ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਵਾਮਾ ਹਮਲੇ ਪਿੱਛੋਂ ਵਾਹਗਾ ਬਾਰਡਰ ’ਤੇ ਫਸੇ ਖੜ੍ਹੇ ਸੈਂਕੜੇ ਪਾਕਿਸਤਾਨੀ ਟਰੱਕ

ਪੁਲਵਾਮਾ ਹਮਲੇ ਪਿੱਛੋਂ ਵਾਹਗਾ ਬਾਰਡਰ ’ਤੇ ਫਸੇ ਖੜ੍ਹੇ ਸੈਂਕੜੇ ਪਾਕਿਸਤਾਨੀ ਟਰੱਕ

ਪਾਕਿਸਤਾਨ ਤੋਂ ਭਾਰਤ ਦਰਾਮਦ ਹੋਣ ਵਾਲੀਆਂ ਵਸਤਾਂ ਬੀਤੀ 16 ਫ਼ਰਵਰੀ ਤੋਂ ਹੀ ਵਾਹਗਾ ਬਾਰਡਰ ’ਤੇ ਰੁਕੀਆਂ ਹੋਈਆਂ ਹਨ। ਭਾਰਤ ਸਰਕਾਰ ਨੇ ਉਸੇ ਦਿਨ ਪਾਕਿਸਤਾਨੀ ਵਸਤਾਂ ਉੱਤੇ ਕਸਟਮਜ਼ ਡਿਊਟੀ ਵਧਾ ਕੇ 200% ਕਰ ਦਿੱਤੀ ਸੀ; ਜਦ ਕਿ ਪਹਿਲਾਂ ਇਹ ਸਿਰਫ਼ 5% ਸੀ। ਉਸ ਦਿਨ ਤੋਂ ਬਾਅਦ ਇੱਕ ਵੀ ਟਰੱਕ ਪਾਕਿਸਤਾਨ ਤੋਂ ਭਾਰਤ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਗਿਆ ਕਿਉਂਕਿ ਸਥਾਨਕ ਕਾਰੋਬਾਰੀ ਵਧੀ ਹੋਈ ਕਸਟਮਜ਼ ਡਿਊਟੀ ਕਿਸੇ ਵੀ ਹਾਲਤ ਵਿੱਚ ਅਦਾ ਕਰਨ ਨੂੰ ਤਿਆਰ ਨਹੀਂ ਹਨ। ਇਹ ਡਿਊਟੀ ਬੀਤੀ 14 ਫ਼ਰਵਰੀ ਨੂੰ ਕਸ਼ਮੀਰ ਦੇ ਪੁਲਵਾਮਾ ਵਿਖੇ ਦਹਿਸ਼ਤਗਰਦ ਹਮਲੇ ਦੌਰਾਨ ਸੀਆਰਪੀਐੱਫ਼ ਦੇ 45 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਰੋਹ ਤੇ ਰੋਸ ਵਜੋਂ ਵਧਾਈ ਗਈ ਸੀ। ਇਸ ਦੇ ਨਾਲ ਹੀ ਪਾਕਿਸਤਾਨ ਤੋਂ ‘ਮੋਸਟ ਫ਼ੇਵਰਡ ਨੇਸ਼ਨ’ (MFN) ਦਾ ਦਰਜਾ ਵੀ ਵਾਪਸ ਲੈ ਲਿਆ ਗਿਆ ਸੀ।

 

 

ਅਟਾਰੀ ਸਥਿਤ ‘ਲੈਂਡ ਪੋਰਟਸ ਅਥਾਰਟੀ ਆਫ਼ ਇੰਡੀਆ’ (LPAI) ਦੇ ਮੈਨੇਜਰ ਸ੍ਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਸੀਮਿੰਟ, ਜਿਪਸਮ, ਗ੍ਰੇਨਾਈਟ ਤੇ ਸੁੱਕੀਆਂ ਖਜੂਰਾਂ ਨਾਲ ਲੱਦੇ 200 (ਕੁਝ ਅਪੁਸ਼ਟ ਸੂਤਰਾਂ ਮੁਤਾਬਕ 500) ਤੋਂ ਵੱਧ ਟਰੱਕ ਪਾਕਿਸਤਾਨ ਵਾਲੇ ਪਾਸੇ ਵਾਹਗਾ ਬਾਰਡਰ ਉੱਤੇ ਫਸੇ ਖੜ੍ਹੇ ਹਨ। ਇੱਥੇ ਵਰਨਣਯੋਗ ਹੈ ਕਿ ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਨਾਲ ਭਾਰਤ ਦਾ ਜ਼ਿਆਦਾਤਰ ਕਾਰੋਬਾਰ ਇਸੇ ਬਾਰਡਰ ਰਾਹੀਂ ਚੱਲਦਾ ਰਿਹਾ ਹੈ।

 

 

LPAI ਦੇ ਇੱਕ ਹੋਰ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਪਾਕਿਸਤਾਨੀ ਡਰਾਇਵਰ ਵਾਹਗਾ ਬਾਰਡਰ ਪਾਰ ਕਰਨ ਦੀ ਉਡੀਕ ਕਰ ਰਹੇ ਹਨ। ਉਂਝ ਅਫ਼ਗ਼ਾਨਿਸਤਾਨ ਤੋਂ ਆਉਣ ਵਾਲੀਆਂ ਵਸਤਾਂ ਉੱਤੇ ਕੋਈ ਡਿਊਟੀ ਨਹੀਂ ਵਧੀ ਹੈ, ਜਿਸ ਕਾਰਨ ਉਨ੍ਹਾਂ ਦੀ ਆਮਦ ਲਗਾਤਾਰ ਜਾਰੀ ਹੈ। ਸਨਿੱਚਰਵਾਰ ਨੂੰ ਸੁੱਕੇ ਮੇਵਿਆਂ ਨਾਲ ਲੱਦੇ ਸੱਤ ਟਰੱਕ ਅਫ਼ਗ਼ਾਨਿਸਤਾਨ ਤੋਂ ਆਏ ਸਨ। ਉਂਝ ਭਾਰਤ ਤੋਂ ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਵੱਲ ਕੁਝ ਨਿਸ਼ਚਤ ਵਸਤਾਂ ਦੀ ਬਰਾਮਦ ਬਾਦਸਤੂਰ ਜਾਰੀ ਹੈ।

 

LPAI ਮੈਨੇਜਰ ਨੇ ਇਹ ਵੀ ਦੱਸਿਆ ਕਿ ਸਨਿੱਚਰਵਾਰ ਨੂੰ ਇਸੇ ਸਰਹੱਦ ਰਾਹੀਂ ਸੂਤ ਤੇ ਪਲਾਸਟਿਕ ਦੇ ਗ੍ਰੈਨਿਯੂਲਜ਼ ਨਾਲ ਲੱਦੇ 10 ਟਰੱਕ ਪਾਕਿਸਤਾਨ ਨੂੰ ਬਰਾਮਦ ਕੀਤੇ ਗਏ ਹਨ।

ਪੁਲਵਾਮਾ ਹਮਲੇ ਪਿੱਛੋਂ ਵਾਹਗਾ ਬਾਰਡਰ ’ਤੇ ਫਸੇ ਖੜ੍ਹੇ ਸੈਂਕੜੇ ਪਾਕਿਸਤਾਨੀ ਟਰੱਕ

 

ਇਸ ਤੋਂ ਇਲਾਵਾ ਕਸਟਮਜ਼ ਡਿਊਟੀ 200% ਕੀਤੇ ਜਾਣ ਤੋਂ ਪਹਿਲਾਂ ਬੀਤੀ 16 ਫ਼ਰਵਰੀ ਨੂੰ ਜਿਹੜੇ ਟਰੱਕ ਪਾਕਿਸਤਾਨ ਤੋਂ ਭਾਰਤ ਦੀ ਸਰਹੱਦ ਅੰਦਰ ਆ ਗਏ ਸਨ, ਉਹ ਭਾਰਤੀ ਕਾਰੋਬਾਰੀਆਂ ਦੇ ਵੀ ਹਨ ਪਰ ਹਾਲੇ ਉਹ ਵੀ ਅਟਾਰੀ ਬਾਰਡਰ ਉੱਤੇ ਫਸੇ ਖੜ੍ਹੇ ਹਨ। ਪਾਕਿਸਤਾਨ ਤੋਂ ਸੀਮਿੰਟ ਦਾ ਇੱਕ ਥੈਲਾ ਉਂਝ ਤਾਂ 200 ਰੁਪਏ ਦਾ ਆਉਂਦਾ ਹੈ ਪਰ ਡਿਊਟੀ ਵਧਣ ਤੋਂ ਬਾਅਦ ਇਸ ਦੀ ਕੀਮਤ ਹੁਣ 700 ਰੁਪਏ ਹੋ ਗਈ ਹੈ।

 

 

‘ਇੰਡੋ–ਪਾਕਿ ਚੈਂਬਰ ਆਫ਼ ਕਾਮਰਸ ਐਂਡ ਇੰਡਸਟ੍ਰੀ’ ਦੇ ਪ੍ਰਧਾਨ ਪ੍ਰਦੀਪ ਸਹਿਗਲ ਨੇ ਕਿਹਾ ਕਿ ਗੁਆਂਢੀ ਦੇਸ਼ ਪਾਕਿਸਤਾਨ ਨੂੰ ਆਰਥਿਕ ਢਾਹ ਲਾਉਣ ਦਾ ਭਾਰਤ ਦਾ ਫ਼ੈਸਲਾ ਹੈ ਤਾਂ ਵਧੀਆ ਪਰ ਸਾਡੀ ਸਰਕਾਰ ਨੂੰ ਉਨ੍ਹਾਂ ਲੋਕਾਂ ਬਾਰੇ ਵੀ ਸੋਚਣਾ ਚਾਹੀਦਾ ਹੈ, ਜਿਨ੍ਹਾਂ ਦੀ ਰੋਜ਼ੀ–ਰੋਟੀ ਇਸੇ ਬਾਰਡਰ ਤੋਂ ਚੱਲਦੀ ਹੈ। ਇੱਥੇ 1,500 ਵਰਕਰ ਤੇ ਕੁਲੀ ਕੰਮ ਕਰਦੇ ਹਨ। ਸਰਕਾਰ ਨੂੰ ਉਨ੍ਹਾਂ ਦੇ ਰੁਜ਼ਗਾਰ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ।

 

 

ਇਸ ਦੌਰਾਨ ਆਈਸੀਪੀ ਟਰੱਕ ਯੂਨੀਅਨ ਦੇ ਪ੍ਰਧਾਨ ਪਲਵਿੰਦਰ ਸਿੰਘ ਨੇ ਦੱਸਿਆ ਕਿ ਡਿਊਟੀ ਵਧਣ ਤੋਂ ਬਾਅਦ 1,000 ਟਰੱਕ ਡਰਾਇਵਰ ਤੇ ਉਨ੍ਹਾਂ ਦੇ ਕੰਡਕਟਰਾਂ ਨੂੰ ਆਪਣਾ ਘਰ ਚਲਾਉਣਾ ਵੀ ਔਖਾ ਹੋ ਗਿਆ ਹੈ।

ਪੁਲਵਾਮਾ ਹਮਲੇ ਪਿੱਛੋਂ ਵਾਹਗਾ ਬਾਰਡਰ ’ਤੇ ਫਸੇ ਖੜ੍ਹੇ ਸੈਂਕੜੇ ਪਾਕਿਸਤਾਨੀ ਟਰੱਕ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hundreds of Pak Trucks Stranded at Wagah Border since after Pulwama Attack