ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛੱਤਵਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮੁੱਖ ਖੇਤੀਬਾੜੀ ਅਫ਼ਸਰ ਮਨਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਹੜ੍ਹ ਪ੍ਰਭਾਵਿਤ ਵੱਖ-ਵੱਖ ਪਿੰਡਾਂ ਵਿੱਚ ਕੈਂਪ ਲਾ ਕੇ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਨੂੰ ਬਚਾਉਣ ਲਈ ਜਾਣਕਾਰੀ ਦਿੱਤੀ।
ਖੇਤੀਬਾੜੀ ਵਿਭਾਗ ਵੱਲੋਂ ਪਿੰਡ ਤੇਜ਼ਾ ਰੁਹੇਲਾ, ਚੱਕ ਰੁਹੇਲਾ, ਰੇਤੇ ਵਾਲੀ ਭੈਣੀ ਅਤੇ ਗੁਲਾਬਾ ਭੈਣੀ ਵਿਖੇ ਕੈਂਪ ਲਗਾ ਕੇ ਤਕਨੀਕੀ ਜਾਣਕਾਰੀ ਦਿੱਤੀ ਗਈ।
ਕਿਸਾਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਹੜ੍ਹ ਦਾ ਪਾਣੀ ਘਟਣ ਤੋਂ ਬਾਅਦ ਜਦ ਝੋਨੇ ਦੇ ਖੇਤ ਵਿਚ ਪੈਦਲ ਚੱਲਣਾ ਸੰਭਵ ਹੋ ਜਾਵੇ ਤਾਂ ਕਿਸਾਨ 2 ਫੀਸਦੀ ਯੂਰੀਆ ਦੇ ਘੋਲ ਦਾ ਛਿੜਕਾਅ ਕਰਨ।
ਉਨ੍ਹਾਂ ਕਿਹਾ ਕਿ ਇਸ ਲਈ 2 ਕਿਲੋ ਯੁੂਰੀਆ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕੀ ਜਾ ਸਕਦੀ ਹੈ। ਕੈਂਪ ਦੌਰਾਨ ਜਾਣਕਾਰੀ ਦਿੰਦਿਆਂ ਸਹਾਇਕ ਕਪਾਹ ਵਿਸਥਾਰ ਅਫ਼ਸਰ ਗੁਰਮੀਤ ਸਿੰਘ ਚੀਮਾ ਅਤੇ ਰਾਜਦਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਝੋਨੇ ਦੀ ਫ਼ਸਲ 'ਤੇ 80 ਗ੍ਰਾਮ ਨੇਟੀਵੋ, 200 ਗ੍ਰਾਮ ਐਮੀਸਟਾਰ ਟੋਪ 325 ਤਾਕਤ / ਫੌਲੀਨਰ 25 ਤਾਕਤ ਸਪਰੇਅ ਕਰੋ।
ਉਨ੍ਹਾਂ ਦੱਸਿਆ ਕਿ ਤਵੇ ਦੇ ਗੰਡੂਏ ਅਤੇ ਪਤਾ ਲਪੇਟ ਲਈ ਫਲੂਬੈਂਡਾਮਾਈਡ 20 ਮਿਲੀਲੀਟਰ ਜਾਂ ਕਾਰਟਾਪ ਹਾਈਡਰੋਕਲੋਰਾਈਡ 170 ਗ੍ਰਾਮ ਪ੍ਰਤੀ ਏਕੜ ਛਿੜਕਾਅ ਕੀਤਾ ਜਾਵੇ। ਖੇਤੀਬਾੜੀ ਅਫ਼ਸਰ ਸਰਵਨ ਕੁਮਾਰ ਨੇ ਦੱਸਿਆ ਕਿ ਉਕਤ ਦਵਾਈਆਂ ਤੋਂ ਇਲਾਵਾ ਜੇਕਰ ਫ਼ਸਲ ਖ਼ਰਾਬ ਹੋਣ ਜਾਂ ਕੀੜਾ ਲੱਗਣ ਦਾ ਖਦਸ਼ਾ ਰਹਿੰਦਾ ਹੈ ਤਾਂ ਤੁਰੰਤ ਆਪਣੇ ਨੇੜਲੇ ਬਲਾਕ ਖੇਤੀਬਾੜੀ ਦਫ਼ਤਰ ਨਾਲ ਰਾਬਤਾ ਕਰਕੇ ਸਲਾਹ ਲੈ ਸਕਦੇ ਹਨ।
ਕੈਂਪ ਲਗਾ ਕੇ ਪਸ਼ੂਆਂ ਦਾ ਕੀਤਾ ਟੀਕਾਕਰਨ
ਹੜ੍ਹ ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਨੂੰ ਜਿਥੇ ਫ਼ਸਲਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਉਥੇ ਪਸ਼ੂ-ਪਾਲਣ ਵਿਭਾਗ ਵੱਲੋਂ ਵੀ ਪਸ਼ੂਆਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਪਸ਼ੂਆਂ ਦਾ ਦਵਾਈਆਂ ਤੇ ਟੀਕਾਕਰਨ ਕੀਤਾ ਜਾ ਰਿਹਾ ਹੈ।