ਫ਼ੋਟੋ: ਪਰਦੀਪ ਪੰਡਿਤ/ਫਗਵਾੜਾ, ਐਚਟੀ ਪੰਜਾਬ
ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਫਗਵਾੜਾ, ਦਾਖਾ, ਮੁਕੇਰੀਆਂ ਅਤੇ ਜਲਾਲਾਬਾਦ ਚ ਜ਼ਿਮਣੀ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਅੱਜ ਸੋਮਵਾਰ ਨੂੰ ਮੁਕੰਮਲ ਹੋ ਗਿਆ। ਇਸ ਦੇ ਨਾਲ ਹੀ ਜਲਾਲਾਬਾਦ ਵਿੱਚ ਇਕ ਹਿੰਸਕ ਝੜਪ ਹੋਣ ਦੀ ਖ਼ਬਰ ਹੈ। ਇਹ ਜਾਣਕਾਰੀ ਮੁੱਖ ਚੋਣ ਅਫਸਰ ਡਾ. ਐਸ ਕਰੁਣਾ ਰਾਜੂ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਲਈ ਅੱਜ ਵੋਟਾਂ ਪੈਣ ਦਾ ਕੰਮ ਅਮਨ-ਆਮਾਨ ਨਾਲ ਨੇਪਰੇ ਚੜਿਆ। ਸਿਰਫ ਇਕ ਘਟਨਾ ਨੂੰ ਛੱਡ ਕੇ ਵੋਟਾਂ ਪੈਣ ਦਾ ਅਮਲ ਸ਼ਾਂਤੀਪੂਰਵਕ ਰਿਹਾ ਅਤੇ ਲੋਕਾਂ ਨੇ ਬਿਨਾਂ ਕਿਸੇ ਡਰ-ਭੈਅ ਤੋਂ ਹੁੰਮਾ ਹੁਮਾ ਕੇ ਆਪਣੇ ਜ਼ਮੂਹਰੀ ਹੱਕ ਦਾ ਇਸੇਤਮਾਲ ਕੀਤਾ।
ਖਬਰ ਲਿਖੇ ਜਾਣ ਤੱਕ ਚਾਰ ਵਿਧਾਨ ਹਲਕਿਆਂ ਵਿੱਚ 65.57% ਫੀਸਦੀ ਵੋਟਿੰਗ ਦਰਜ ਕੀਤੀ ਗਈ।
ਵਿਧਾਨ ਸਭਾ ਹਲਕਾ ਨੰਬਰ 29 ਫਗਵਾੜਾ ਵਿੱਚ 55.97%
ਵਿਧਾਨ ਸਭਾ ਹਲਕਾ ਨੰਬਰ 39 ਮੁਕੇਰੀਆਂ ਵਿੱਚ 58.62%
ਵਿਧਾਨ ਸਭਾ ਹਲਕਾ ਨੰਬਰ 68 ਦਾਖਾ ਵਿੱਚ 71.64%
ਵਿਧਾਨ ਸਭਾ ਹਲਕਾ ਨੰਬਰ 79 ਜਲਾਲਾਬਾਦ ਵਿੱਚ 75.46% ਵੋਟਿੰਗ ਹੋਈ।
ਦੱਸਣਯੋਗ ਹੈ ਕਿ ਸਾਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਇਨ੍ਹਾਂ ਹਲਕਿਆਂ 'ਚ ਫਗਵਾੜਾ ਚ 72%, ਮੁਕੇਰੀਆਂ ਚ 70%, ਦਾਖਾ 81%, ਜਲਾਲਾਬਾਦ 87% ਵੋਟਾਂ ਪਈਆਂ ਸਨ।
ਮੁੱਖ ਚੋਣ ਅਫਸਰ ਨੇ ਸੂਬੇ ਦੇ ਲੋਕਾਂ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਸ਼ਾਂਤਮਈ ਤਰੀਕੇ ਨਾਲ ਵੋਟਾਂ ਪਾਈਆਂ। ਉਨਾਂ ਕਿਹਾ ਕਿ ਪੰਜਾਬ ਦੇ ਵੋਟਰਾਂ ਨੇ ਸ਼ਾਂਤਮਈ ਤਰੀਕੇ ਨਾਲ ਵੋਟਾਂ ਪਾ ਕੇ ਇਕ ਮਿਸਾਲ ਕਾਇਮ ਕੀਤੀ ਹੈ।
ਉਨਾਂ ਦੱਸਿਆ ਕਿ ਸਵੇਰੇ ਵੋਟਾਂ ਪਾਉਣ ਤੋਂ ਪਹਿਲਾਂ ਕਰਵਾਈ ਮੌਕ ਪੋਲ ਦੌਰਾਨ 11 ਬੈਲਟ ਯੂਨੀਟ, 11 ਕੰਟਰੋਲ ਯੂਨੀਟ ਅਤੇ 41 ਵੀ.ਵੀ.ਪੀ.ਏ.ਟੀ. ਮਸ਼ੀਨਾਂ ਬਦਲੀਆਂ ਗਈਆਂ ਜਦੋਂ ਕਿ ਵੋਟਾਂ ਪੈਣ ਦੀ ਪ੍ਰਕ੍ਰਿਆ ਦੌਰਾਨ 1 ਕੰਟਰੋਲ ਯੂਨੀਟ, 2 ਬੈਲਟ ਯੂਨੀਟ ਅਤੇ 34 ਵੀ.ਵੀ.ਪੀ.ਏ.ਟੀ. ਮਸ਼ੀਨਾਂ ਨੂੰ ਬਦਲਿਆ ਗਿਆ।
ਉਨਾਂ ਕਿਹਾ ਕਿ ਅੱਜ ਪੂਰਾ ਦਿਨ ਕਮਿਸ਼ਨ ਦੇ ਧਿਆਨ ਵਿੱਚ ਇਕ ਵੀ ਅਜਿਹੀ ਘਟਨਾ ਜਾਂ ਸ਼ਿਕਾਇਤ ਸਾਹਮਣੇ ਨਹੀਂ ਆਈ ਕਿ ਵੋਟਾਂ ਪੈਣ ਦੇ ਕੰਮ ਵਿੱਚ ਵਿਘਨ ਪਿਆ ਹੋਵੇ ਜਾਂ ਫੇਰ ਵੋਟਰਾਂ ਨੂੰ ਵੋਟ ਪਾਉਣ ਲਈ ਕਿਸੇ ਨੇ ਧੱਕੇਸ਼ਾਹੀ ਕੀਤੀ ਹੋਵੇ ਜਿਹੜੀ ਕਿ ਪੰਜਾਬ ਦੇ ਲੋਕਾਂ ਲਈ ਤਸੱਲੀ ਦੀ ਗੱਲ ਹੈ।
ਉਨ੍ਹਾਂ ਕਿਹਾ ਕਿ ਦਾਖਾ ਵਿਧਾਨ ਸਭਾ ਦੇ ਜਾਂਗਪੁਰ ਪਿੰਡ ਵਿੱਚ ਪੋਲਿੰਗ ਪਾਰਟੀ ਦੇ ਜਾਣ ਤੋਂ ਬਾਦ ਗੋਲੀ ਚੱਲਣ ਦੀ ਸੂਚਨਾ ਪ੍ਰਾਪਤ ਹੋਈ ਹੈ।