ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡਾ. ਓਬਰਾਏ ਹੁਣ ਦੁਬਈ 'ਚ ਫਸੇ 29 ਨੌਜਵਾਨਾਂ ਲਿਆਉਣਗੇ ਭਾਰਤ

ਕੰਪਨੀ ਵੱਲੋਂ ਧੋਖਾ ਦਿੱਤੇ ਜਾਣ ਕਾਰਨ ਦੁਬਈ 'ਚ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ 29 ਭਾਰਤੀ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਉਸ ਵੇਲੇ ਸੁੱਖ ਦਾ ਸਾਹ ਆਇਆ ਜਦੋਂ ਅਰਬ ਦੇਸ਼ਾਂ ਅੰਦਰ ਫਸੇ ਲੋਕਾਂ ਲਈ ਹਮੇਸ਼ਾ ਰੱਬ ਬਣ ਬਹੁੜਨ ਵਾਲੇ ਦੁਬਈ ਦੇ ਵੱਡੇ ਦਿਲ ਵਾਲੇ ਉੱਘੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਟਰੱਸਟ ਦੇ ਮੁੱਖੀ ਡਾ. ਐਸ.ਪੀ. ਸਿੰਘ ਓਬਰਾਏ ਵੱਲੋਂ ਉਕਤ ਨੌਜਵਾਨਾਂ ਨੂੰ ਵਾਪਸ ਭਾਰਤ ਭੇਜਣ ਦੀ ਜਿੰਮੇਵਾਰੀ ਚੁੱਕਣ ਦਾ ਫੈਸਲਾ ਲਿਆ ਗਿਆ।
 

ਇਸ ਸਬੰਧੀ ਦੁਬਈ ਤੋਂ ਜਾਣਕਾਰੀ ਸਾਂਝੀ ਕਰਦਿਆਂ ਡਾ. ਓਬਰਾਏ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੂੰ ਦੁਬਈ ਦੀ ਇੱਕ ਕੰਪਨੀ ਨੇ ਸਕਿਉਰਿਟੀ ਦੇ ਕੰਮ ਲਈ ਭਾਰਤ ਤੋਂ ਦੁਬਈ ਸੱਦਿਆ ਸੀ ਪਰ ਇਨ੍ਹਾਂ ਨੌਜਵਾਨਾਂ ਦੇ ਦੱਸਣ ਮੁਤਾਬਕ ਇਨ੍ਹਾਂ ਦੀ ਕੰਪਨੀ ਦੇ ਮਾਲਕ ਨੇ ਆਪਣੀ ਕੰਪਨੀ ਬੰਦ ਕਰ ਕੇ ਇਨ੍ਹਾਂ ਨਾਲ ਵੱਡਾ ਧੋਖਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਬੰਦ ਹੋ ਜਾਣ ਨਾਲ ਜਿੱਥੇ ਇਨ੍ਹਾਂ ਨੌਜਵਾਨਾਂ ਦਾ ਭਵਿੱਖ ਧੁੰਦਲਾ ਹੋ ਗਿਆ ਉੱਥੇ ਹੀ ਉਨ੍ਹਾਂ ਦੁਆਰਾ ਕੀਤੇ ਗਏ ਤਿੰਨ ਤੋਂ ਛੇ ਮਹੀਨਿਆਂ ਦੇ ਕੰਮ ਦੀ ਤਨਖਾਹ ਵੀ ਨਹੀਂ ਦਿੱਤੀ ਗਈ। ਜਿਸ ਕਾਰਨ ਇਨ੍ਹਾਂ ਨੂੰ ਸਿਰ ਉੱਤੇ ਛੱਤ ਜਾਣ ਦੇ ਨਾਲ-ਨਾਲ ਦੋ ਵਕਤ ਦੀ ਰੋਟੀ ਤੋਂ ਵੀ ਅਤਰ ਹੋਣਾ ਪਿਆ।
 

ਉਨ੍ਹਾਂ ਦੱਸਿਆ ਕਿ ਜਦ ਉਕਤ ਨੌਜਵਾਨਾਂ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਆਪਣੀ ਹੱਡਬੀਤੀ ਸੁਣਾਈ ਤਾਂ ਉਨ੍ਹਾਂ ਇਨ੍ਹਾਂ ਨੌਜਵਾਨਾਂ ਦੀ ਮੁਸ਼ਕਿਲ ਨੂੰ ਵੇਖਦਿਆਂ ਹੋਇਆਂ ਆਪਣੇ ਖਰਚ 'ਤੇ ਇਨ੍ਹਾਂ ਨੂੰ ਵਾਪਸ ਭਾਰਤ ਭੇਜਣ ਦਾ ਫ਼ੈਸਲਾ ਲਿਆ ਹੈ। ਜਿਸ ਤਹਿਤ ਉਹ ਇਨ੍ਹਾਂ ਨੌਜਵਾਨਾਂ ਦੇ ਵਾਪਸ ਆਉਣ ਲਈ ਲੋੜੀਂਦੇ ਜ਼ਰੂਰੀ ਕਾਗਜ਼ਾਤ ਮੁਕੰਮਲ ਕਰਨ ਤੋਂ ਇਲਾਵਾ ਦੁਬਈ ਤੋਂ ਭਾਰਤ ਦੀਆਂ ਹਵਾਈ ਟਿਕਟਾਂ ਦਾ ਖਰਚਾ ਵੀ ਖੁਦ ਕਰਨਗੇ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਚੋਂ 8 ਨੌਜਵਾਨ ਜਿਨ੍ਹਾਂ ਦੇ ਕਾਗਜ਼ਾਤ ਮੁਕੰਮਲ ਸਨ ਉਨ੍ਹਾਂ ਨੂੰ ਉਹ ਦੁਬਈ ਤੋਂ ਕੱਲ੍ਹ ਆਪ ਨਾਲ ਲੈ ਕੇ ਮੋਹਾਲੀ ਹਵਾਈ ਅੱਡੇ 'ਤੇ ਪਹੁੰਚਣਗੇ ਜਦ ਕਿ ਬਾਕੀ ਨੌਜਵਾਨਾਂ ਨੂੰ ਵੀ ਜਲਦ ਹੀ ਕਾਗਜ਼ਾਤ ਮੁਕੰਮਲ ਹੋਣ ਉਪਰੰਤ ਵਾਪਸ ਲੈ ਆਂਦਾ ਜਾਵੇਗਾ।
 

ਡਾ. ਓਬਰਾਏ ਨੇ ਇਹ ਵੀ ਦੱਸਿਆ ਕਿ ਜਿੰਨਾ ਚਿਰ ਤੱਕ ਇਹ ਨੌਜਵਾਨ ਵਾਪਸ ਨਹੀਂ ਆ ਜਾਂਦੇ ਉਨਾਂ ਚਿਰ ਤੱਕ ਦੁਬਈ ਅੰਦਰ ਇਨ੍ਹਾਂ ਦੀ ਰਿਹਾਇਸ਼ ਅਤੇ ਖਾਣੇ ਦਾ ਪ੍ਰਬੰਧ ਵੀ ਉਨ੍ਹਾਂ ਵੱਲੋਂ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਏਜੰਟਾਂ ਵੱਲੋਂ ਦੱਸੀ ਗਈ ਕੰਪਨੀ ਦੀ ਚੰਗੀ ਤਰ੍ਹਾਂ ਜਾਂਚ ਕਰਨ ਉਪਰੰਤ ਹੀ ਅਰਬ ਦੇਸ਼ਾਂ ਅੰਦਰ ਆਉਣ ਤਾਂ ਜੋ ਬੇਲੋੜੀ ਖੱਜਲ ਖ਼ੁਆਰੀ ਤੋਂ ਬਚਿਆ ਜਾ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian businessman SP Singh Oberoi help 29 indians at dubai