਹਸਪਤਾਲ ਆਲੇ-ਦੁਆਲੇ ਦੇ 40 ਪਿੰਡਾਂ ਤੋਂ ਲਗਾਤਾਰ ਆਉਣ ਵਾਲੇ ਮਰੀਜ਼ਾਂ ਨੂੰ ਸੰਭਾਲਦਾ ਹੈ। ਉੱਧਰ ਲੌਂਗੋਵਾਲ `ਚ ਸਿਰਫ਼ ਇੱਕੋ-ਇੱਕ ਮਾਹਿਰ ਐੱਸਐੱਮਓ ਹੈ, ਜੋ ਪ੍ਰਸ਼ਾਸਨਿਕ ਆਸਾਮੀ ਹੈ।
ਲੌਂਗੋਵਾਲ ਦੇ ਐੱਸਐੱਮਓ ਡਾ. ਅੰਜੂ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਇੱਕ ਹਫ਼ਤੇ `ਚ ਦੋ ਦਿਨਾਂ ਲਈ ਦੋ ਮੈਡੀਕਲ ਅਫ਼ਸਰ ਡੈਪੂਟੇਸ਼ਨ `ਤੇ ਸੱਦੇ ਹਨ। ਪਰ ਉਸ ਸਮੇਂ ਦੌਰਾਨ ਵੀ ਉਨ੍ਹਾਂ ਨੂੰ ਕਈ ਵਾਰ ਅਦਾਲਤੀ ਸੁਣਵਾਈਆਂ ਲਈ ਜਾਣਾ ਪੈਂਦਾ ਹੈ। ਜਣੇਪਾ ਕਰਵਾਉਣ ਲਈ ਕੋਈ ਡਾਕਟਰ ਨਹੀਂ ਹੈ।
ਮਾਲੇਰਕੋਟਲਾ, ਸੁਨਾਮ, ਧੂਰੀ, ਮੂਣਕ, ਭਵਾਨੀਗੜ੍ਹ, ਕਹੂਰੀਆਂ ਤੇ ਅਮਰਗੜ੍ਹ ਦੇ ਸਰਕਾਰੀ ਹਸਪਤਾਲਾਂ `ਚ ਵੀ ਦ੍ਰਿਸ਼ ਲਗਭਗ ਇਹੋ ਜਿਹਾ ਹੀ ਹੈ। ਹਰ ਥਾਂ ਡਾਕਟਰਾਂ ਦੀ ਘਾਟ ਚੱਲ ਰਹੀ ਹੈ।
ਸ਼ੇਰਪੁਰ ਦੇ ਨਿਵਾਸੀਆਂ ਨੇ ਤਾਂ ਸਨਿੱਚਰਵਾਰ ਤੋਂ ਸ਼ੇਰਪੁਰ ਸਿਹਤ ਕੇਂਦਰ ਦੇ ਸਾਹਮਣੇ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕਰਨ ਦਾ ਐਲਾਨ ਕੀਤਾ ਹੋਇਆ ਹੈ। ਉਹ ਸਿਹਤ ਕੇਂਦਰ `ਚ ਲੋੜੀਂਦੇ ਡਾਕਟਰ ਨਿਯੁਕਤ ਕਰਨ ਦੀ ਮੰਗ ਕਰ ਰਹੇ ਹਨ।
ਲੋਕ ਮੰਚ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਬੜੀ ਨੇ ਦੱਸਿਆ ਕਿ ਉਨ੍ਹਾਂ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਸਮੇਤ ਕਈ ਮੰਤਰੀਆਂ ਨੂੰ ਇਸ ਸਬੰਧੀ ਮੰਗ-ਪੱਤਰ ਦਿੱਤੇ ਹਨ। ਸਨਿੱਚਰਵਾਰ ਨੁੰ ਇੱਕ ਮੀਟਿੰਗ ਸੱਦੀ ਗਈ ਹੈ, ਜੇ ਉਸ ਮੀਟਿੰਗ ਤੋਂ ਪਹਿਲਾਂ ਡਾਕਟਰਾਂ ਦੀ ਨਿਯੁਕਤੀ ਨਹੀਂ ਕੀਤੀ ਜਾਂਦੀ, ਤਦ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਘਨਸਿ਼ਆਮ ਦੋਰੀ ਨੇ ਦੱਸਿਆ ਕਿ ਦੋ ਪੱਕੇ ਮਨੋਰੋਗ ਵਿਗਿਆਨੀ ਸੰਗਰੂਰ ਤੇ ਮਾਲੇਰਕੋਟਲਾ ਦੇ ਹਸਪਤਾਲਾਂ `ਚ ਛੇਤੀ ਹੀ ਨਿਯੁਕਤ ਕਰ ਦਿੱਤੇ ਜਾਣਗੇ। ਇਸ ਸਬੰਧੀ ਵਧੀਕ ਮੁੱਖ ਸਕੱਤਰ ਨੂੰ ਵੀ ਲਿਖਿਆ ਗਿਆ ਹੈ।