ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ `ਚ ਅਮਰੀਕਾ ਦੇ ਪੰਜਾਬੀ ਲੇਖਕ ਅਵਤਾਰ ਸਿੰਘ ਬਿਲਿੰਗ ਨਾਲ ਰੂ-ਬ-ਰੂ

ਚੰਡੀਗੜ੍ਹ `ਚ ਅਮਰੀਕਾ ਦੇ ਪੰਜਾਬੀ ਲੇਖਕ ਅਵਤਾਰ ਸਿੰਘ ਬਿਲਿੰਗ ਨਾਲ ਰੂ-ਬ-ਰੂ

‘ਇੱਕ ਲੇਖਕ ਨੂੰ ਲਿਖਣ ਲਈ ਤਿੰਨ ਚੀਜ਼ਾਂ ਚਾਹੀਦੀਆਂ ਹੁੰਦੀਆਂ ਹਨ - ਤਜਰਬਾ, ਕਲਪਨਾ ਸ਼ਕਤੀ ਤੇ ਦੂਰ-ਦ੍ਰਿਸ਼ਟੀ।` ਇਹ ਪ੍ਰਗਟਾਵਾ ਅਮਰੀਕਾ `ਚ ਰਹਿੰਦੇ ਪੰਜਾਬੀ ਲੇਖਕ ਅਵਤਾਰ ਸਿੰਘ ਬਿਲਿੰਗ ਨੇ ਐਤਵਾਰ ਨੂੰ ਕੀਤਾ। ਉਨ੍ਹਾਂ ਕਿਹਾ ਕਿ ਤਜਰਬਾ ਤੁਹਾਡਾ ਆਪਣਾ ਵੀ ਹੋ ਸਕਦਾ ਹੈ ਤੇ ਕਿਸੇ ਤੋਂ ਸੁਣਿਆ-ਸੁਣਾਇਆ ਵੀ। ਕੁਝ ਵੀ ਲਿਖਣ ਲਈ ਦੂਰ-ਦ੍ਰਿਸ਼ਟੀ ਦੀ ਜ਼ਰੂਰਤ ਹੁੰਦੀ ਹੈ, ਜਿੱਥੇ ਅੰਤ `ਚ ਤੁਸੀਂ ਆਪਣੀ ਕੋਈ ਗੱਲ ਆਖ ਸਕਦੇ ਹੋਵੋ। ਇਹ ਸਿਰਫ਼ ਕੋਈ ਕਹਾਣੀ ਸੁਣਾਉਣ ਤੱਕ ਮਹਿਦੂਦ ਨਹੀਂ ਹੁੰਦਾ।


ਚੰਡੀਗੜ੍ਹ ਸਾਹਿਤ ਅਕਾਦਮੀ ਨੇ ਐਤਵਾਰ ਨੂੰ ਸੈਕਟਰ 36 ਦੇ ਕਨਵੈਨਸ਼ਨ ਸੈਂਟਰ `ਚ ਅਵਤਾਰ ਸਿੰਘ ਬਿਲਿੰਗ ਹੁਰਾਂ ਨਾਲ ਇੱਕ ‘ਰੂ-ਬ-ਰੂ` ਪ੍ਰੋਗਰਾਮ ਰੱਖਿਆ ਸੀ। ਉੱਥੇ ਸ੍ਰੀ ਬਿਲਿੰਗ ਨੇ ਦੱਸਿਆ ਕਿ ਉਨ੍ਹਾਂ ਲਿਖਣਾ ਕਿਵੇਂ ਸ਼ੁਰੂ ਕੀਤਾ ਸੀ। ਉਨ੍ਹਾਂ ਨੂੰ ਉਨ੍ਹਾਂ ਦੇ ਨਾਵਲਾਂ ਲਈ ਅਨੇਕ ਪੁਰਸਕਾਰ ਮਿਲ ਚੁੱਕੇ ਹਨ। ਪਹਿਲਾ ਤਾਂ ਢਾਹਾਂ ਪੁਰਸਕਾਰ ਹੀ ਸੀ, ਜੋ ਉਨ੍ਹਾਂ ਦੇ ਨਾਵਲ ‘ਖਾਲੀ ਖੂਹਾਂ ਦੀ ਕਥਾ` ਲਈ ਮਿਲਿਆ ਸੀ। ਇਸ ਇਨਾਮ ਅਧੀਨ ਹਰ ਸਾਲ ਇਨਾਮ-ਜੇਤੂ ਲੇਖਕ ਨੂੰ 25,000 ਡਾਲਰ ਦਿੱਤੇ ਜਾਂਦੇ ਹਨ।


ਚੰਡੀਗੜ੍ਹ ਸਾਹਿਤ ਅਕਾਦਮੀ ਦੇ ਸਕੱਤਰ ਜਸਪਾਲ ਸਿੰਘ ਨੇ ਅਵਤਾਰ ਸਿੰਘ ਬਿਲਿੰਗ ਤੇ ਉਨ੍ਹਾਂ ਦੀ ਲੇਖਣੀ ਦਾ ਤਾਅਰੁੱਫ਼ ਕਰਵਾਇਆ। ਇਸ ਵੇਲੇ ਬਿਲਿੰਗ ਆਪਣਾ ਨਵਾਂ ਨਾਵਲ ‘ਰਿਜ਼ਕ` ਲਿਖ ਰਹੇ ਹਨ। ਇਹ ਇੱਕ ਅਜਿਹੇ ਨੌਜਵਾਨ ਦੀ ਕਹਾਣੀ ਹੈ, ਜੋ ਰੋਜ਼ੀ-ਰੋਟੀ ਦੀ ਤਲਾਸ਼ ਵਿੱਚ ਹੋਰਨਾਂ ਦੇਸ਼ਾਂ `ਚ ਚਲਾ ਜਾਂਦਾ ਹੈ। ਇਹ ਨਾਵਲ ਪੰਜਾਬ ਦੇ ਦੁਖਾਂਤ ਨੂੰ ਦਰਸਾਏਗਾ, ਜਿੱਥੇ ਨੌਜਵਾਨਾਂ ਨੂੰ ਕੋਈ ਰੋਜ਼ਗਾਰ ਨਹੀਂ ਮਿਲਦਾ ਅਤੇ ਨਾ ਹੀ ਉਨ੍ਹਾਂ ਨੂੰ ਇੱਥੇ ਆਪਣਾ ਕੋਈ ਭਵਿੱਖ ਹੀ ਦਿਸਦਾ ਹੈ।


ਅਵਤਾਰ ਸਿੰਘ ਬਿਲਿੰਗ ਨੇ ਅੱਗੇ ਕਿਹਾ,‘ਇੱਥੇ ਸਾਡੇ ਕੋਲ ਨੌਜਵਾਨਾਂ ਨੂੰ ਦੇਣ ਲਈ ਕੁਝ ਨਹੀਂ ਹੈ। ਉਹ ਸਖ਼ਤ ਮਿਹਨਤਾਂ ਨਾਲ ਪੜ੍ਹਦੇ ਤਾਂ ਹਨ ਪਰ ਉਹ ਜਿੰਨਾ ਪੜ੍ਹ-ਲਿਖ ਜਾਂਦੇ ਹਨ, ਉਸ ਦੇ ਮੁਤਾਬਕ ਇੱਥੇ ਉਨ੍ਹਾਂ ਦੀ ਕਮਾਈ ਨਹੀਂ ਹੁੰਦੀ। ਇਸੇ ਲਈ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਕਿਸੇ ਹੋਰ ਦੇਸ਼ ਜਾਣ ਦਾ ਰਾਹ ਚੁਣਨਾ ਪੈਂਦਾ ਹੈ। ਪਰ ਦੇਸ਼ ਤੋਂ ਬਾਹਰ ਸਹੀ ਰਾਹ ਕਿਹੜਾ ਇੰਨੀ ਆਸਾਨੀ ਨਾਲ ਮਿਲ ਜਾਂਦਾ ਹੈ। ਬੱਸ ਇਹ ਤਾਂ ਦੂਰ ਦੇ ਹੀ ਢੋਲ ਸੁਹਾਵਣੇ ਹਨ।`


ਇਸ ਤੋਂ ਪਹਿਲਾਂ ਉਨ੍ਹਾਂ ਜਿੰਨੇ ਵੀ ਨਾਵਲ ਲਿਖੇ ਹਨ, ਉਹ ਸਭ ਉਨ੍ਹਾਂ ਦੇ ਆਪਣੇ ਪਿੰਡ, ਉਨ੍ਹਾਂ ਦੇ ਆਲੇ-ਦੁਆਲੇ ਤੇ ਹੋਰ ਸਥਾਨਕ ਨਿਵਾਸੀਆਂ ਦੀ ਹੀ ਕਹਾਣੀ ਬਿਆਨ ਕਰਦੇ ਹਨ।


ਅਵਤਾਰ ਸਿੰਘ ਬਿਲਿੰਗ ਨੇ ਦੱਸਿਆ,‘ਜਦੋਂ ਮੈਂ ਬੱਚਾ ਸਾਂ, ਸਾਰੇ ਬਹੁਤ ਇੱਕਜੁਟਤਾ ਨਾਲ ਰਹਿੰਦੇ ਸਨ। ਲੋਕ ਇੱਕ-ਦੂਜੇ ਦਾ ਬਹੁਤ ਖਿ਼ਆਲ ਰੱਖਦੇ ਸਨ। ਦਰਅਸਲ, ਜਦੋਂ ਲੋਕ ਅਸੁਰੱਖਿਅਤ ਮਹਿਸੂਸ ਕਰਦੇ ਹਨ, ਤਦ ਉਹ ਆਪਸ ਵਿੱਚ ਵਧੇਰੇ ਇੱਕਸੁਰਤਾ ਨਾਲ ਰਹਿੰਦੇ ਹਨ। ਜਦੋਂ ਉਨ੍ਹਾਂ ਦੀਆਂ ਕਮਾਈਆਂ ਮੋਟੀਆਂ ਹੋਣ ਲੱਗਦੀਆਂ ਹਨ ਅਤੇ ਉਨ੍ਹਾਂ ਨੂੰ ਲੱਗਣ ਲੱਗਦਾ ਹੈ ਕਿ ਕੋਈ ਵੀ ਹੁਣ ਉਨ੍ਹਾਂ ਦਾ ਕੁਝ ਨਹੀਂ ਕਰ ਸਕਦਾ; ਤਦ ਉਹ ਆਪਸ `ਚ ਲੜਨਾ-ਝਗੜਨਾ ਸ਼ੁਰੂ ਕਰ ਦਿੰਦੇ ਹਨ ਜਾਂ ਫਿਰ ਇਕੱਲੇ-ਕਾਰੇ ਰਹਿ ਕੇ ਖ਼ੁਸ਼ ਹੁੰਦੇ ਹਨ। ਪਿਛਲੇ ਕੁਝ ਵਰ੍ਹਿਆਂ ਤੋਂ ਇਹੋ ਕੁਝ ਹੋ ਰਿਹਾ ਹੈ।`


ਅੰਤ `ਚ ਬਿਲਿੰਗ ਹੁਰਾਂ ਆਖਿਆ,‘ਮੇਰੇ ਨਾਵਲ ਦੀਆਂ ਸਾਰੀਆਂ ਕਹਾਣੀਆਂ ਆਮ ਆਦਮੀ ਦੀ ਭਾਸ਼ਾ ਵਿੱਚ ਹਨ; ਉਹ ਭਾਸ਼ਾ ਜਿਹੜੀ ਮੈਂ ਨਿੱਕੇ ਹੁੰਦਿਆਂ ਸਿੱਖੀ ਸੀ। ਮੁਢਲੇ ਨਾਵਲਾਂ `ਚ ਮੈਂ ਸੁਣੇ-ਸੁਣਾਏ ਤਜਰਬਿਆਂ ਦੇ ਆਧਾਰ `ਤੇ ਲਿਖਣ ਦਾ ਜਤਨ ਕੀਤਾ ਸੀ; ਮੈਂ ਉਨ੍ਹਾਂ ਲੋਕਾਂ ਦੀਆਂ ਗੱਲਾਂ ਤੇ ਤਜਰਬੇ ਬਿਆਨਦਾ ਸਾਂ, ਜਿਨ੍ਹਾਂ ਬਾਰੇ ਮੈਨੂੰ ਲੱਗਦਾ ਸੀ ਕਿ ਉਹ ਸ਼ਾਇਦ ਸਾਡੇ ਵਿਚਕਾਰ ਬਹੁਤਾ ਸਮਾਂ ਜਿਊਂਦੇ ਨਾ ਰਹਿਣ। ਨਵੇਂ ਨਾਵਲ ‘ਰਿਜ਼ਕ` ਦੀ ਕਹਾਣੀ ਉਹੀ ਹੈ, ਜੋ ਕੁਝ ਮੈਂ ਵੇਖਿਆ ਤੇ ਮਹਿਸੂਸ ਕੀਤਾ ਹੈ।`


ਇਸ ਮੌਕੇ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਪ੍ਰਧਾਨ ਮਾਧਵ ਕੌਸਿ਼ਕ ਅਤੇ ਮੀਤ ਪ੍ਰਧਾਨ ਗੁਲਜ਼ਾਰ ਸਿੰਘ ਸੰਧੂ ਨੇ ਵੀ ਸੰਬੋਧਨ ਕੀਤਾ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Interaction with US Punjabi writer Avtar Singh Billing