ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿੰਨੀ ਕਹਾਣੀ ਦੇ ਮੁਢਲੇ ਰਾਹਾਂ ਦਾ ਪਾਂਧੀ - ਧਰਮਪਾਲ ਸਾਹਿਲ

ਮਿੰਨੀ ਕਹਾਣੀ ਦੇ ਮੁਢਲੇ ਰਾਹਾਂ ਦਾ ਪਾਂਧੀ - ਧਰਮਪਾਲ ਸਾਹਿਲ

ਮਿੰਨੀ ਕਹਾਣੀ ਦੇ ਵੱਡੇ ਸਿਰਜਕ-23
ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ

 

ਧਰਮਪਾਲ ਸਾਹਿਲ ਪੰਜਾਬੀ ਤੇ ਹਿੰੰਦੀ ਸਾਹਿਤ ਜਗਤ ਵਿੱਚ ਇੱਕ ਜਾਣਿਆਂ ਪਹਿਚਾਣਿਆਂ ਨਾਂ ਹੈ। ਪੰਜਾਬੀ ਮਿੰਨੀ ਕਹਾਣੀ ਦੇ ਵਿੱਚ ਸਾਹਿਲ ਦਾ ਨਾਂ ਮੂਹਰਲੀਆਂ ਕਤਾਰਾਂ ਵਿੱਚ ਆਉਂਦਾ ਹੈ। ਪੰਜਾਬੀ ਮਿੰਨੀ ਕਹਾਣੀ ਨੂੰ ਪੱਕੇ ਪੈਰੀ ਕਰਨ ਵਿੱਚ ਇੰਨ੍ਹਾਂ ਦੇ ਯੋਗਦਾਨ ਨੂੰ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ। ਬਹੁਤ ਹੀ ਸਾਦਾ ਤੇ ਸਾਊ ਇਨਸਾਨ ਨਾਲ ਮੇਰੀ ਪਹਿਲੀ ਮੁਲਾਕਾਤ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਵਿਖੇ ਅੱਜ ਤੋਂ ਲਗਭਗ ਵੀਹ ਕੁ ਵਰ੍ਹੇ ਪਹਿਲਾਂ ਇੱਕ ਅੰਤਰਰਾਜੀ ਮਿੰਨੀ ਕਹਾਣੀ ਸਮਾਗਮ ਦੌਰਾਨ ਹੋਈ ਸੀ। ਸਬੱਬੀ ਉਸ ਸਮੇਂ ਹੀ ਹਰਪ੍ਰੀਤ ਸਿੰਘ ਰਾਣਾ (ਸੰਪਾਦਕ ‘ਛਿਣ’), ਹਰਮਨਜੀਤ (ਸਹਿ-ਸੰਪਾਦਕ ‘ਵਿਧਾ’)  ਅਤੇ ਵਿਵੇਕ ਵੀ ਮੇਰੇ ਸਾਹਿਤਕ ਮਿੱਤਰਾਂ ਦੀ ਢਾਣੀ ਵਿੱਚ ਸ਼ਾਮਿਲ ਹੋਏ। 


ਧਰਮਪਾਲ ਸਾਹਿਲ ਨਾਲ ਇਸ ਤੋਂ ਬਾਅਦ ਵੀ ਕਈ ਸਾਹਿਤਕ ਸਮਾਗਮਾਂ ਤੇ ਮਿਲਣ ਦਾ ਮੌਕਾ ਪ੍ਰਾਪਤ ਹੋਇਆ। ਗੱਲਬਾਤ, ਸਲੀਕੇ ਤੋਂ ਮਿੰਨੀ ਕਹਾਣੀ ਪ੍ਰਤੀ ਸ਼ਿੱਦਤ, ਪਿਆਰ ਤੇ ਅਪਣੇਪਨ ਦਾ ਅਨੁਮਾਨ ਸਹਿਜੇ ਹੀ ਅਨੁਭਵ ਹੋ ਜਾਂਦਾ ਹੈ।ਇੱਕਲੀ ਮਿੰਨੀ ਕਹਾਣੀ ਹੀ ਨਹੀਂ, ਸਾਹਿਤ ਦੀਆਂ ਦੂਜੀਆਂ ਵੰਨਗੀਆਂ ਨਾਵਲ, ਕਹਾਣੀ, ਸਫਰਨਾਮਾ ਆਦਿ ਵਿੱਚ ਡੂੰਘੀ ਪਹਿਚਾਣ ਹੈ। ਪਿੱਛੇ ਜਿਹੇ ਆਇਆ ਇਨਾਂ ਦਾ ਨਾਵਲ ‘ਪਥਰਾਟ’ ਸਾਹਿਤਕ ਹਲਕਿਆਂ ਵਿੱਚ ਬੜਾ ਸਲਾਹਿਆ ਗਿਆ ਹੈ।


ਮਿੰਨੀ ਕਹਾਣੀ ਤੋਂ ਇਲਾਵਾ ਨਾਵਲ, ਕਹਾਣੀ, ਸਫਰਨਾਮਾ, ਕਵਿਤਾ ਦੇ ਨਾਲ ਨਾਲ ਕੰਢੀ-ਪਹਾੜੀ ਦੇ ਇਲਾਕੇ ਬਾਰੇ ਖੋਜ ਪੁਸਤਕਾਂ ਦੀ ਰਚਨਾ ਕਰ ਚੁੱਕੇ ਹਨ। ਪੰਜਾਬੀ ਦੇ ਨਾਲ ਨਾਲ ਹਿੰਦੀ ਦੇ ਵਿਚ ਵੀ ਇਨ੍ਹਾਂ ਦੀਆਂ ਕਈ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਤਿੰਨ ਦਰਜਨ ਦੇ ਲਗਭਗ ਪੁਸਤਕਾਂ ਦਾ ਅਨੁਵਾਦ ਕਰ ਚੁੱਕੇ ਹਨ।ਇਨ੍ਹਾਂ ਨੂੰ ਕਈ ਵੱਕਾਰੀ ਮਾਨ-ਸਨਮਾਨ ਮਿਲ ਚੁੱਕੇ ਹਨ।


ਧਰਮਪਾਲ ਸਾਹਿਲ ਦੇ ਦੋ ਮਿੰਨੀ ਕਹਾਣੀ ਸੰਗ੍ਰਹਿ ‘ਅੱਕ ਦੇ ਬੀਅ’ ਅਤੇ ‘ਆਈਨਾ ਝੂਠ ਬੋਲਦਾ ਹੈ’ ਪ੍ਰਕਾਸ਼ਿਤ ਹੋਏ ਹਨ।ਮਿੰਨੀ ਕਹਾਣੀ ਦੇ ਸ਼ੁਰੂਆਤੀ ਦੌਰ ਵਿਚ ਇਹ ਇਸ ਵਿਧਾ ਦੇ ਪ੍ਰਚਾਰ ਪਸਾਰ ਹਿੱਤ ਬਹੁਤ ਕਾਰਜ ਕਰਦੇ ਰਹੇ ਹਨ।ਮਿੰਨੀ ਕਹਾਣੀ ਦੇ ਸਮਾਗਮਾਂ ਵਿਚ ‘ਮਿੰਨੀ ਕਹਾਣੀ ਪੋਸਟਰ ਪ੍ਰਦਰਸ਼ਨੀ’ ਲਾਉਣਾ ਇਨ੍ਹਾਂ ਦਾ ਸ਼ੌਕ ਰਿਹਾ ਹੈ ਅਤੇ ਇਸ ਵਿਧਾ ਨੂੰ ਸਮਰਪਿਤ ਜੇਬੀ ਅਕਾਰ ਦਾ ਪਰਚਾ ‘ਵਿਧਾ’ ਵੀ ਪ੍ਰਕਾਸ਼ਿਤ ਕਰਦੇ ਰਹੇ ਹਨ।

ਪੜ੍ਹਦੇ ਹਾਂ ਇਨ੍ਹਾਂ ਦੀਆਂ ਮਿੰਨੀ ਕਹਾਣੀਆਂ:-

ਜੰਜ਼ੀਰਾਂ

“ਵਿਨੋਦ ਮੇਰੇ ਪੈਰ ਮਜ਼ਬੂਰੀ ਦੀਆਂ ਜੰਜ਼ੀਰਾਂ ਨਾਲ ਜਕੜੇ ਹਲ। ਮੈਂ ਸਮਾਜ ਦੇ ਰੀਤੀ-ਰਿਵਾਜਾਂ ਦੇ ਉੱਚੇ ਪਹਾੜ ਲੰਘ ਕੇ ਤੇਰੇ ਨਾਲ ਦੁਨੀਆਂ ਨਹੀਂ ਵਸਾ ਸਕਦੀ। ਮੈਨੂੰ ਗਲਤ ਨਾ ਸਮਝੀਂ....।”

“ਠੀਕ ਹੈ ਜੂਲੀ, ਜਿਥੇ ਤੇਰੇ ਮਾਂ-ਪਿਓ ਕਹਿੰਦੇ ਨੇ ਉਥੇ ਹੀ ....। ਬਸ ਖੁਸ਼ ਰਹਿ। ਜਿਥੇ ਵੀ ਰਹਿ।” ਕਲੇਜੇ ਤੇ ਪੱਥਰ ਰਖ ਕੇ ਕੰਬਦੀ ਉਦਾਸ ਆਵਾਜ਼ ਵਿਚ ਵਿਨੋਦ ਨੇ ਕਿਹਾ।

ਹਮੇਸ਼ਾ - ਹਮੇਸ਼ਾ ਲਈ ਬਿਖੜੇ ਪੈਂਡਿਆਂ ਤੇ ਤੁਰਨ ਦਾ ਫੈਸਲਾ ਕਰਕੇ ਦੋਵੇਂ ਆਪਣੇ ਘਰ ਪਰਤਣ ਲਈ ਬਸ ਫੜਨ ਲੱਗੇ। ਅਚਾਨਕ ਬੱਸੋਂ ਉਤਰਦਿਆਂ ਇਕ ਨੌਜੁਵਾਨ ਨੇ ਜੁਲੀ ਦੇ ਹੱਥ ਤੇ ਹੱਥ ਰੱਖ ਕੇ ਸ਼ਰਾਰਤ ਕੀਤੀ।

ਇਹ ਵੇਖਦਿਆਂ ਹੀ ਵਿਨੋਦ ਨੇ ਨੌਜੁਵਾਨ ਤੇ ਘਸੁੰਨਾ ਦੀ ਵਰਖਾ ਕਰਤੀ।

ਨੌਜਵਾਨ ਭੱਜ ਗਿਆ।

“ਬਸ! ਇਨ੍ਹਾਂ ਵੀ ਬਰਦਾਸ਼ਤ ਨਹੀਂ ਹੋਇਆ ਵਿਨੋਦ। ਹੁਣੇ-ਹੁਣੇ ਹੀ ਤਾਂ ਤੂੰ ਮੈਨੂੰ ਹਮੇਸ਼ਾਂ ਲਈ ਗੈਰ ਦੇ ਹੱਥ ਵਿਚ ਸੌਂਪਣ ਦਾ ਫੈਸਲਾ ਕੀਤਾ ਸੀ।” ਜੁਲੀ ਨੇ ਭਰੇ ਗੱਚ ਨਾਲ ਕਿਹਾ।

ਵਿਨੋਦ ਦੀਆਂ ਅੱਖਾਂ ਡੁਲ੍ਹਕ ਪਈਆਂ।

==========

ਅੰਨ੍ਹੇ

“ਉਸ ਨਾਲ ਤੇਰਾ ਵਿਆਹ ਨਹੀਂ ਹੋ ਸਕਦਾ ?”

“ਕਿਉਂ ?”

“ਉਹ ਗੈਰ ਮਜ਼ਹਬ ਦੀ ਹੈ।”

“ਪਰ ਮੈਨੂੰ ਤਾਂ ਪਿਛਲੇ ਚਾਰ ਸਾਲਾਂ `ਚ ਉਸ ਵਿਚ ਸਿਰ ਤੋਂ ਪੈਰਾਂ ਤਾਈਂ ਪਿਆਰ ਹੀ ਪਿਆਰ ਨਜ਼ਰ ਆਇਆ ਹੈ।”

“ਤੂੰ ਇਸ਼ਕ ਵਿਚ ਅੰਨ੍ਹਾ ਹੋ ਚੁਕਿਆ ਏਂ। ਸਾਡੇ ਵਾਂਗ ਅੱਖਾਂ ਖੁਲ੍ਹੀਆਂ ਰੱਖੇ ਤਾਂ ਪਤਾ ਲੱਗੇ।”

“ਜੇ ਖੁਲ੍ਹੀਆਂ ਅੱਖਾਂ ਨਾਲ ਇਹ ਕੁਝ ਨਜ਼ਰ ਆਉਂਦਾ ਹੈ ਤਾਂ ਮੈਂ ਅੰਨ੍ਹਾ ਰਹਿਣਾ ਹੀ ਪਸੰਦ ਕਰਾਂਗਾ।”

===========

 

ਹੰਕਾਰ

“ਅਲੱਖ ਨਿਰੰਜਣ ... ਬਾਬਿਆਂ ਨੂੰ ਨਿਹਾਲ ਕਰੋ।”

ਦਰਵਾਜੇ ਜੇਡਾ ਕੱਦ। ਰਿਸ਼ਟ -ਪੁਸ਼ਟ ਸਰੀਰ। ਸਿਰ ਤੋਂ ਜਟੂਰੀਆਂ। ਕੰਨਾਂ `ਚ ਕੁੰਡਲ। ਗਲੇ `ਚ ਰੁਦਰਾਖ। ਤੇੜ ਜੋਗੀਆਂ ਧੋਤੀ। ਇਕ ਹੱਥ `ਚ ਚਿਮਟਾ। ਦੂਸਰੇ ਹੱਥ `ਚ ਫੜਿਆ ਕਾਸਾ ਉੱਚਾ ਕਰਕੇ ਉਸ ਫਿਰ ਕਿਹਾ।

“ਬੇਟੀ ! ਬਾਬਿਆਂ ਨੂੰ ਪ੍ਰਸ਼ਾਦੇ ਛਕਾਉ।”

“ਬਾਬਾ ਜੀ, ਤੁਸੀਂ ਸਰੀਰੋਂ ਤਕੜੇ ਹੋ ਕੇ ਵੀ ਭੀਖ ਕਿਉਂ ਮੰਗਦੇ ਹੋ।” ਮੈਥੋਂ ਅਚਾਨਕ ਪ੍ਰਸ਼ਨ ਸੁਣ ਕੇ ਬਾਬਿਆਂ ਨੇ ਕੈਰੀ ਨਜ਼ਰ ਮੇਰੀਆਂ ਅੱਖਾਂ ਤੇ ਟਿਕਾਉਂਦਿਆਂ ਕਿਹਾ -

“ਬੇਟੀ, ਸਾਧੂ ਦਾ ਧਰਮ ਹੈ। ਰੱਬ ਦਾ ਨਾਮ ਜਪਣਾ। ਭੀਖ ਮੰਗ ਕੇ ਪੇਟ ਭਰਨਾ। ਭੀਖ ਮੰਗਣ ਨਾਲ  ਅਹੰਕਾਰ ਦਾ ਨਾਸ਼ ਹੁੰਦਾ ਹੈ। ਅਹੰਕਾਰ ਜਿਹੜਾ ਵਿਨਾਸ਼ ਦਾ ਮੂਲ ਹੈ।” 

“ਪਰ ਬਾਬਾ ਜੀ, ਮਿਹਨਤ ਕਰਕੇ ਕਮਾ ਕੇ ਖਾਣ ਵਿਚ ਤੇ ਅਨੌਖੀ ਸੰਤੁਸ਼ਟੀ ਦਾ ਅਨੁਭਵ ਹੁੰਦਾ ਹੈ। ਇੰਜ ਕਰਨ ਨਾਲ ਕਿਹੜੀ ਤਪੱਸਿਆ ਭੰਗ ਹੁੰਦੀ ਹੈ। ਉਹ ਵੇਖੋ ਸਿਖਰ ਦੁਪਹਿਰੇ ਮਜ਼ਦੂਰ ਕੰਮ ਕਰ ਰਹੇ ਹਨ। ਸ਼ਾਮ ਨੂੰ ਇਹਨਾਂ ਆਪਣੀ ਮਜ਼ਦੂਰੀ ਨਾਲ ਆਪਣੇ ਪਰਿਵਾਰ ਦਾ ਪੇਟ ਭਰਨਾ ਹੈ।” ਮੈਂ ਸਾਮ੍ਹਣੇ ਮਕਾਨ ਬਣਾਉਂਦੇ ਮਜ਼ਦੂਰਾਂ ਵਲ ਇਸ਼ਾਰਾ ਕਰਦਿਆਂ ਕਿਹਾ।

“ਬੇਟੀ, ਤੂੰ ਪ੍ਰਸਾਦੇ ਨਹੀਂ ਛਕਾਨੇ ਨਾ ਛਕਾ .... ਪਰ .... ਤੈਨੂੰ ਬਾਬਿਆਂ ਦੀ ਤੁਲਨਾ ਇਹਨਾਂ ਕਮੀਨ ਜਾਤ ਮਜਦੂਰਾਂ ਨਾਲ ਕਰਕੇ ਸਾਡਾ ਅਪਮਾਨ ਕਰਨ ਦਾ ਕੋਈ ਹੱਕ ਨਹੀਂ ਹੈ।” ਬਾਬਿਆਂ ਦਾ ਚਿਹਰਾ ਕਰੋਧ ਨਾਲ ਭੱਖ ਰਿਹਾ ਸੀ।

========

 

ਧੁੰਦਲੇ ਹੁੰਦੇ ਅਕਸ

ਪੇਸ਼ੇ ਮੁਤਾਬਕ ਉਹ ਇਕ ਬਾਰਾਤ ਨਾਲ ਫੋਟੋ ਖਿੱਚਣ ਗਿਆ ਸੀ। ਪਰੀਆਂ ਵਰਗੀ ਨਵਵਿਆਹੁਤਾ ਦਾ ਖੂਬਸੂਰਤ ਅਕਸ਼, ਕੈਮਰੇ ਦੇ ਨਾਲ ਨਾਲ ਉਸ ਦੇ ਦਿਲ ਵਿਚ ਵੀ ਕੈਦ ਹੋ ਗਿਆ ਸੀ। ਉਸ ਆਪਣੀ ਦੁਕਾਨ ਦੇ ਸ਼ੋਅ ਕੇਸ ਵਿਚ ਉਸ ਅਪਸਰਾਂ ਦੀ ਮੁਸਕਰਾਉਂਦੀ ਤਸਵੀਰ   ਕਰਕੇ ਸਜਾ ਲਈ ਸੀ।

ਕੁਝ ਦਿਨਾਂ ਮਗਰੋਂ, ਇਕ ਤੜਕਸਾਰ ਪੁਲਿਸ ਵਾਲੇ ਉਸ ਨੂੰ ਆਪਣੇ ਨਾਲ ਲੈ ਗਏ। ਪੁਲਿਸ ਦੀ ਗੱਡੀ ਉਸ ਅਪਸਰਾ ਵਾਲੀ ਕਲੋਨੀ ਵਲ ਮੁੜੀ ਤੇ ਉਸ ਦੇ ਦਿਲ ਵਿਚ ਉਸ ਪਰੀ ਦੇ ਦਰਸ਼ਨਾਂ ਦੀ ਹਸਰਤ ਤੇ ਅੰਕੁਰ ਫੁਟਣ ਲਗੇ। ਉਦੋਂ ਉਸ ਦੀ ਹੈਰਾਨੀ ਦੀ ਕੋਈ ਸੀਮਾ ਨਹੀਂ ਰਹੀ ਜਦੋਂ ਪੁਲਿਸ ਗਡੀ ਉਸੇ ਕੋਠੀ ਮੁਹਰੇ ਆ ਕੇ ਰੁਕ ਗਈ। ਅੰਦਰ ਵੜਦਿਆਂ ਉਸਦੀਆਂ ਨਜ਼ਰਾਂ, ਉਥੇ ਇਕਠੀ ਭੀੜ `ਚੋਂ ਉਸ ਪਰੀ ਨੂੰ ਲਭ ਰਹੀਆਂ ਸਨ। ਉਹ ਡੈਂਬਰਿਆ ਹੋਇਆ ਉਸ ਪੁਲਿਸ ਵਾਲਿਆਂ ਮਗਰ ਮਗਰ ਇਕ ਕਮਰੇ ਵਿਚ ਚਲਿਆ ਗਿਆ। ਉਸਨੂੰ ਪਲੰਗ ਤੇ ਪਈ ਇਕ ਲਾਸ਼ ਦੀ ਤਸਵੀਰ ਖਿਚਣ ਦਾ ਹੁਕਮ ਹੋਇਆ। ਠਾਣੇਦਾਰ ਨੇ ਜਿਵੇਂ ਹੀ ਕਪੜਾ ਹਟਾ ਕੇ ਲਾਸ਼ ਦਾ ਚਿਹਰਾ ਨੰਗਾ ਕੀਤਾ। ਉਸ ਪਰੀ ਦਾ ਅਧਜਲਿਆ ਮੁਖ ਵੇਖ ਕੇ ਕੈਮਰਾ ਉਸ ਦੇ ਹਥੋਂ ਛੁਟ ਕੇ ਫਰਸ਼ ਤੇ ਡਿੱਗ ਗਿਆ। 

===========

 

ਲਾ ਜਵਾਬ

“ਵਿਦਿਆਰਥੀਓ! ਜਿਹੜੇ ਪ੍ਰਾਣੀ ਹਰੀਆਂ ਸਬਜੀਆਂ ਖਾਂਦੇ ਹਨ, ਉਨ੍ਹਾਂ ਨੂੰ ਸ਼ਾਕਾਵਾਰੀ ਜਿਹੜੇ ਮਾਸ ਖਾਂਦੇ ਹਨ, ਮਾਸਾਹਾਰੀ ਅਤੇ ਜਿਹੜੇ ਸਾਗ ਤੇ ਮਾਸ ਦੋਨੋਂ ਖਾਂਦੇ ਹਨ, ਉਨ੍ਹਾ ਨੂੰ ਸਰਬਹਾਰੀ ਕਿਹਾ ਜਾਂਦਾ ਹੈ।”

“ਮਾਸਟਰ ਜੀ! ਜਿਹੜੇ ਪ੍ਰਾਣੀ ਰੇਤ, ਬਜਰੀ, ਲੋਹਾ, ਸੀਮਿੰਟ ਤੇ ਇੱਟਾਂ ਵੀ ਖਾ ਜਾਂਦੇ ਹਨ, ਉਨ੍ਹਾਂ ਨੂੰ ਕੀ ਕਹਿੰਦੇ ਹਨ ?”

ਡੌਰ ਭੌਰ ਹੋਏ ਅਧਿਆਪਕ ਦੀਆਂ ਅੱਖਾਂ ਹੈਰਾਨੀ ਨਾਲ ਖੁਲ੍ਹੀਆਂ ਰਹਿ ਗਈਆਂ।

ਮਾਸਟਰ ਜੀ ਨੂੰ ਲਾ-ਜਵਾਬ ਦੇਖ ਵਿਦਿਆਰਥੀ ਨੇ ਕਿਹਾ “ਮਾਸਟਰ ਜੀ ਮੈਂ ਦੱਸਾਂ।”

“ਹਾਂ ਦਸੋ?”

“ਮਾਸਟਰ ਜੀ ... ਮੇਰੇ ਪਾਪਾ।”

“ਤੁਹਾਡੇ ਪਾਪਾ।” ਮਾਸਟਰ ਜੀ ਨੇ ਹੈਰਾਨੀ ਨਾਲ ਪੁੱਛਿਆ। 

“ਹਾਂ ਮਾਸਟਰ ਜੀ, ਪਾਪਾ ਕੱਲ੍ਹ ਰਾਤੀਂ ਮੰਮੀ ਨੂੰ ਦੱਸ ਰਹੇ ਸੀ ਕਿ ਇਸ ਵਾਰ ਉਨ੍ਹਾਂ ਨੂੰ ਜਿਹੜਾ ਠੇਕਾ ਮਿਲਣਾ ਹੈ, ਉਸ ਵਿਚ ਸੀਮਿੰਟ, ਲੋਹਾ, ਰੇਤ, ਆਦਿ ਖਾਣ ਦੀ ਬੜੀ ਗੁੰਜਾਇਸ਼ ਹੈ।” ਵਿਦਿਆਰਥੀ ਨੇ ਮਾਣ ਨਾਲ ਕਿਹਾ।

=============

 

ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ

ਜਗਦੀਸ਼ ਰਾਏ ਕੁਲਰੀਆਂ
   

 #46, ਇੰਪਲਾਈਜ਼ ਕਾਲੋਨੀ, ਬਰੇਟਾ, ਜਿਲਾ ਮਾਨਸਾ (ਪੰਜਾਬ) – 151501

ਮੋਬਾਈਲ: 95018 77033

ਈਮੇਲ: jagdishkulrian@gmail.com

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Initial Days Accomplice of Mini Kahani Dharampal Sahil