ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ `ਚ ਰੇਲ ਗੱਡੀ ਦੇ ਫ਼ਲੱਸ਼ `ਚ 4 ਘੰਟੇ ਫਸਿਆ ਰਿਹਾ ਨਵਜੰਮਿਆ ਬਾਲ

ਅੰਮ੍ਰਿਤਸਰ `ਚ ਰੇਲ ਗੱਡੀ ਦੇ ਫ਼ਲੱਸ਼ `ਚ 4 ਘੰਟੇ ਫਸਿਆ ਰਿਹਾ ਨਵਜੰਮਿਆ ਬਾਲ। ਸੰਕੇਤਾਤਮਕ ਤਸਵੀਰ

ਅੰਮ੍ਰਿਤਸਰ ਰੇਲਵੇ ਸਟੇਸ਼ਨ `ਤੇ ਗੱਡੀਆਂ ਦੇ ਡੱਬੇ ਧੋਣ ਵਾਲੇ ਪਲੇਟਫ਼ਾਰਮ ਉੱਤੇ ਉਸ ਵੇਲੇ ਮਾਹੌਲ ਬੇਹੱਦ ਦਿਲ-ਵਿੰਨ੍ਹਵਾਂ ਤੇ ਜਜ਼ਬਾਤੀ ਹੋ ਗਿਆ, ਜਦੋਂ ਹਾਵੜਾ ਐਕਸਪ੍ਰੈੱਸ ਰੇਲ ਗੱਡੀ ਦੇ ਏਅਰਕੰਡੀਸ਼ੰਡ ਡੀ-3 ਕੋਚ ਵਿੱਚ ਪਖਾਨੇ ਦੇ ਫ਼ਲੱਸ਼ `ਚ ਫਸਿਆ ਇੱਕ ਨਵਜੰਮਿਆ ਬਾਲ ਬੇਹੱਦ ਤਰਸੌਗ ਹਾਲਤ `ਚ ਮਿਲਿਆ।


ਇੱਕ ਦਿਨ ਦਾ ਇਹ ਬੱਚਾ ਬਿਨਾ ਕੱਪੜਿਆਂ ਦੇ ਸੀ। ਫ਼ਲੱਸ਼ ਦੇ ਬਾਹਰ ਸਿਰਫ਼ ਇੱਕ ਦੁਪੱਟਾ ਹੀ ਵਿਖਾਈ ਦੇ ਰਿਹਾ ਸੀ। ਸਫ਼ਾਈ ਸੇਵਕਾਂ ਨੇ ਜਦੋਂ ਉਸ ਦੁਪੱਟੇ ਨੂੰ ਖਿੱਚਿਆ, ਤਾਂ ਬੱਚਾ ਵੀ ਉਸ ਦੇ ਨਾਲ ਹੀ ਫ਼ਲੱਸ਼ `ਚੋਂ ਬਾਹਰ ਆ ਗਿਆ। ਦੁਪੱਟਾ ਉਸ ਦੀ ਗਰਦਨ ਦੁਆਲੇ ਲਿਪਟਿਆ ਹੋਇਆ ਸੀ।


ਰੇਲਵੇ ਸਟੇਸ਼ਨ ਦੇ ਵਾਸਿ਼ੰਗ ਪਲੇਟਫ਼ਾਰਮ `ਤੇ ਰੇਲ ਗੱਡੀਆਂ ਦੇ ਡੱਬੇ ਧੋਣ ਦੀ ਨਿਗਰਾਨੀ ਰੱਖਣ ਵਾਲੀ ਸਾਹਬੀ ਨੇ ਦੱਸਿਆ ਕਿ ਅੱਜ ਦੁਪਹਿਰ 2:30 ਵਜੇ ਇੱਕ ਸਫ਼ਾਈ ਸੇਵਕ ਨੇ ਫ਼ੋਨ ਕਰ ਕੇ ਦੱਸਿਆ ਕਿ ਇੱਕ ਡੱਬੇ `ਚੋਂ ਇੱਕ ਬੱਚੇ ਦੀ ਲਾਸ਼ ਮਿਲੀ ਹੈ। ਪਰ ਸਾਹਬੀ ਨੇ ਜਾ ਕੇ ਜਦੋਂ ਆਪਣੀ ਨਿਗਰਾਨੀ `ਚ ਉਹ ਬੱਚਾ ਫ਼ਲੱਸ਼ `ਚੋਂ ਬਾਹਰ ਕੱਢਿਆ, ਤਾਂ ਉਹ ਜਿਊਂਦਾ ਸੀ। ਉਹ ਠੰਢ ਨਾਲ ਬੁਰੀ ਤਰ੍ਹਾਂ ਕੰਬ ਰਿਹਾ ਸੀ। ਉਸ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰ ਕੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਤੇ ਸਰਕਾਰੀ ਰੇਲਵੇ ਪੁਲਿਸ ਨੂੰ ਇਸ ਬਾਰੇ ਸੁਚਿਤ ਕੀਤਾ ਗਿਆ।


ਸਿਵਲ ਹਸਪਤਾਲ ਦੇ ਡਾ. ਸੰਦੀਪ ਨੇ ਦੱਸਿਆ ਬੱਚੇ ਨੂੰ ਗਰਮ ਕਰਨ ਲਈ ਪਹਿਲਾਂ ਹੀਟਰ ਨਾਲ ਉਸ ਦੇ ਸਰੀਰ ਨੂੰ ਨਿੱਘ ਪਹੁੰਚਾਇਆ ਗਿਆ। ਬੱਚੇ ਦੇ ਇਲਾਜ ਲਈ ਚਾਰ ਮਾਹਿਰ ਡਾਕਟਰਾਂ ਦੀ ਡਿਊਟੀ ਲਾਈ ਗਈ ਹੈ। ਬੱਚਾ ਹੁਣ ਖ਼ਤਰੇ ਤੋਂ ਬਾਹਰ ਹੈ।


ਅੰਮ੍ਰਿਤਸਰ ਜੀਆਰਪੀ ਦੇ ਐੱਸਐੱਚਓ ਬਲਬੀਰ ਸਿੰਘ ਨੇ ਦੱਸਿਆ ਕਿ ਇਹ ਰੇਲ ਗੱਡੀ ਸਵੇਰੇ 10:30 ਵਜੇ ਅੰਮ੍ਰਿਤਸਰ ਪੁੱਜ ਗਈ ਸੀ ਤੇ ਉਸ ਤੋਂ ਬਾਅਦ ਉਸ ਨੂੰ ਵਾਸਿ਼ੰਗ ਪਲੇਟਫ਼ਾਰਮ `ਤੇ ਭੇਜਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਬੱਚੇ ਦੀ ਹਾਲਤ ਵੇਖ ਕੇ ਇੰਝ ਜਾਪਦਾ ਹੈ ਕਿ ਉਹ ਪਖਾਨੇ ਦੇ ਫ਼ਲੱਸ਼ `ਚ ਇੰਨੀ ਸਖ਼ਤ ਠੰਢ ਵਿੱਚ ਘੱਟੋ-ਘੱਟ ਚਾਰ ਘੰਟੇ ਫਸਿਆ ਰਿਹਾ ਹੋਵੇਗਾ। ਅਜਿਹੇ ਹਾਲਾਤ `ਚ ਇੱਕ ਦਿਨ ਦੇ ਬੱਚੇ ਦਾ ਜਿਊਂਦਾ ਬਚਣਾ ਵੀ ਆਪਣੇ-ਆਪ `ਚ ਹੀ ਹੈਰਾਨੀਜਨਕ ਹੈ। ਉਨ੍ਹਾਂ ਦੱਸਿਆ ਕਿ ਅਣਪਛਾਤੇ ਮਾਪਿਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਰੇਲਵੇ ਸਟੇਸ਼ਨ ਦੇ ਸੀਸੀਟੀਵੀ ਕੈਮਰਿਆਂ ਦੀ ਵਿਡੀਓ ਫ਼ੁਟੇਜ ਦੀ ਵੀ ਪੜਚੋਲ ਕੀਤੀ ਜਾ ਰਹੀ ਹੈ, ਤਾਂ ਜੋ ਮੁਲਜ਼ਮ ਬਾਰੇ ਕੋਈ ਸੁਰਾਗ਼ ਲੱਗ ਸਕੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:infant remained trapped in Amritsar Rail Coach toilet flush