ਤਸਵੀਰ: ਸਮੀਰ ਸਹਿਗਲ
ਕਰਤਾਰਪੁਰ ਲਾਂਘੇ ਦੀ ਤੇਜ਼–ਰਫ਼ਤਾਰ ਉਸਾਰੀ ਬਾਰੇ ਦੁਵੱਲੀ ਗੱਲਬਾਤ ਦੌਰਾਨ ਭਾਰਤ ਨੇ ਅੱਜ ਪਾਕਿਸਤਾਨ ਤੋਂ ਇਸ ਮਾਮਲੇ ਬਾਰੇ ਪੁਸ਼ਟੀ ਮੰਗੀ ਕਿ ਕੀ ਖ਼ਾਲਿਸਤਾਨ ਦੇ ਹਮਾਇਤੀ ਗੋਪਾਲ ਸਿੰਘ ਚਾਵਲਾ ਨੂੰ ਸੱਚਮੁਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਤੇ ਹੋਰ ਸਾਰੀਆਂ ਸਰਕਾਰੀ ਕਮੇਟੀਆਂ ਵਿੱਚੋਂ ਕੱਢ ਦਿੱਤਾ ਗਿਆ ਹੈ ਜਾਂ ਨਹੀਂ।
ਦਰਅਸਲ, ਇਸ ਤੋਂ ਪਹਿਲਾਂ ਬੀਤੇ ਅਪ੍ਰੈਲ ਮਹੀਨੇ ਹੋਣ ਵਾਲੀ ਦੁਵੱਲੀ ਗੱਲਬਾਤ ਸਿਰਫ਼ ਇਸ ਖ਼ਾਲਿਸਤਾਨੀ ਕਾਰਨ ਰੱਦ ਕਰ ਦਿੱਤੀ ਗਈ ਸੀ। ਚਾਵਲਾ ਨੂੰ ਪਾਕਿਸਤਾਨ ਵਿੱਚ ਅੱਤਵਾਦੀ ਸੰਗਠਨ ‘ਜੈਸ਼–ਏ–ਮੁਹੰਮਦ’ ਦੇ ਮੁਖੀ ਹਾਫ਼ਿਜ਼ ਸਈਦ ਦੇ ਨੇੜੇ ਸਮਝਿਆ ਜਾਂਦਾ ਹੈ।
ਪਾਕਿਸਤਾਨੀ ਵਫ਼ਦ ਨਾਲ ਗੱਲਬਾਤ ਦੌਰਾਨ ਭਾਰਤ ਦੇ ਕੇਂਦਰੀ ਗ੍ਰਹਿ ਮੰਤਰਾਲੇ (ਅੰਦਰੂਨੀ ਸੁਰੱਖਿਆ) ਦੇ ਸੰਯੁਕਤ ਸਕੱਤਰ ਐੱਸਸੀਐੱਲ ਦਾਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਸਰਕਾਰ ਤੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਉਹ ਕਰਤਾਰਪੁਰ ਸਾਹਿਬ ਗੁਰੂਘਰ ਦੇ ਦਰਸ਼ਨਾਂ ਲਈ ਰੋਜ਼ਾਨਾ 5,000 ਸ਼ਰਧਾਲੂਆਂ ਨੂੰ ਆਉਣ–ਜਾਣ ਦੀ ਇਜਾਜ਼ਤ ਦੇਵੇ।
ਇਸ ਦੇ ਨਾਲ ਹੀ ਭਾਰਤ ਨੇ ਪਾਕਿਸਤਾਨ ਤੋਂ ਉਸ ਕੌਮਾਂਤਰੀ ਨਗਰ–ਕੀਰਤਨ ਬਾਰੇ ਵੀ ਰਸਮੀ ਤੌਰ ’ਤੇ ਸਹਿਯੋਗ ਮੰਗਿਆ, ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਭਾਰਤ ਦੀ ਰਾਜਧਾਨੀ ਦਿੱਲੀ ਤੋਂ ਪਾਕਿਸਤਾਨ ਦੇ ਸ਼ਹਿਰ ਨਨਕਾਣਾ ਸਾਹਿਬ (ਸਿੱਖ ਪੰਥ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ–ਭੂਮੀ) ਤੱਕ ਸਜਾਇਆ ਜਾਵੇਗਾ।
ਭਾਰਤ ਸਰਕਾਰ ਵੱਲੋਂ ਇਹ ਵੀ ਆਸ ਪ੍ਰਗਟਾਈ ਗਈ ਕਿ ਆਉਂਦੇ ਨਵੰਬਰ ਮਹੀਨੇ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਉਸ ਗੁਰਦੁਆਰਾ ਸਾਹਿਬ ਤੱਕ ਭਾਰਤੀ ਸ਼ਰਧਾਲੂਆਂ ਦੀ ਪਹੁੰਚ ਜ਼ਰੂਰ ਹੋ ਜਾਵੇਗੀ; ਜਿਸ ਅਸਥਾਨ ਉੱਤੇ ਗੁਰੂ ਜੀ ਨੇ ਆਪਣੇ ਜੀਵਨ ਦੇ ਅੰਤਲੇ 16 ਵਰ੍ਹੇ ਬਿਤਾਏ ਸਨ।
ਇਸ ਤੋਂ ਇਲਾਵਾ ਦੋਵੇਂ ਧਿਰਾਂ ਇਸ ਲਾਂਘੇ ਦੀ ਤੇਜ਼–ਰਫ਼ਤਾਰ ਉਸਾਰੀ ਲਈ ਇੱਕ–ਦੂਜੇ ਨਾਲ ਅਗਲੇਰੀ ਗੱਲਬਾਤ ਲਈ ਵੀ ਸਹਿਮਤ ਹੋਏ।
ਅੱਜ ਦੀ ਦੁਵੱਲੀ ਵਾਰਤਾ ਦੌਰਾਨ ਪਾਕਿਸਤਾਨੀ ਵਫ਼ਦ ਦੀ ਅਗਵਾਈ ਉੱਥੋਂ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੁਹੰਮਦ ਫ਼ੈਸਲ ਨੇ ਕੀਤੀ। ਵਫ਼ਦ ਨੇ ਭਰੋਸਾ ਦਿਵਾਇਆ ਕਿ ਕਰਤਾਰਪੁਰ ਸਾਹਿਬ ਵਾਲੇ ਪਾਸੇ ਕਿਸੇ ਵੀ ਤਰ੍ਹਾਂ ਦੀ ਭਾਰਤ–ਵਿਰੋਧੀ ਕਾਰਵਾਈ ਨਹੀਂ ਹੋਣ ਦਿੱਤੀ ਜਾਵੇਗੀ।