ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਦਵਤਾ ਤੇ ਪ੍ਰਬੰਧਕੀ ਕਾਰਜ਼ਕੁਸ਼ਲਤਾ ਦਾ ਮੁਜੱਸਮਾ: ਡਾ. ਹਰਭਜਨ ਸਿੰਘ ਦਿਓਲ

ਵਿਦਵਤਾ ਤੇ ਪ੍ਰਬੰਧਕੀ ਕਾਰਜ਼ਕੁਸ਼ਲਤਾ ਦਾ ਮੁਜੱਸਮਾ: ਡਾ. ਹਰਭਜਨ ਸਿੰਘ ਦਿਓਲ

       ਡਾ. ਹਰਭਜਨ ਸਿੰਘ ਦਿਓਲ ਵਿਦਵਤਾ ਅਤੇ ਕਾਰਜ ਕੁਸ਼ਲਤਾ ਦਾ ਮੁਜੱਸਮਾ ਸਨ। ਸਾਰੀ ਉਮਰ ਕਿਸੇ ਦੀ ਈਨ ਨਹੀਂ ਮੰਨੀ ਹਰ ਕੰਮ ਆਪਣੀ ਅਣਖ਼ ਨਾਲ ਕਰਦੇ ਰਹੇ। ਵਿਦਵਤਾ ਅਤੇ ਸਿਆਸਤ ਦੀ ਗੁੜ੍ਹਤੀ ਆਪਣੇ ਪਰਿਵਾਰ ਵਿਚੋਂ ਗ੍ਰਹਿਣ ਹੀ ਨਹੀਂ ਕੀਤੀ ਸਗੋਂ ਆਪਣੀਆਂ ਸ਼ਰਤਾਂ ਮਨਵਾ ਕੇ ਆਪਣੇ ਫ਼ਰਜ ਨਿਭਾਉਂਦੇ ਰਹੇ।

 

 

ਡਾ. ਹਰਭਜਨ ਸਿੰਘ ਦਿਓਲ ਦਾ ਜਨਮ 27 ਅਪ੍ਰੈਲ 1936 ਨੂੰ ਪਿ੍ਰੰਸੀਪਲ ਇਕਬਾਲ ਸਿੰਘ  ਅਤੇ ਸ੍ਰੀਮਤੀ ਸਤਵੰਤ ਕੌਰ ਦੇ ਘਰ ਪਿੰਡ ਬੋਪਾਰਾਇ ਕਲਾਂ ਜਿਲਾ ਲੁਧਿਆਣਾ ਵਿੱਚ ਹੋਇਆ। ਆਪਨੇ ਆਪਣੀ ਪ੍ਰਾਇਮਰੀ ਤੱਕ ਦੀ ਮੁੱਢਲੀ ਸਿੱਖਿਆ ਆਪਣੇ ਪਿੰਡ ਬੋਪਾਰਾਇ ਕਲਾਂ ਤੋਂ ਹੀ ਪ੍ਰਾਪਤ ਕੀਤੀ। ਮੈਟਿ੍ਰਕ ਤਕ ਦੀ ਪੜਾਈ ਖ਼ਾਲਸਾ ਹਾਈ ਸਕੂਲ ਗੁਰੂਸਰ ਸੁਧਾਰ ਤੋਂ ਪ੍ਰਾਪਤ ਕੀਤੀ।

 

 

ਇਸ ਤੋਂ ਉਪਰੰਤ ਬੀ. ਏ. ਸਰਕਾਰੀ ਕਾਲਜ ਲੁਧਿਆਣਾ ਅਤੇ ਐਮ. ਏ. ਰਾਜਨੀਤਕ ਸਾਇੰਸ ਪੰਜਾਬ ਯੂਨੀਵਰਸਿਟੀ ਹੁਸ਼ਿਆਰਪੁਰ ਤੋਂ ਪਾਸ ਕੀਤੀ। ਆਪ ਦੇ ਪਿਤਾ ਪਿ੍ਰੰਸੀਪਲ ਇਕਬਾਲ ਸਿੰਘ ਸ਼ੁਰੂ ਤੋਂ ਹੀ ਸਿੱਖ ਸਿਆਸਤ ਵਿੱਚ ਦਿਲਚਸਪੀ ਲੈਂਦੇ ਰਹੇ ਸਨ। ਉਹ 1952 ਤੋਂ 1957 ਤੱਕ ਜਗਰਾਓਂ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਹੇ ਹਨ। ਪੰਜਾਬੀ ਸੂਬੇ ਦੇ ਮੋਰਚੇ ਵਿੱਚ ਮਾਸਟਰ ਤਾਰਾ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਿ੍ਰੰਸੀਪਲ ਇਕਬਾਲ ਸਿੰਘ ਮੋਰਚੇ ਦੇ ਡਿਕਟੇਟਰ ਰਹੇ ਸਨ।

 

 

ਡਾ. ਹਰਭਜਨ ਸਿੰਘ ਦਿਓਲ ਪੰਜਾਬ ਦੇ ਸਿੱਖ ਬੁਧੀਜੀਵੀ ਸਿਆਸਤਦਾਨਾਂ ਵਿੱਚੋਂ ਚੋਣਵੇਂ ਵਿਅਕਤੀਆਂ ਵਿੱਚੋਂ ਇੱਕ ਸਨ, ਜਿਹਨਾਂ ਦੀ ਵਿਦਵਤਾ ਤੇ ਲੋਕ ਮਾਣ ਕਰਦੇ ਹਨ। ਆਪ ਨੂੰ ਸਿਆਸਤ ਅਤੇ ਪ੍ਰਬੰਧਕੀ ਕਾਰਜ ਕੁਸ਼ਲਤਾ ਦਾ ਸੁਮੇਲ ਕਿਹਾ ਜਾ ਸਕਦਾ ਹੈ। ਹੈਰਾਨੀ ਦੀ ਗੱਲ ਹੈ ਕਿ ਆਪ ਸਿੱਖ ਵਿਦਵਾਨ ਹੋਣ ਦੇ ਨਾਲ ਹੀ ਖੱਬੀ ਪੱਖੀ ਵਿਚਾਰਧਾਰਾ ਨੂੰ ਪ੍ਣਾਏ ਹੋਏ ਸਨ। ਆਪ ਇੱਕ ਵਿਦਵਾਨ, ਬੁਧੀਜੀਵੀ ਅਤੇੇ ਦਾਰਸ਼ਨਿਕ ਚਿੰਤਕ ਸਨ।

 

 

ਆਪ ਜੂਨ 1965 ਤੋਂ ਅਗਸਤ 1971 ਤੱਕ ਇੰਗਲੈਂਡ ਵਿੱਚ ਪੜਾਈ ਕਰਦੇ ਰਹੇ। ਇੰਗਲੈਂਡ ਵਿੱਚ ਯੂਨੀਵਰਸਿਟੀ ਆਫ ਬਰਮਿੰਘਮ ਦੇ ਸੈਂਟਰ ਫਾਰ ਰਸ਼ੀਅਨ ਐਂਡ ਈਸਟ ਯੂਰਪੀਅਨ ਸਟੱਡੀਜ ਵਿੱਚ ਪੀ. ਐਚ. ਡੀ. ਵਿੱਚ ਦਾਖਲਾ ਲਿਆ। ਕੁਝ ਘਰੇਲੂ ਕਾਰਨਾਂ ਕਰਕੇ ਆਪ ਨੂੰ ਵਾਪਸ ਭਾਰਤ ਆਉਣਾ ਪਿਆ। ਏਥੇ ਆ ਕੇ ਪਬਲਿਕ ਸੈਕਟਰ ਵਿੱਚ ਟਰੇਡ ਯੂਨੀਅਨ ਕੇਸ ਸਟੱਡੀ ਆਫ ਪੰਜਾਬ ਸਟੇਟ ਬਿਜਲੀ ਬੋਰਡ ਦੇ ਟਾਪਿਕ ਤੇ ਪੀ. ਐਚ. ਡੀ. ਕੀਤੀ। ਇੰਗਲੈਂਡ ਜਾਣ ਤੋਂ ਪਹਿਲਾਂ ਜਨਵਰੀ 1961 ਤੋਂ ਜੂਨ 1965 ਤੱਕ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਰਾਜਨੀਤੀ ਸ਼ਾਸ਼ਤਰ ਦੇ ਲੈਕਚਰਾਰ ਰਹੇ।

 

 

ਇੰਗਲੈਂਡ ਤੋਂ ਵਾਪਸ ਆ ਕੇ 1971 ਤੋਂ 1980 ਤੱਕ ਖਾਲਸਾ ਕਾਲਜ ਗੁਰੂਸਰ ਸੁਧਾਰ ਲੁਧਿਆਣਾ ਵਿੱਚ ਹੈਡ ਆਫ ਪੋਸਟ ਗ੍ਰੈਜੂਏਟ ਵਿਂਭਾਗ ਰਾਜਨੀਤੀ ਸ਼ਾਸ਼ਤਰ ਵੀ ਰਹੇ। ਆਪ ਟਰੇਡ ਯੂਨੀਅਨ ਵਿੱਚ ਵਿਸ਼ਵਾਸ ਰਖਦੇ ਹਨ, ਇਸ ਲਈ ਆਪ ਪੰਜਾਬ ਅਤੇ ਚੰਡੀਗੜ ਕਾਲਜ ਟੀਚਰ ਯੂਨੀਅਨ ਦੇ ਪ੍ਰਧਾਨ ਚੁਣੇ ਗਏ ਸਨ।

 

 

ਆਪ ਦੀ ਸਿੱਖ ਅਤੇ ਪ੍ਰਬੰਧਕੀ ਮਸਲਿਆਂ ਤੇ ਵਿਦਵਤਾ ਦੀ ਧਾਂਕ ਸਿੱਖ ਜਗਤ ਵਿੱਚ ਹਮੇਸ਼ਾ ਚਰਚਾ ਦਾ ਵਿਸ਼ਾ ਰਹੀ ਹੈ। ਇਸ ਕਾਬਲੀਅਤ ਕਰਕੇ ਆਪ ਨੂੰ 1980 ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ, ਆਪ ਨੇ ਇਸ ਅਹੁਦੇ ਤੋਂ ਹਰਿਮੰਦਰ ਸਾਹਿਬ ਤੇ ਬਲਿਊ ਸਟਾਰ ਅਪ੍ਰੇਸ਼ਨ ਕਰਨ ਦੇ ਵਿਰੋਧ ਵਿੱਚ 1984 ਵਿੱਚ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਆਪ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਗਈ ਪੰਜਾਬ ਸਿੱਖ ਫੋਰਮ ਦੇ ਮੁੱਢਲੇ ਸਰਗਰਮ ਮੈਂਬਰ ਸਨ। ਇਸ ਅਹੁਦੇ ਤੇ ਆਪ ਵਲੋਂ ਕੀਤੇ ਕੰਮ ਦੀ ਅੱਜ ਵੀ ਪ੍ਰਸੰਸਾ ਕੀਤੀ ਜਾ ਰਹੀ ਹੈ।

 

 

ਇਸ ਤੋਂ ਬਾਅਦ ਆਪ ਨੂੰ 1985 ਵਿੱਚ ਪੰਜਾਬ ਰਾਜ ਬਿਜਲੀ ਬੋਰਡ ਦਾ ਪ੍ਰਬੰਧਕੀ ਮੈਂਬਰ ਲਗਾਇਆ ਗਿਆ, ਜਿਸ ਅਹੁਦੇ ਤੇ ਆਪ 1987 ਤੱਕ ਰਹੇ। ਬਿਜਲੀ ਬੋਰਡ ਵਿੱਚ ਵੀ ਆਪ ਜੀ ਦੀ ਪ੍ਰਬੰਧਕੀ ਕਾਰਜ ਕੁਸ਼ਲਤਾ ਅਤੇ ਇਮਾਨਦਾਰੀ ਦਾ ਜਸ ਗਾਇਆ ਜਾਂਦਾ ਹੈ। ਆਮ ਤੌਰ ਤੇ ਅਜੇਹੇ ਅਹੁਦਿਆਂ ਤੇ ਸਿਆਸੀ ਲੋਕਾਂ ਨੂੰ ਹੀ ਨਾਮਜਦ ਕੀਤਾ ਜਾਂਦਾ ਸੀ, ਆਪ ਸਿਆਸਤ, ਵਿਦਵਤਾ ਅਤੇ ਪ੍ਰਬੰਧਕੀ ਕਾਰਜ ਕੁਸ਼ਲਤਾ ਦਾ ਸੁਮੇਲ ਸਨ। ਆਪ ਪੰਜਾਬੀ ਯੂਨੀਵਰਸਿਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਦੀ ਸੈਨਟ ਤੇ ਸਿੰਡੀਕੇਟ ਦੇ ਮੈਂਬਰ  1986- 87 ਵੀ ਰਹੇ।

 

 

ਇਸ ਤੋਂ ਇਲਾਵਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਗੁਰੂ ਤੇਗ ਬਹਾਦਰ ਕਾਲਜ ਆਨੰਦਪੁਰ ਸਾਹਿਬ ਦੇ 1985 ਤੋਂ 87 ਤੱਕ ਪ੍ਰਧਾਨ ਰਹੇ। ਆਪ 1987 ਤੋਂ93 ਤੱਕ ਪੰਜਾਬੀ ਯੂਨੀਵਰਸਿਟੀ ਦੇ ਪਬਲਿਕ ਐਡਮਨਿਸਟਰੇਸ਼ਨ ਵਿਭਾਗ ਵਿੱਚ ਬਤੌਰ ਰੀਡਰ ਕੰਮ ਕਰਦੇ ਰਹੇ। ਡਾ ਦਿਓਲ 1994 ਤੋਂ96 ਤੱਕ ਪ੍ਰੋਫ਼ੈਸਰ ਤੇ ਹੈੱਡ ਨੈਸ਼ਨਲ ਇਨਟੈਗਰੇਸ਼ਨ ਚੇਅਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਰਹੇ। ਭਾਰਤ ਸਰਕਾਰ ਨੇ ਆਪ ਨੂੰ 1996 ਵਿੱਚ ਕਮਿਸ਼ਨਰ, ਲਿੰਗੂਇਸਟਿਕ ਮਾਈਨਾਰਟੀਜ ਇੰਡੀਆ, ਅਲਾਹਾਬਾਦ ਵਿਖੇ ਨਿਯੁਕਤ ਕੀਤਾ ਤੇ ਆਪ ਇਸ ਅਹੁਦੇ ਤੇ 1999 ਤਕ ਰਹੇ। ਆਪ ਇੱਕ ਨਿਧੱੜਕ, ਦਲੇਰ, ਧੜੱਲੇਦਾਰ ਅਤੇ ਇਮਾਨਦਾਰ ਵਿਅਕਤੀ ਸਨ।

 

 

ਕਹਿਣੀ ਤੇ ਕਰਨੀ ਵਿੱਚ ਵਿਸ਼ਵਾਸ਼ ਰੱਖਣ ਵਾਲੇ ਵਿਅਕਤੀ ਸਨ। ਆਪ ਨੇ ਲਗਪਗ 10 ਕਿਤਾਬਾਂ ਲਿਖੀਆਂ ਅਤੇ ਸੰਪਾਦਤ ਕੀਤੀਆਂ ਹਨ। ਆਪ ਕਵਿਤਾ ਵੀ ਲਿਖਦੇ ਸਨ। ਇਸੇ ਤਰਾ 50 ਦੇ ਕਰੀਬ ਖੋਜ ਪੱਤਰ ਅੰਗਰੇਜ਼ੀ ਤੇ ਪੰਜਾਬੀ ਵਿੱਚ ਲਿਖੇ ਹਨ। ਆਪ ਦੇ ਵੱਖ ਵੱਖ ਵਿਸ਼ਿਆਂ ਤੇ ਵਿਦਵਤਾ ਭਰਪੂਰ ਲੇਖ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਹੁੰਦੇ ਰਹਿੰਦੇ ਹਨ। ਆਪ ਜਦੋਂ ਇੰਗਲੈਂਡ ਵਿੱਚ ਸੀ ਤਾਂ ਲੰਡਨ ਤੋਂ ਪ੍ਰਕਾਸ਼ਤ ਹੋਣ ਵਾਲੇ ਸਪਤਾਹਕ ਪੰਜਾਬੀ ਦੇ ਅਖਬਾਰ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਰਹੇ ਅਤੇ ਆਪ ਦੇ ਕਾਲਮ ਲਗਾਤਾਰ ਪ੍ਰਕਾਸ਼ਤ ਹੁੰਦੇ ਰਹੇ।

 

 

ਆਪ ਵੱਖ ਵੱਖ ਸਮਿਆਂ ਤੇ ਵਿਦਿੱਅਕ ਤੇ ਟਰੇਡ ਯੂਨੀਅਨ ਦੀਆਂ ਕਾਨਫ਼ਰੰਸਾਂ ਵਿੱਚ ਹਿੱਸਾ ਲੈਂਦੇ ਤੇ ਪੇਪਰ ਪੜਦੇ ਰਹੇ ਹਨ। ਆਪ ਇੱਕ ਸੁਲਝੇ ਹੋਏ ਵਿਅਕਤਿਤਵ ਦੇ ਮਾਲਕ ਹਨ। ਡਾ.ਹਰਭਜਨ ਸਿੰਘ ਦਿਓਲ 83 ਸਾਲ ਦੀ ਉਮਰ ਵਿਚ 29 ਅਕਤੂਬਰ ਨੂੰ ਸੰਖੇਪ ਬਿਮਾਰੀ ਤੋਂ ਬਾਅਦ ਸਵਰਗ ਸਿਧਾਰ ਗਏ ਹਨ। ਆਪ ਆਪਣੇ ਪਿਛੇ ਸੁਪਤਨੀ ਬਲਵੰਤ ਕੌਰ ਅਤੇ 5 ਲੜਕੀਆਂ ਛੱਡ ਗਏ ਹਨ।
 

ਉਜਾਗਰ ਸਿੰਘ

ਉਜਾਗਰ ਸਿੰਘ

ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
                                                                          ਮੋਬਾਈਲ-94178 13072

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Icon of Intellectual and Managerial Skills Dr Harbhajan Singh Deol