ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਜੇ ਟਿਕਟ ਨਾ ਮਿਲੀ, ਤਾਂ ਵੀ ਬਗ਼ਾਵਤ ਨਹੀਂ ਕਰਾਂਗਾ: ਪਵਨ ਬਾਂਸਲ

​​​​​​​ਜੇ ਟਿਕਟ ਨਾ ਮਿਲੀ, ਤਾਂ ਵੀ ਬਗ਼ਾਵਤ ਨਹੀਂ ਕਰਾਂਗਾ: ਪਵਨ ਬਾਂਸਲ

70 ਸਾਲਾ ਸੀਨੀਅਰ ਕਾਂਗਰਸੀ ਆਗੂ ਸ੍ਰੀ ਪਵਨ ਬਾਂਸਲ ਨੂੰ ਇਸ ਵੇਲੇ ਚੰਡੀਗੜ੍ਹ ਸੰਸਦੀ ਸੀਟ ਤੋਂ ਕਾਂਗਰਸ ਦੀ ਟਿਕਟ ਲੈਣ ਲਈ ਇਸ ਵੇਲੇ ਬਹੁਤ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ, ਹੁਣ ਇਸ ਸੀਟ ਉੱਤੇ ਸ੍ਰੀਮਤੀ ਨਵਜੋਤ ਕੌਰ ਸਿੱਧੂ ਨੇ ਪਹਿਲਾਂ ਹੀ ਆਪਣੀ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ। ਉੱਧਰੋਂ ਇੱਕ ਹੋਰ ਸੀਨੀਅਰ ਕਾਂਗਰਸੀ ਆਗੂ ਸ੍ਰੀ ਮਨੀਸ਼ ਤਿਵਾੜੀ ਵੀ ਚੰਡੀਗੜ੍ਹ ਤੋਂ ਹੀ ਟਿਕਟ ਚਾਹ ਰਹੇ ਹਨ। ਸਾਲ 2014 ਦੀਆਂ ਸੰਸਦੀ ਚੋਣਾਂ ਦੌਰਾਨ ਸ੍ਰੀ ਪਵਨ ਬਾਂਸਲ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ੍ਰੀਮਤੀ ਕਿਰਨ ਖੇਰ ਤੋਂ ਹਾਰ ਗਏ ਸਨ। ‘ਹਿੰਦੁਸਤਾਨ ਟਾਈਮਜ਼’ ਨਾਲ ਸ੍ਰੀ ਪਵਨ ਬਾਂਸਲ ਵੱਲੋਂ ਕੀਤੀ ਗਈ ਖ਼ਾਸ ਗੱਲਬਾਤ ਦੇ ਕੁਝ ਅੰਸ਼ ਪੇਸ਼ ਹਨ:

 

 

ਸੁਆਲ: ਕੀ ਤੁਸੀਂ ਚੰਡੀਗੜ੍ਹ ਤੋਂ ਕਾਂਗਰਸੀ ਉਮੀਦਵਾਰ ਵਜੋਂ ਆਪਣੀ ਨਾਮਜ਼ਦਗੀ ਦੇ ਮਾਮਲੇ ਨੂੰ ਲੈ ਕੇ ਦਰਪੇਸ਼ ਚੁਣੌਤੀਆਂ ਤੋਂ ਫ਼ਿਕਰਮੰਦ ਹੋ?

 

ਜੁਆਬ: ਨਹੀਂ। ਇਸ ਸੀਟ ਤੋਂ ਟਿਕਟ ਦੇ ਹੋਰ ਚਾਹਵਾਨ ਵੀ ਹਨ ਤੇ ਹਾਈ ਕਮਾਂਡ ਕੋਲ ਵੀ ਆਪਣੀ ਖ਼ੁਦ ਦੀ ਫ਼ੀਡਬੈਕ ਹੈ। ਲੋਕ ਸਭਾ ਚੋਣਾਂ ਲਈ ਤੁਹਾਨੂੰ ਆਪਣੇ ਹਲਕੇ ਦੇ ਲੋਕਾਂ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਹਲਕੇ ਦੇ ਲੋਕਾਂ ਦੇ ਸਾਰੇ ਮਸਲਾਂ ਤੇ ਉਨ੍ਹਾਂ ਦੀਆਂ ਗੁੰਝਲਾਂ ਬਾਰੇ ਵੀ ਉਮੀਦਵਾਰ ਪੂਰੀ ਤਰ੍ਹਾਂ ਜਾਗਰੂਕ ਹੋਣਾ ਚਾਹੀਦਾ ਹੈ। ਮੈਂ ਇਸ ਜਗ੍ਹਾ ਨੂੰ ਹੋਰ ਸਾਰੇ ਲੋਕਾਂ ਤੋਂ ਵਧੀਆ ਤਰੀਕੇ ਜਾਣਦਾ ਹਾਂ।

 

 

ਸੁਆਲ: ਹੁਣ ਨਵਜੋਤ ਕੌਰ ਸਿੱਧੂ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦਾ ਵੀ ਇਸ ਸ਼ਹਿਰ ਵਿੱਚ ਆਪਣਾ ਆਧਾਰ ਹੈ ਤੇ ਜੇ ਉਹ ਬਾਹਰਲੇ ਹਨ, ਤਾਂ ਤੁਸੀਂ ਵੀ ਤਾਂ ਪੰਜਾਬ ਤੋਂ ਆਏ ਹੋ?

 

ਜੁਆਬ: ਮੈਂ ਉਨ੍ਹਾਂ ਦੇ ਦਾਅਵਿਆਂ ਉੱਤੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ ਪਰ ਮੈਂ ਇਹ ਵੀ ਨਹੀਂ ਚਾਹੁੰਦਾ ਕਿ ਕੋਈ ਮੈਨੂੰ ‘ਬਾਹਰਲਾ’ ਆਖੇ। ਹਾਂ, ਮੈਂ ਬਰਨਾਲਾ ਜ਼ਿਲ੍ਹੇ ਦੇ ਸ਼ਹਿਰ ਤਪਾ ਮੰਡੀ ਦਾ ਹਾਂ ਪਰ ਚੰਡੀਗੜ੍ਹ ਸਾਲ 1964 ਤੋਂ ਮੇਰੀ ਕਰਮਭੂਮੀ ਬਣਿਆ ਹੋਇਆ ਹੈ। ਮੈਂ ਆਪਣਾ ਸਿਆਸੀ ਕਰੀਅਰ ਇੱਥੇ ਇੱਕ ਵਿਦਿਆਰਥੀ ਵਜੋਂ ਸ਼ੁਰੂ ਕੀਤਾ ਸੀ ਤੇ ਬਾਅਦ ਵਿੱਚ ਬਾਰ ਐਸੋਸੀਏਸ਼ਨ ’ਚ ਵੀ ਗਿਆ ਤੇ ਆਖ਼ਰ ਵੋਟਾਂ ਦੀ ਸਿਆਸਤ ਵਿੱਚ ਕੁੱਦਿਆ।

 

 

ਸੁਆਲ: ਸਾਲ 2014 ਦੀ ਸੰਸਦੀ ਚੋਣ ਦੌਰਾਨ ਤੁਸੀਂ ਆਪਣੀ ਹਾਰ ਤੋਂ ਬਾਅਦ ਐਲਾਨ ਕਰ ਦਿੱਤਾ ਸੀ ਕਿ ਤੁਸੀਂ ਸਿਆਸਤ ਤਿਆਗ ਰਹੇ ਹੋ। ਕਿਉਂ?

 

ਜੁਆਬ: ਮੈਂ ਉਹ ਬਿਆਨ ਸਿਆਸੀ ਕਾਰਨਾਂ ਕਰੇ ਦਿੱਤਾ ਸੀ ਤੇ ਬਾਅਦ ’ਚ ਉਹ ਪੈਂਤੜਾ ਸਹੀ ਵੀ ਸੀ। ਮੈਂ ਚਾਹੁੰਦਾ ਸਾਂ ਕਿ ਲੋਕ ਮੇਰੇ ਵੱਲੋਂ ਕੀਤੇ ਕੰਮਾਂ ਤੇ ਹੋਰਨਾਂ ਦੇ ਕੰਮਾਂ ਵਿਚਲੇ ਫ਼ਰਕ ਨੂੰ ਮਹਿਸੂਸ ਕਰਨ। ਉਂਝ, ਸਿਆਸਤ ਤਾਂ ਇੱਕ ਲਤ ਵਾਂਗ ਹੈ, ਜੋ ਇੱਕ ਵਾਰ ਲੱਗ ਜਾਵੇ, ਤਾਂ ਫਿਰ ਛੇਤੀ ਕਿਤੇ ਛੁੱਟਦੀ ਨਹੀਂ। ਜਦੋਂ ਤੁਸੀਂ ਕਿਸੇ ਅਹੁਦੇ ਉੱਤੇ ਹੁੰਦੇ ਹੋ, ਤਾਂ ਤੁਹਾਡੇ ਆਲੇ–ਦੁਆਲੇ ਦੇ ਲੋਕ ਤੁਹਾਨੂੰ ਸੇਵਾ–ਮੁਕਤ ਨਹੀਂ ਹੋਣ ਦਿੰਦੇ ਤੇ ਜਦੋਂ ਤੁਸੀਂ ਸੱਤਾ ਤੋਂ ਬਾਹਰ ਹੁੰਦੇ ਹੋ, ਤਾਂ ਤੁਹਾਡੇ ਵਿਰੋਧੀ ਤੁਹਾਨੂੰ ਚੈਨ ਨਹੀਂ ਲੈਣ ਦਿੰਦੇ। ਕੁਝ ਆਗੂ ਕੁਝ ਚੁਭਵੀਆਂ ਬਿਆਨਬਾਜ਼ੀਆਂ ਕਰ ਰਹੇ ਸਨ, ਜਿਸ ਕਰ ਕੇ ਮੈਂ ਮੁੜ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ ਤੇ ਉਨ੍ਹਾਂ ਵਿੱਚੋਂ ਇੱਕ ਆਗੂ ਨੇ ਤਾਂ ਇਸ ਵਾਰ ਉਮੀਦਵਾਰੀ ਲਈ ਅਰਜ਼ੀ ਵੀ ਦਿੱਤੀ ਹੈ।

 

 

ਸੁਆਲ: ਸ੍ਰੀਮਤੀ ਨਵਜੋਤ ਕੌਰ ਨੇ ਤੁਹਾਡੇ ਉੱਤੇ ਦੋਸ਼ ਲਾਇਆ ਹੈ ਕਿ ਤੁਸੀਂ ਗੁੱਟਬਾਜ਼ੀ ਨੂੰ ਉਤਸ਼ਾਹਿਤ ਕਰ ਰਹੇ ਹੋ। ਤੁਹਾਡਾ ਇਸ ਬਾਰੇ ਕੀ ਕਹਿਣਾ ਹੈ?

 

ਜੁਆਬ: ਜੇ ਉਨ੍ਹਾਂ ਅਜਿਹਾ ਕਿਹਾ ਹੈ, ਤਾਂ ਉਨ੍ਹਾਂ ਨੂੰ ਚੰਡੀਗੜ੍ਹ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ। ਜਿਹੜੇ ਲੋਕ ਆਪਣੀਆਂ ਅਸਮਰੱਥਾਵਾਂ ਕਾਰਨ ਪਿਛਾਂਹ ਰਹਿ ਗਏ ਹਨ, ਉਹੀ ਹੁਣ ਅਜਿਹੀਆਂ ਗੱਲਾਂ ਆਖਾ ਰਹੇ ਹਨ। ਪਰ ਮੈਂ ਸਿਆਸਤ ਵਿੱਚ ਇਸ ਸਭ ਲਈ ਸਦਾ ਤਿਆਰ ਹਾਂ। ਤੁਸੀਂ ਹਰੇਕ ਨੂੰ ਤਾਂ ਜਿੱਤ ਨਹੀਂ ਸਕਦੇ। ਸਾਨੂੰ ਬੱਸ ਈਮਾਨਦਾਰੀ ਨਾਲ ਅੱਗੇ ਵਧਦੇ ਰਹਿਣਾ ਚਾਹੀਦਾ ਹੈ ਤੇ ਬੇਇਨਸਾਫ਼ੀ ਨਹੀਂ ਕਰਨੀ ਚਾਹੀਦੀ। ਮੈਂ ਇੱਕ ਆਗੂ ਵਜੋਂ ਸਦਾ ਇਸੇ ਸਿਧਾਂਤ ਉੱਤੇ ਚੱਲਿਆ ਹਾਂ।

 

 

ਸੁਆਲ: ਤੁਹਾਡੀ ਪਾਰਟੀ ਦੀ ਸਥਾਨਕ ਇਕਾਈ ਦੇ ਮੁਖੀ ਨੂੰ ਪਿੱਛੇ ਜਿਹੇ ‘ਕਠਪੁਤਲੀ’ ਆਖਿਆ ਗਿਆ ਸੀ। ਤੁਹਾਡਾ ਇਸ ਬਾਰੇ ਕੀ ਆਖਣਾ ਹੈ?

 

ਜੁਆਬ: ਜਿਹੜੇ ਵਿਅਕਤੀ ਨੇ ਇਹ ਬਿਆਨ ਪਿੱਛੇ ਜਿਹੇ ਦਿੱਤਾ ਹੈ, ਉਸ ਨੇ ਪ੍ਰਦੇਸ਼ ਚੋਣ ਕਮੇਟੀ ਦੀ ਮੀਟਿੰਗ ਦੌਰਾਨ ਮੇਰੀ ਹਮਾਇਤ ਕੀਤੀ ਸੀ। ਜੇ ਉਹ ਸ਼ਹਿਰ ਦੇ ਪ੍ਰਧਾਨ ਨੂੰ ਚੰਗਾ ਨਹੀਂ ਸਮਝਦਾ, ਤਾਂ ਇੰਝ ਆਖਣਾ ਉਸ ਦਾ ਜਮਹੂਰੀ ਅਧਿਕਾਰ ਹੈ। ਪਰ ਮੇਰੇ ਖਿ਼ਆਲ ਮੁਤਾਬਕ, ਇਕਾਈ ਦੇ ਮੁਖੀ ਨੇ ਤਹਿ ਦਿਲੋਂ ਕੰਮ ਕਰ ਕੇ ਵਿਖਾਇਆ ਹੈ।

 

 

ਸੁਆਲ: ਮਨੀਸ਼ ਤਿਵਾਰੀ ਹੁਰਾਂ ਪਿੱਛੇ ਜਿਹੇ ਆਖਿਆ ਸੀ ਕਿ ਲੋਕ ਹੁਣ ਪਿਛਲੇ ਆਗੂਆਂ ਨੂੰ ਮੁੜ ਨਹੀਂ ਵੇਖਣਾ ਚਾਹੁੰਦੇ; ਇਹ ਟਿੱਪਣੀ ਅਸਿੱਧੇ ਤੌਰ ’ਤੇ ਤੁਹਾਡੇ ਬਾਰੇ ਹੈ। ਤੁਸੀਂ ਇਸ ਬਾਰੇ ਕੀ ਸੋਚਦੇ ਹੋ?

 

ਜੁਆਬ: ਉਹ ਬਹੁਤ ਵਧੀਆ ਬੁਲਾਰੇ ਹਨ ਪਰ ਫਿਰ ਵੀ ਮੈਂ ਉਨ੍ਹਾਂ ਨੂੰ ਇਹ ਜ਼ਰੂਰ ਆਖਾਂਗਾ ਕਿ ਮੈਂ ਇਹ ਸਭ ਗੱਲਾਂ ਦਾ ਸਾਾਹਮਣਾ ਪਿਛਲੇ ਲੰਮੇ ਸਮੇਂ ਤੋਂ ਕਰਦਾ ਆ ਰਿਹਾ ਹਾਂ। ਜੇ ਉਹ ਇਹ ਗੱਲ ਰੇਲਵੇ ਵਿਵਾਦ ਦੇ ਹਵਾਲੇ ਨਾਲ ਆਖ ਰਹੇ ਹਨ, ਤਾਂ ਇੱਥੇ ਮੈਂ ਇਹ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਪਹਿਲਾ ਇਸ ਮਾਮਲੇ ਦੇ ਤੱਥਾਂ ਦੇ ਨਿਆਂਇਕ ਰਿਕਾਰਡ ਉੱਤੇ ਇੱਕ ਝਾਤ ਜ਼ਰੂਰ ਪਾ ਲਈ ਜਾਵੇ। ਮੈਂ ਉਸ ਮਾਮਲੇ ਵਿੱਚ ਪੀੜਤ ਸਾਂ।

 

 

ਸੁਆਲ: ਕੀ ਤੁਸੀਂ ਸਮਝਦੇ ਹੋ ਕਿ ਉਸ ਵਿਵਾਦ ਕਾਰਨ ਪਿਛਲੀ ਚੋਣ ਵੇਲੇ ਤੁਹਾਡਾ ਨੁਕਸਾਨ ਹੋਇਆ?

 

ਜੁਆਬ: ਨਹੀਂ, ਸਿਰਫ਼ ਕੁਝ ਸੌੜੇ ਹਿਤਾਂ ਵਾਲੇ ਲੋਕ ਹੀ ਚੰਡੀਗੜ੍ਹ ਵਿੱਚ ਅਜਿਹੀਆਂ ਗੱਲਾਂ ਕਰ ਰਹੇ ਹਨ। ਜਿਹੜੇ ਇਹ ਕੁਝ ਆਖ ਰਹੇ ਹਨ, ਉਹ ਇੰਝ ਕਦੇ ਵੀ ਚੰਡੀਗੜ੍ਹ ਵਿੱਚ ਆਪਣਾ ਕੋਈ ਸਥਾਨ ਨਹੀਂ ਬਣਾ ਸਕਦੇ।

 

 

ਸੁਆਲ: ਪਿੱਛੇ ਜਿਹੇ, ਸਥਾਨਕ ਚੋਣ ਕਮੇਟੀ ਨੇ ਤੁਹਾਡੀ ਉਮੀਦਵਾਰੀ ਦਾ ਸਮਰਥਨ ਕੀਤਾ ਸੀ ਪਰ ਸਥਾਨਕ ਇੰਚਾਰਜ ਆਸ਼ਾ ਕੁਮਾਰੀ ਨੇ ਕਿਹਾ ਸੀ ਕਿ ਅਜਿਹਾ ਕੋਈ ਸਮਰਥਨ ਨਹੀਂ ਕੀਤਾ ਗਿਆ। ਤੁਹਾਡਾ ਇਸ ਬਾਰੇ ਕੀ ਕਹਿਣਾ ਹੈ?

 

ਜੁਆਬ: ਉਹ ਠੀਕ ਹਨ। ਜਿੱਥੋਂ ਤੱਕ ਪ੍ਰਕਿਰਿਆ ਦਾ ਸਬੰਧ ਹੈ, ਆਖ਼ਰੀ ਫ਼ੈਸਲਾ ਮੇਰੇ ਸਮਰਥਨ ਵਿੱਚਾ ਨਹੀਂ ਲਿਆ ਗਿਆ। ਪਰ ਮੈਨੂੰ ਪੂਰਾ ਭਰੋਸਾ ਹੈ ਕਿ ਸਥਾਨਕ ਕਾਂਗਰਸ ਇਕਾਈ ਵਿੱਚ ਬਹੁਤ ਸਾਰੇ ਕਾਂਗਰਸੀ ਵਰਕਰ ਮੇਰੀ ਹਮਾਇਤ ’ਤੇ ਹਨ।

 

 

ਸੁਆਲ: ਕੀ ਤੁਸੀਂ ਸੋਚਦੇ ਹੋ ਕਿ ਪਾਰਟੀ ਬਹੁ–ਗਿਣਤੀ ਮੈਂਬਰਾਂ ਤੇ ਕਾਰਕੁੰਨਾਂ ਨੂੰ ਅੱਖੋਂ ਪ੍ਰੋਖੇ ਕਰ ਦੇਵੇਗੀ?

 

ਜੁਆਬ: ਮੈਂ ਇਸ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦਾ ਪਰ ਮੈਂ ਆਪਣੀ ਪਾਰਟੀ ਪ੍ਰਤੀ ਪੂਰੀ ਤਰ੍ਹਾਂ ਵਫ਼ਾਦਾਰ ਹਾਂ ਤੇ ਮੈਂ ਹਾਈ ਕਮਾਂਡ ਦੇ ਹਰ ਫ਼ੈਸਲੇ ਨੂੰ ਮੰਨਾਂਗਾ। ਕਦੇ ਮੇਰੇ ਲਈ ਵੀ ਇਹ ਸਭ ਨਵਾਂ ਸੀ। ਹੁਣ ਮੈਂ 70 ਸਾਲਾਂ ਦਾ ਹੋ ਚੁੱਕਾ ਹਾਂ। ਜੇ ਐਤਕੀਂ ਨਹੀਂ, ਤਾਂ ਅਗਲੀ ਵਾਰ ਕੋਈ ਨਵਾਂ ਆਵੇਗਾ। ਪਰ ਇਸ ਵਾਰ ਮੈਨੂੰ ਪੂਰਾ ਭਰੋਸਾ ਹੈ ਕਿਉਂਕਿ ਮੇਰਾ ਆਪਣੀ ਪਾਰਟੀ ਤੇ ਲੋਕਾਂ ਵਿੱਚ ਪੂਰਾ ਆਧਾਰ ਹੈ।

 

 

ਸੁਆਲ: ਆਮ ਆਦਮੀ ਪਾਰਟੀ ਨਾਲ ਆਪਣੇ ਮੁਕਾਬਲੇ ਨੂੰ ਕਿਵੇਂ ਲੈਂਦੇ ਹੋ?

 

ਜੁਆਬ: ਆਮ ਆਦਮੀ ਪਾਰਟੀ ਦਾ ਇੱਥੇ ਕੋਈ ਆਧਾਰ ਨਹੀ਼ ਹੈ, ਇਹ ਪਾਰਟੀ ਦੀ ਐਤਵਾਰ ਵਾਲੀ ਰੈਲੀ ਤੋਂ ਸਿੱਧ ਹੋ ਗਿਆ ਹੈ। ਅਰਵਿੰਦ ਕੇਜਰੀਵਾਲ ਹੁਣ ਚੋਣ ਪ੍ਰਚਾਰ ਲਈ ਇੱਥੇ ਤਾਂ ਕਦੇ ਨਹੀਂ ਆਉਣਗੇ। ਲੋਕ ਸਭਾ ਚੋਣਾਂ ਲਈ ਉਸ ਪਾਰਟੀ ਦੇ ਉਮੀਦਵਾਰ ਇੱਕ ਸਤਿਕਾਰਯੋਗ ਵਿਅਕਤੀ ਹਨ।

 

 

ਸੁਆਲ: ਜੇ ਤੁਹਾਨੂੰ ਟਿਕਟ ਮਿਲ ਗਈ, ਤਾਂ ਕੀ ਤੁਸੀਂ ਐਤਕੀਂ ਭਾਜਪਾ ਉਮੀਦਵਾਰ ਕਿਰਨ ਖੇਰ ਨੂੰ ਹਰਾ ਸਕੋਗੇ?

 

ਜੁਆਬ: ਉਨ੍ਹਾਂ ਨੂੰ ਕੋਈ ਵੀ ਹਰਾ ਸਕਦਾ ਹੈ ਕਿਉਂਕਿ ਉਹ ਆਪਣੇ ਕਾਰਜਕਾਲ ਦੌਰਾਨ ਪੂਰੀ ਤਰ੍ਹਾਂ ਨਾਕਾਮ ਰਹੇ ਹਨ। ਲੋਕ ਬਹੁਤ ਆਸਾਨੀ ਨਾਲ ਮੇਰੇ ਤੇ ਉਨ੍ਹਾਂ ਦੇ ਕਾਰਜਕਾਲਾਂ ਵਿਚਲਾ ਫ਼ਰਕ ਜਾਣ ਤੇ ਸਮਝ ਸਕਦੇ ਹਨ।

 

 

ਸੁਆਲ: ਕੀ ਲੋਕ ਉਨ੍ਹਾਂ ਨੂੰ ਇੱਥੇ ਆਸਾਨੀ ਨਾਲ ਮਿਲ ਸਕਦੇ ਸਨ?

 

ਜੁਆਬ: ਨਹੀਂ। ਲੋਕ ਆਪਣੇ ਚੁਣੇ ਹੋਏ ਆਗੂ ਤੋਂ ਬਹੁਤ ਵੱਡੀਆਂ ਆਸਾਂ ਰੱਖਦੇ ਹਨ। ਹੁਣ ਪਹਿਲਾਂ ਵਰਗਾ ਸਮਾਂ ਨਹੀਂ ਰਿਹਾ, ਜਦੋਂ ਐੱਮਪੀ ਸਿਰਫ਼ ਸੰਸਦ ਤੱਕ ਹੀ ਸੀਮਤ ਰਹਿੰਦਾ ਸੀ।

 

 

ਸੁਆਲ: ਕੀ ਤੁਸੀਂ ਪਾਰਟੀ ਦੇ ਫ਼ੈਸਲੇ ਨੂੰ ਪ੍ਰਵਾਨ ਕਰੋਗੇ?

 

ਜੁਆਬ: ਬੇਸ਼ਕ। ਮੈਨੂੰ ਪਾਰਟੀ ਤੋਂ ਬਹੁਤ ਕੁਝ ਮਿਲਿਆ ਹੈ। ਜੇ ਮੈਨੂੰ ਟਿਕਟ ਨਾ ਮਿਲੀ, ਤਾਂ ਮੈਂ ਨਾ ਤਾਂ ਕਿਸੇ ਹੋਰ ਪਾਰਟੀ ਤੱਕ ਪਹੁੰਚ ਕਰਾਂਗਾ ਤੇ ਨਾ ਹੀ ਕੋਈ ਚਾਲਾਂ ਚੱਲਾਂਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:If I don t get Ticket will not be rebel Pawan Bansal