ਪਿਛਲੇ ਕੁਝ ਦਿਨਾਂ ਤੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਹਾਲਾਤ ਤਣਾਅਪੂਰਨ ਬਣੇ ਹੋਏ ਹਨ। ਇਸੇ ਕਾਰਨ ਅੱਜ ਪੰਜਾਬ, ਹਰਿਆਣਾ, ਹਿਮਾਚਲ ਤੇ ਜੰਮੂ–ਕਸ਼ਮੀਰ ਦੇ ਹਵਾਈ ਅੱਡਿਆਂ ਉੱਤੇ ਭੰਬਲ਼ਭੂਸੇ ਵਾਲੀ ਸਥਿਤੀ ਬਣੀ ਰਹੀ। ਦਰਅਸਲ, ਪਹਿਲਾਂ ਜਦੋਂ ਜੰਮੂ–ਕਸ਼ਮੀਰ ਵਿੱਚ ਇਕ ਹਵਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਆਈ, ਤਦ ਏਅਰ ਪੋਰਟ ਅਥਾਰਟੀ ਨੇ ਤੁਰੰਤ ਫ਼ੈਸਲਾ ਲੈਂਦਿਆਂ ਸਾਰੇ ਹਵਾਈ ਅੱਡੇ ਬੰਦ ਕਰਨ ਦਾ ਹੁਕਮ ਦੇ ਦਿੱਤਾ ਪਰ ਪੰਜ ਘੰਟਿਆਂ ਬਾਅਦ ਇਹ ਹੁਕਮ ਵਾਪਸ ਵੀ ਲੈ ਲਏ ਗਏ।
ਹਵਾਈ ਅੱਡਿਆਂ ਉੱਤੇ ਅੱਜ ਅਨਿਸ਼ਚਤਤਾ ਵਾਲਾ ਮਾਹੌਲ ਬਣਿਆ ਰਿਹਾ। ਇਹ ਹਾਲਾਤ ਬੀਤੀ 14 ਫ਼ਰਵਰੀ ਨੂੰ ਕਸ਼ਮੀਰ ਦੇ ਪੁਲਵਾਮਾ ਵਿਖੇ ਦਹਿਸ਼ਤਗਰਦ ਹਮਲੇ ਦੌਰਾਨ ਸੀਆਰਪੀਐੱਫ਼ ਦੇ 45 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਪੈਦਾ ਹੋਏ ਹਨ। ਮੰਗਲਵਾਰ ਨੂੰ ਹਵਾਈ ਹਮਲਿਆਂ ਤੋਂ ਹਾਲਾਤ ਹੋਰ ਵਿਗੜ ਗਏ।
ਪ੍ਰਾਪਤ ਜਾਣਕਾਰੀ ਮੁਤਾਬਕ ਸ੍ਰੀਨਗਰ, ਜੰਮੂ, ਅੰਮ੍ਰਿਤਸਰ ਤੇ ਚੰਡੀਗੜ੍ਹ ਸਮੇਤ ਕੁੱਲ ਨੌਂ ਹਵਾਈ ਅੱਡਿਆਂ ਉੱਤੇ ਅਫ਼ਰਾ–ਤਫ਼ਰਾ ਵਾਲਾ ਮਾਹੌਲ ਬਣਿਆ ਰਿਹਾ। ਆਮ ਜਨਤਾ ਡਾਢੀ ਪਰੇਸ਼ਾਨ ਹੋਈ। ਸਵੇਰੇ 10:30 ਵਜੇ ਹੀ ਹਵਾਈ ਅੱਡੇ ਬੰਦ ਕਰਨ ਦੇ ਹੁਕਮ ਆ ਗਏ। ਤਦ ਤੱਕ ਜੰਮੂ ਤੋਂ ਸਿਰਫ਼ ਦੋ ਉਡਾਣਾਂ ਹੀ ਰਵਾਨਾ ਹੋਈਆਂ ਸਨ।
ਅਜਿਹੇ ਹਾਲਾਤ ਦੌਰਾਨ ਜੰਮੂ ਹਵਾਈ ਅੱਡੇ ਉੱਤੇ 20 ਉਡਾਣਾਂ ਰੱਦ ਕੀਤੀਆਂ ਗਈਆਂ। ਇਸ ਕਾਰਨ ਬਹੁਤ ਸਾਰੇ ਯਾਤਰੀਆਂ ਨੂੰ ਸੜਕ ਰਸਤੇ ਤੇ ਰੇਲਾਂ ਰਾਹੀਂ ਯਾਤਰਾ ਕਰਨੀ ਪਈ। ਬੁੱਧਵਾਰ ਨੂੰ ਮਾਤਾ ਵੈਸ਼ਨੋ ਦੇਵੀ ਜਾਣ ਵਾਲੀ ਹੈਲੀਕਾਪਟਰ ਸੇਵਾ ਵੀ ਮੁਲਤਵੀ ਰੱਖੀ ਗਈ। ਸ੍ਰੀਨਗਰ ਹਵਾਈ ਅੱਡੇ ਉੱਤੇ 25 ਵਪਾਰਕ ਉਡਾਣਾਂ ਰੱਦ ਕੀਤੀਆਂ ਗਈਆਂ।