ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਿਸ–ਵੈਰੀਫ਼ਿਕੇਸ਼ਨ ਨਾਲ ਵਲਟੋਹਾ ਨੇ ਕਿਵੇਂ ਬਣਵਾ ਲਿਆ ਸੀ ਪਾਸਪੋਰਟ?

ਵਿਰਸਾ ਸਿੰਘ ਵਲਟੋਹਾ

ਸ਼੍ਰੋਮਣੀ ਅਕਾਲੀ ਦਲ ਦੇ ਦੋ ਵਾਰ ਵਿਧਾਇਕ ਰਹੇ ਵਿਰਸਾ ਸਿੰਘ ਵਲਟੋਹਾ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਕੁਝ ਗ਼ਲਤ ਕਾਰਨਾਂ ਕਰਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਹੁਣ ਉਨ੍ਹਾਂ ਦੇ ਪਾਸਪੋਰਟ ’ਤੇ ਸੁਆਲ ਉੱਠ ਖਲੋਏ ਹਨ ਕਿ ਆਖ਼ਰ ਜਦੋਂ ਉਹ 1983 ਦੌਰਾਨ ਪੱਟੀ ਦੇ ਡਾਕਟਰ ਦੇ ਹੋਏ ਕਤਲ ਕੇਸ ’ਚੋਂ ਬਰੀ ਨਹੀਂ ਹੋਏ ਸਨ, ਤਦ ਪੁਲਿਸ ਥਾਣੇ ਤੇ ਇੰਟੈਲੀਜੈਂਸ ਨੇ ਉਨ੍ਹਾਂ ਨੂੰ ਆਪਣੀਆਂ ਰਿਪੋਰਟਾਂ ਵਿੱਚ ‘ਕਲੀਨ–ਚਿਟ’ ਕਿਵੇਂ ਦੇ ਦਿੱਤੀ ਸੀ। ਉਸੇ ‘ਕਲੀਨ–ਚਿਟ’ ਦੇ ਆਧਾਰ ’ਤੇ ਸ੍ਰੀ ਵਿਰਸਾ ਸਿੰਘ ਵਲਟੋਹਾ ਹੁਰਾਂ ਦਾ ਪਾਸਪੋਰਟ ਸਾਲ 2009 ਦੌਰਾਨ ਬਣ ਗਿਆ ਸੀ।

 

 

ਹੁਣ ਜਿਹੜੀਆਂ ਪੁਲਿਸ ਰਿਪੋਰਟਾਂ ਰਾਹੀਂ ਸ੍ਰੀ ਵਲਟੋਹਾ ਨੂੰ ‘ਕਲੀਨ–ਚਿਟ’ ਮਿਲੀ ਸੀ; ਉਨ੍ਹਾਂ ਨੂੰ ਯਕੀਨੀ ਤੌਰ ’ਤੇ ‘ਗੁੰਮਰਾਹਕੁੰਨ’ ਕਰਾਰ ਦਿੱਤਾ ਜਾ ਸਕਦਾ ਹੈ। ਇਹ ‘ਕਲੀਨ–ਚਿਟ’ ਉਦੋਂ ਦਿੱਤੀ ਗਈ ਸੀ; ਜਦੋਂ ਉਹ 1983 ਦੌਰਾਨ ਪੱਟੀ ਦੇ ਡਾ. ਸੁਦਰਸ਼ਨ ਕੁਮਾਰ ਤ੍ਰੇਹਨ ਦੇ ਕਤਲ–ਕੇਸ ਦੇ ਮੁਲਜ਼ਮਾਂ ਵਿੱਚੋਂ ਇੱਕ ਸਨ।

ਪੁਲਿਸ–ਵੈਰੀਫ਼ਿਕੇਸ਼ਨ ਨਾਲ ਵਲਟੋਹਾ ਨੇ ਕਿਵੇਂ ਬਣਵਾ ਲਿਆ ਸੀ ਪਾਸਪੋਰਟ?

 

ਸ੍ਰੀ ਤ੍ਰੇਹਨ ਦਾ ਕਤਲ 30 ਸਤੰਬਰ, 1983 ਨੂੰ ਉਨ੍ਹਾਂ ਦੇ ਆਪਣੇ ਕਲੀਨਿਕ ਵਿੱਚ ਹੀ ਹੋਇਆ ਸੀ। ਇਹ ਮਾਮਲਾ ਪੱਟੀ ਥਾਣੇ ’ਚ ਦਰਜ ਹੈ। ਇਹ ਕਤਲ ਕੇਸ ਹਾਲੇ ਵੀ ਅਣਸੁਲਝਿਆ ਪਿਆ ਹੈ।

 

 

ਇਸ ਦੇ ਬਾਵਜੂਦ ਪੁਲਿਸ ਵੈਰੀਫ਼ਿਕੇਸ਼ਨ ਰਿਪੋਰਟ ਤਰਨ ਤਾਰਨ ਦੇ ਐੱਸਐੱਸਪੀ ਤੇ ਰੀਜਨਲ ਪਾਸਪੋਰਟ ਅਫ਼ਸਰ–ਅੰਮ੍ਰਿਤਸਰ ਨੂੰ ਭੇਜੀ ਗਈ ਤੇ ਵਲਟੋਹਾ ਨੂੰ 20 ਜੁਲਾਈ, 2009 ਨੂੰ ਕਲੀਨ–ਚਿਟ ਦਿੱਤੀ ਗਈ; ਜਦ ਕਿ ਉਹ ਡਾਕਟਰ ਦੇ ਕਤਲ–ਕੇਸ ਵਿੱਚੋਂ ਬਰੀ ਵੀ ਨਹੀਂ ਹੋਏ ਸਨ।

 

 

ਪੱਟੀ ਪੁਲਿਸ ਥਾਣੇ ਦੇ ਮੁਨਸ਼ੀ (ਜੋ ਆਮ ਤੌਰ ਤੇ ਹੌਲਦਾਰ ਰੈਂਕ ਦਾ ਕਲਰਕ ਹੁੰਦਾ ਹੈ) ਦੀ ਰਿਪੋਰਟ ਉੱਤੇ ਐੱਸਐੱਚਓ ਦੇ ਦਸਤਖ਼ਤ ਤੇ ਉਸ ਦੀ ਮੋਹਰ ਅਤੇ ਸਬੰਧਤ ਡੀਐੱਸਪੀ ਦੇ ਹਸਤਾਖਰ ਤੇ ਮੋਹਰ ਮੌਜੂਦ ਹਨ। ਇਨ੍ਹਾਂ ਸਾਰੇ ਪੁਲਿਸ ਅਧਿਕਾਰੀਆਂ ਤੋਂ ਬਾਕਾਇਦਾ ਸੁਆਲ ਪੁੱਛੇ ਗਏ ਸਨ ਕਿ ਕੀ ਬਿਨੈਕਾਰ ਵਿਰੁੱਧ ਕੋਈ ਅਪਰਾਧਕ ਦੋਸ਼ ਤਾਂ ਨਹੀਂ ਲੱਗੇ ਹੋਏ।

ਪੁਲਿਸ–ਵੈਰੀਫ਼ਿਕੇਸ਼ਨ ਨਾਲ ਵਲਟੋਹਾ ਨੇ ਕਿਵੇਂ ਬਣਵਾ ਲਿਆ ਸੀ ਪਾਸਪੋਰਟ?

 

10 ਸਤੰਬਰ 2009 ਨੂੰ ਉਦੋਂ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ – ਇੰਟੈਲੀਜੈਂਸ ਨੇ ਤਰਨ ਤਾਰਨ ਦੇ ਐੱਸਐੱਸਪੀ ਨੂੰ ਚਿੱਠੀਭੇਜੀ ਸੀ ਤੇ ਉਸੇ ਵਰ੍ਹੇ 23 ਜੁਲਾਈ ਤੇ 7 ਸਤੰਬਰ ਨੂੰ ਐੱਸਐੱਸਪੀ ਨੇ ਬਾਕਾਇਦਾ ਅਧਿਕਾਰਤ ਤੌਰ ’ਤੇ ਜਵਾਬ ਭੇਜੇ ਸਨ; ਤਦ ਇਹ ਵੀ ਆਖਿਆ ਗਿਆ ਸੀ ਕਿ ਉਨ੍ਹਾਂ ਦੇ ਦਫ਼ਤਰ ਨੁੰ ਸ੍ਰੀ ਵਲਟੋਹਾ ਨੂੰ ਪਾਸਪੋਰਟ ਕੀਤੇ ਜਾਣ ਉੱਤੇ ਕੋਈ ਇਤਰਾਜ਼ ਨਹੀਂ ਹੈ। ਇਸ ਮਾਮਲੇ ਦਾ ਦਿਲਚਸਪ ਪੱਖ ਇਹ ਵੀ ਹੈ ਕਿ ਉਸ ਵੇਲੇ ਏਡੀਜੀਪੀ–ਇੰਟੈਲੀਜੈਂਸ ਹੋਰ ਕੋਈ ਨਹੀਂ, ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਸਨ; ਜਿਨ੍ਹਾਂ ਨੇ ‘ਹਿੰਦੁਸਤਾਨ ਟਾਈਮਜ਼’ ਵੱਲੋਂ ਵਾਰ–ਵਾਰ ਕੀਤੇ ਜਤਨਾਂ ਦੇ ਬਾਵਜੂਦ ਕੋਈ ਟਿੱਪਣੀ ਨਹੀਂ ਕੀਤੀ।

 

 

ਪੁਲਿਸ ਤੇ ਇੰਟੈਲੀਜੈਂਸ ਦੀਆਂ ਕਲੀਨ–ਚਿਟਸ ਮਿਲਣ ਤੋਂ ਬਾਅਦ ਸ੍ਰੀ ਵਲਟੋਹਾ ਦਾ ਪਾਸਪੋਰਟ 17 ਸਤੰਬਰ, ,2009 ਨੂੰ ਜਾਰੀ ਕਰ ਦਿੱਤਾ ਗਿਆ ਸੀ; ਜਿਸ ਦੀ ਵੈਧਤਾ 10 ਸਾਲ ਹੈ। ਉਸ ਵੇਲੇ ਪੰਜਾਬ ਵਿੱਚ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਅਕਾਲੀ ਸਰਕਾਰ ਸੀ ਤੇ ਸ੍ਰੀ ਵਲਟੋਹਾ ਤਦ ਵਿਧਾਇਕ (MLA) ਸਨ।

 

 

ਵੈਰੀਫ਼ਿਕੇਸ਼ਨ ਰਿਪੋਰਟ ਜਾਰੀ ਕੀਤੇ ਜਾਣ ਸਮੇਂ ਜਾਂਚ ਅਧਿਕਾਰੀ ਮਲਕੀਤ ਸਿੰਘ ਸਨ ਤੇ ਐੱਸਐੱਚਓ ਸੁਰਜੀਤ ਸਿੰਘ ਬੁੱਟਰ ਅਤੇ ਡੀਐੱਸਪੀ ਕ੍ਰਿਪਾਲ ਸਿੰਘ ਸਨ; ਜੋ ਇਸ ਵੇਲੇ ਅੰਮ੍ਰਿਤਸਰ ਸਪੈਸ਼ਲ ਟਾਸਕ ਫ਼ੋਰਸ (STF) ਨਾਲ ਹਨ। ਡੀਐੱਸਪੀ ਨੇ ਕਿਹਾ ਕਿ ਉਨ੍ਹਾਂ ਦੀ ਭੂਮਿਕਾ ਸਿਰਫ਼ ਸਬੰਧਤ ਮੁਨਸ਼ੀ ਦੀ ਰਿਪੋਰਟ ’ਤੇ ਮੋਹਰ ਲਾਉਣ ਤੇ ਹਸਤਾਖਰ ਕੀਤੇ ਜਾਣ ਤੱਕ ਹੀ ਸੀਮਤ ਸੀ ਕਿਉਂਕਿ ਉਸ ਦੀ ਪੂਰੀ ਪੜਤਾਲ ਪਹਿਲਾਂ ਐੱਸਐੱਚਓ ਵੱਲੋਂ ਕੀਤੀ ਜਾ ਚੁੱਕੀ ਸੀ।

 

 

ਇਸ ਦੌਰਾਨ ਤਰਨ ਤਾਰਨ ਦੇ ਐੱਸਐੱਸਪੀ ਦਰਸ਼ਨ ਸਿੰਘ ਮਾਨ ਹੁਰਾਂ ਦੱਸਿਆ ਕਿ ਜਾਂਚ ਚੱਲ ਰਹੀ ਹੈ ਤੇ ਸਾਰੇ ਸਬੰਧਤ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।

 

 

ਸ੍ਰੀ ਵਲਟੋਹਾ ਨੂੰ 1984 ਦੇ ਬਲੂ–ਸਟਾਰ ਆਪਰੇਸ਼ਨ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਫਿਰ ਉਨ੍ਹਾਂ ਨੂੰ ਜੋਧਪੁਰ ਤੇ ਤਿਹਾੜ ਜੇਲ੍ਹਾਂ ਵਿੱਚ ਰੱਖਿਆ ਗਿਆ ਸੀ। ਪੱਟੀ ਪੁਲਿਸ ਨੇ ਸ੍ਰੀ ਵਲਟੋਹਾ ਨੂੰ ਕਦੇ ਗ੍ਰਿਫ਼ਤਾਰ ਨਹੀਂ ਕੀਤਾ; ਜਦ ਕਿ ਅਦਾਲਤ ਉਨ੍ਹਾਂ ਨੂੰ ਭਗੋੜਾ ਵੀ ਐਲਾਨ ਚੁੱਕੀ ਸੀ। ਇਸ ਸਭ ਦੇ ਬਾਵਜੂਦ ਵਲਟੋਹਾ ਨੇ ਕਿਵੇਂ ਨਾ ਕਿਵੇਂ ਜ਼ਮਾਨਤ ਮਨਜ਼ੂਰ ਕਰਵਾ ਲਈ ਤੇ ਪੁਲਿਸ ਨੇ ਇਸ ਦੌਰਾਨ ਇਸ ਮਾਮਲੇ ਵਿੱਚ ਕੋਈ ਚਾਰਜਸ਼ੀਟ ਪੇਸ਼ (ਦੋਸ਼–ਪੱਤਰ ਆਇਦ) ਨਹੀਂ ਕੀਤੀ।

 

 

ਇਸੇ ਦੌਰਾਨ ਹੋਰ ਵੀ ਹੈਰਾਨੀਜਨਕ ਭਾਣਾ ਵਰਤਿਆ –– ਪੁਲਿਸ ਥਾਣੇ ਤੋਂ ਕੇਸ ਦੀਆਂ ਫ਼ਾਈਲਾਂ ਹੀ ਗ਼ਾਇਬ ਹੋ ਗਈਆਂ। ਛਮਾਹੀ ਰਿਪੋਰਟਾਂ ਵੀ ਨਹੀਂ ਮਿਲੀਆਂ ਤੇ ਨਾ ਹੀ ਇਸ ਮਾਮਲੇ ’ਤੇ ਕਦੇ ਕੋਈ ਰਿਪੋਰਟ ਹੀ ਪੇਸ਼ ਕੀਤੀ ਗਈ। ਹੁਣ ਹਕੀਕਤ ਤਾਂ ਇਹ ਹੈ ਕਿ ਸ੍ਰੀ ਵਲਟੋਹਾ ਇਸ ਵੇਲੇ ਸਬੰਧਤ ਪੁਲਿਸ ਥਾਣੇ ਦੇ ਰਿਕਾਰਡ ਵਿੱਚ ਭਗੌੜੇ ਹਨ। ‘ਹਿੰਦੁਸਤਾਨ ਟਾਈਮਜ਼’ ਕੋਲ ਸਾਰੀਆਂ ਰਿਪੋਰਟਾਂ ਤੇ ਦਸਤਾਵੇਜ਼ ਹਨ।

 

 

ਉੱਧਰ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਐਡਵੋਕੇਟ ਆਰਐੱਸ ਬੈਂਸ ਨੇ ਕਿਹਾ ਕਿ ਇਹ ਬਹੁਤ ਸਦਮੇ ਵਾਲੀ ਗੱਲ ਹੈ ਕਿ ਅਪਰਾਧਕ ਦੋਸ਼ ਲੱਗੇ ਹੋਣ ਦੇ ਬਾਵਜੂਦ ਸ੍ਰੀ ਵਲਟੋਹਾ ਨੂੰ ‘ਕਲੀਨ–ਚਿਟ’ ਮਿਲ ਗਈ।

ਪੁਲਿਸ–ਵੈਰੀਫ਼ਿਕੇਸ਼ਨ ਨਾਲ ਵਲਟੋਹਾ ਨੇ ਕਿਵੇਂ ਬਣਵਾ ਲਿਆ ਸੀ ਪਾਸਪੋਰਟ?

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:How Valoha got Passport with Police Verification