ਕੋਰੋਨਾ ਲੌਕਡਾਊਨ ਨੂੰ ਲੈ ਕੇ ਕਈ ਵਾਰ ਇਹ ਸਵਾਲ ਖੜੇ ਹੋ ਰਹੇ ਹਰ ਕਿ ਦੇਸ਼ ਭਰ 'ਚ ਅਨਾਜ ਦਾ ਸੰਕਟ ਤਾਂ ਪੈਦਾ ਨਹੀਂ ਹੋ ਜਾਵੇਗਾ। ਇਸ ਬਾਰੇ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਸਾਡੇ ਕੋਲ ਇੰਨਾ ਬਫ਼ਰ ਸਟਾਕ ਹੈ ਕਿ ਜੇ ਲੋੜ ਪਈ ਤਾਂ ਅਸੀਂ ਭਾਰਤ ਦੇ ਹਰ ਵਸਨੀਕ ਦਾ ਢਿੱਡ ਭਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਲੌਕਡਾਊਨ ਦੇ ਬਾਵਜੂਦ ਪੰਜਾਬ ਸਰਕਾਰ 19 ਦਿਨ 'ਚ 90 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕਰ ਚੁੱਕੀ ਹੈ। ਪੰਜਾਬ ਦਾ ਟੀਚਾ ਹੈ ਕਿ 135 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾਵੇ।
ਉੱਥੇ ਹੀ ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਜਿਹੜੇ ਪ੍ਰਵਾਸੀ ਕਾਮੇ ਆਪਣੇ ਗ੍ਰਹਿ ਸੂਬੇ ਵਾਪਸ ਜਾਣਾ ਚਾਹੁੰਦੇ ਹਨ, ਉਨ੍ਹਾਂ ਦੀ ਸ਼ਰਮਿਕ ਵਿਸ਼ੇਸ਼ ਰੇਲ ਗੱਡੀਆਂ ਦਾ ਖਰਚਾ ਪੰਜਾਬ ਸਰਕਾਰ ਚੁੱਕੇਗੀ ਅਤੇ ਇਸ ਦੇ ਲਈ 35 ਕਰੋੜ ਰੁਪਏ ਅਲਾਟ ਕੀਤੇ ਗਏ ਹਨ।
ਬੀਤੇ ਦਿਨੀਂ ਪਹਿਲੀ ਸ਼ਰਮਿਕ ਸਪੈਸ਼ਲ ਰੇਲ ਗੱਡੀ 1200 ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਪੰਜਾਬ ਦੇ ਜਲੰਧਰ ਰੇਲਵੇ ਸਟੇਸ਼ਨ ਤੋਂ ਝਾਰਖੰਡ ਲਈ ਰਵਾਨਾ ਹੋਈ ਸੀ। ਸਰਕਾਰ ਦਾ ਅਨੁਮਾਨ ਹੈ ਕਿ 5 ਤੋਂ 6 ਲੱਖ ਫਸੇ ਹੋਏ ਮਜ਼ਦੂਰ ਆਪਣੇ ਗ੍ਰਹਿ ਸੂਬੇ ਵਾਪਸ ਜਾਣ ਲਈ ਰੇਲ ਰਾਹੀਂ ਯਾਤਰਾ ਕਰਨਗੇ ਅਤੇ ਬਾਕੀ ਲੋਕ ਸੜਕੀ ਰਸਤੇ ਜਾਣ ਨੂੰ ਤਰਜ਼ੀਹ ਦੇਣਗੇ।
ਆਸ਼ੂ ਨੇ ਕਿਹਾ ਕਿ ਅਨਾਜ ਦੀ ਖਰੀਦ ਅਤੇ ਵੰਡ ਲਈ ਨੋਡਲ ਏਜੰਸੀ, ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਗੋਦਾਮਾਂ ਵਿੱਚ ਅਨਾਜ ਦਾ ਢੁੱਕਵਾਂ ਭੰਡਾਰ ਹੈ। ਲੌਕਡਾਊਨ ਦੀ ਮਿਆਦ ਦੌਰਾਨ ਮੁਫ਼ਤ 'ਚ ਦਿੱਤੀ ਗਈ ਵਾਧੂ ਕਣਕ ਤੇ ਚੌਲ ਦੀ ਜ਼ਰੂਰਤ ਨੂੰ ਪੂਰਾ ਕਰਨ ਤੋਂ ਬਾਅਦ ਵੀ ਕਾਫੀ ਸਟਾਕ ਹੈ।