ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਤਾਰਪੁਰ ਸਾਹਿਬ ਗੁਰੂਘਰ ਲਾਗੇ ਇਮਾਰਤਾਂ ਨਾ ਉਸਾਰਨ ਭਾਰਤ ਤੇ ਪਾਕਿ: ਨਵਜੋਤ ਸਿੱਧੂ

ਕਰਤਾਰਪੁਰ ਸਾਹਿਬ ਗੁਰੂਘਰ ਲਾਗੇ ਇਮਾਰਤਾਂ ਨਾ ਉਸਾਰਨ ਭਾਰਤ ਤੇ ਪਾਕਿ: ਨਵਜੋਤ ਸਿੱਧੂ

ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਭਾਰਤ–ਪਾਕਿਸਤਾਨ ਸਰਹੱਦ ’ਤੇ ਕਰਤਾਰਪੁਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਦੇ ਨੇੜੇ–ਤੇੜੇ ਕੋਈ ਨਵੇਂ ਇਮਾਰਤੀ ਢਾਂਚੇ ਉਸਾਰਨ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਹੈ ਕਿ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਆਲੇ–ਦੁਆਲੇ ਦੇ ਅਸਲ ਕੁਦਰਤੀ ਮਾਹੌਲ ਨੂੰ ਬਰਕਰਾਰ ਰੱਖਣ ਲਈ ਅਜਿਹਾ ਫ਼ੈਸਲਾ ਲੈਣਾ ਚਾਹੀਦਾ ਹੈ।

 

 

ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਸਿੱਧੂ ਨੇ ਕਿਹਾ,‘ਕਰਤਾਰਪੁਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਅੰਤਲੇ ਦਿਨ ਬਿਤਾਏ ਸਨ।  ਮੇਰੀ ਖ਼ਾਹਿਸ਼ ਹੈ ਕਿ ਦੋਵੇਂ ਸਰਕਾਰਾਂ ਇਸ ਇਤਿਹਾਸਕ ਅਸਥਾਨ ਨੂੰ ਇਸ ਦੀ ਮੌਜੂਦਾ ਦਿੱਖ ਅਨੁਸਾਰ ਹੀ ਰਹਿਣ ਦੇਣ। ਗੁਰਦੁਆਰਾ ਸਾਹਿਬ ਤੇ ਇਸ ਦੇ ਲਾਗਲੀਆਂ ਇਮਾਰਤਾਂ ਦੇ ਡਿਜ਼ਾਇਨ ਵੀ ਬਦਲੇ ਨਹੀਂ ਜਾਣੇ ਚਾਹੀਦੇ।’

 

 

ਇਸ ਮੌਕੇ ਸ੍ਰੀ ਸਿੱਧੂ ਨਾਲ ਸੰਗਰੂਰ ਦੇ ਵਿਧਾਇਕ ਤੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਵੀ ਮੌਜੂਦ ਸਨ। ਸ੍ਰੀ ਸਿੱਧੂ ਸੰਗਰੂਰ ਹਲਕੇ ਵਿੱਚ ਵਿਕਾਸ ਪ੍ਰੋਜੈਕਟਾਂ ਲਈ ਫ਼ੰਡਾਂ ਦਾ ਐਲਾਨ ਕਰਨ ਲਈ ਸ਼ਹਿਰ ’ਚ ਪੁੱਜੇ ਹੋਏ ਸਨ।

 

 

ਸ੍ਰੀ ਸਿੱਧੂ ਨੇ ਕਿਹਾ ਕਿ ਉਹ ਦੋ ਕੁ ਦਿਨਾਂ ‘ਚ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਇੱਕ ਚਿੱਠੀ ਲਿਖਣਗੇ ਕਿ ਗੁਰਦੁਆਰਾ ਸਾਹਿਬ ਲਾਗਲੇ ਖੇਤਰਾਂ ਵਿੱਚ ਹੋਟਲਾਂ ਤੇ ਹੋਰ ਇਮਾਰਤਾਂ ਦੀ ਉਸਾਰੀ ਨਾ ਕੀਤੀ ਜਾਵੇ। ਉਸ ਜ਼ਮੀਨ ਨੂੰ ਸੰਭਾਲ ਕੇ ਰੱਖਿਆ ਜਾਵੇ, ਜਿੱਥੇ ਗੁਰੂ ਜੀ ਨੇ ਕਈ ਸਾਲਾਂ ਬੱਧੀ ਖੇਤੀਬਾੜੀ ਕੀਤੀ ਸੀ। ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ‘ਤੇ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਨਿਜੀ ਤੌਰ ‘ਤੇ ਵੀ ਮਿਲਣਗੇ।

 

 

ਸ੍ਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਸੰਗਰੂਰ ਵਿਧਾਨ ਸਭਾ ਹਲਕੇ ‘ਚ 151 ਕਰੋੜ ਰੁਪਏ ਸੀਵਰੇਜ ਵਿਕਾਸ ਤੇ ਹੋਰ ਪ੍ਰੋਜੈਕਟਾਂ ‘ਤੇ ਖ਼ਰਚ ਕੀਤੇ ਜਾਣਗੇ। ਸੰਗਰੂਰ ਸ਼ਹਿਰ ਦੇ ਵਿਕਾਸ ਲਈ ਰਕਮ 90 ਕਰੋੜ ਰੁਪਏ ਤੋਂ ਵਧਾ ਕੇ 108 ਕਰੋੜ ਰੁਪਏ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ 7 ਕਰੋੜ ਰੁਪਏ ਸੰਗਰੂਰ ਦੇ ਬਨਾਸਰ ਬਾਗ਼ ਦੇ ਵਿਕਾਸ ‘ਤੇ ਖ਼ਰਚ ਕੀਤੇ ਜਾਣਗੇ। ਭਵਾਨੀਗੜ੍ਹ ਕਸਬੇ ਦੇ ਸੀਵਰੇਜ ਪ੍ਰੋਜੈਕਟਾਂ ਲਈ 32 ਕਰੋੜ ਰੁਪਏ ਰੱਖੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India and Pak should refrain from development in Kartarpur