ਡਾਕਟਰਾਂ ਨੇ ਛੇ ਵਰ੍ਹਿਆ ਦੀ ਇੱਕ ਕੁੜੀ ਗੁਰਜੋਤ ਕੌਰ ਦੀ ਛੋਟੀ ਆਂਦਰ ਦਾ ਆਪਰੇਸ਼ਨ ਕਰ ਕੇ ਵਾਲਾਂ ਦਾ ਇੱਕ ਮੋਟਾ ਗੁੱਛਾ ਕੱਢ ਦਿੱਤਾ ਹੈ। ਇਸ ਕੁੜੀ ਨੂੰ ਅਜੀਬ ਕਿਸਮ ਦੀ ਬੀਮਾਰੀ ਸੀ, ਜਿਸ ਵਿੱਚ ਉਹ ਆਪਣੇ ਹੀ ਸਿਰ ਦੇ ਵਾਲ ਪੁੱਟ-ਪੁੱਟ ਕੇ ਖਾਂਦੀ ਰਹਿੰਦੀ ਸੀ - ਇਸ ਨੂੰ ਰੈਪੁੰਜ਼ਲ ਸਿੰਡ੍ਰੋਮ ਵੀ ਕਿਹਾ ਜਾਂਦਾ ਹੈ। ਡਾਕਟਰਾਂ ਅਨੁਸਾਰ ਸਮੇਂ ਦੇ ਨਾਲ ਇਸ ਕੁੜੀ ਵਿੱਚ ਰੈਪੁੰਜ਼ਲ ਸਿੰਡ੍ਰੋਮ ਵਿਕਸਤ ਹੋ ਗਿਆ ਸੀ। ਇਸ ਸਿੰਡ੍ਰੋਮ ਦਾ ਨਾਂਅ ਜਗਤ-ਪ੍ਰਸਿੱਧ ਲੇਖਕ ਬ੍ਰਦਰਜ਼ ਗ੍ਰਿਮ ਦੀ ਪਰੀਆਂ ਦੀ ਕਹਾਣੀ ਦੇ ਇੱਕ ਕੁੜੀ ਰੈਪੁੰਜ਼ਲ ਦੇ ਕਿਰਦਾਰ `ਤੇ ਰੱਖਿਆ ਗਿਆ ਹੈ, ਜਿਸ ਦੇ ਵਾਲ ਬਹੁਤ ਲੰਮੇ ਸਨ।
ਮਾਪਿਆਂ ਅਨੁਸਾਰ ਇਹ ਕੁੜੀ ਪਿਛਲੇ ਛੇ ਮਹੀਨਿਆਂ ਤੋਂ ਆਪਣੇ ਹੀ ਵਾਲ ਖਾ ਰਹੀ ਸੀ, ਜਿਹੜੇ ਹੌਲੀ-ਹੌਲੀ ਉਸ ਦੇ ਢਿੱਡ ਵਿੱਚ ਫਸਦੇ ਜਾ ਰਹੇ ਸਨ, ਜਿਨ੍ਹਾਂ ਕਾਰਨ ਉਸ ਦੇ ਢਿੱਡ ਵਿੱਚ ਦਰਦ ਰਹਿਣ ਲੱਗ ਪਿਆ ਸੀ।
ਜਦੋਂ ਦਰਦ ਵਧਣ ਲੱਗਾ, ਤਦ ਗੁਰਜੋਤ ਨੂੰ ਪੱਖੋਵਾਲ ਰੋਡ ਨੇੜੇ ਅਨਮੋਲ ਹਸਪਤਾਲ `ਚ ਚੈੱਕ ਕਰਵਾਇਆ ਗਿਆ। ਡਾਕਟਰਾਂ ਨੇ ਅਲਟ੍ਰਾਸਾਊਂ੍ਹਡ ਕੀਤਾ ਤੇ ਉਸ ਦੇ ਢਿੱਡ ਅੰਦਰ ਕਿਸੇ ਗੋਲ ਜਿਹੀ ਚੀਜ਼ ਦੇ ਮੌਜੂਦ ਹੋਣ ਬਾਰੇ ਜਾਣਕਾਰੀ ਮਿਲੀ।
ਬਾਅਦ `ਚ ਜਦੋਂ ਬੱਚੀ ਦੀ ਐਂਡੋਸਕੋਪੀ ਕੀਤੀ ਗਈ, ਤਦ ਡਾਕਟਰਾਂ ਨੂੰ ਪਤਾ ਲੱਗਾ ਕਿ ਗੁਰਜੋਤ ਕੌਰ ਨੂੰ ਆਪਣੇ ਹੀ ਵਾਲ ਖਾਣ ਦੀ ਇਜਾਜ਼ਤ ਪੈ ਗਈ ਸੀ। ਪੁੱਛੇ ਜਾਣ `ਤੇ ਸਰਜਨ ਡਾ. ਦਲਜੀਤ ਸਿੰਘ ਨੇ ਦੱਸਿਆ,‘ਜਿਹੜੇ ਬੱਚੇ ਖ਼ੁਦ ਨੂੰ ਇਕੱਲੇ ਮਹਿਸੂਸ ਕਰਦੇ ਹਨ, ਜਾਂ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਸਹੀ ਸਮਾਂ ਨਹੀਂ ਦੇ ਪਾਉਂਦੇ, ਇਹ ਸਿੰਡ੍ਰੋਮ ਉਨ੍ਹਾਂ ਵਿੱਚ ਵਿਕਸਤ ਹੋ ਜਾਂਦਾ ਹੈ। ਇਸ ਮਾਮਲੇ `ਚ ਗੁਰਜੋਤ ਕੌਰ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਬੱਚੀ ਪਿਛਲੇ ਛੇ ਮਹੀਨਿਆਂ ਤੋਂ ਵਾਲ ਖਾ ਰਹੀ ਸੀ ਪਰ ਜਿੰਨਾ ਵੱਡਾ ਗੁੱਛਾ ਉਸ ਦੇ ਢਿੱਡ `ਚੋਂ ਨਿੱਕਲਿਆ ਹੈ, ਉਸ ਤੋਂ ਤਾਂ ਇਹੋ ਲੱਗਦਾਾ ਹੈ ਕਿ ਜਿਵੇਂ ਉਹ ਬਚਪਨ ਤੋਂ ਹੀ ਆਪਣੇ ਵਾਲ ਖਾਂਦੀ ਰਹੀ ਹੋਵੇ। ਇਸ ਤੋਂ ਇਲਾਵਾ ਬੱਚੀ ਨੂੰ ਕਣਕ ਤੋਂ ਵੀ ਐਲਰਜੀ ਸੀ।`