ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਚਾਲੇ ਵਧ ਰਹੀਆਂ ਨੇ ਦੂਰੀਆਂ? ...ਭੰਬਲ਼ਭੂਸਾ

​​​​​​​ਕੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਚਾਲੇ ਵਧ ਰਹੀਆਂ ਨੇ ਦੂਰੀਆਂ? ...ਭੰਬਲ਼ਭੂਸਾ

ਵੀਰਵਾਰ ਨੂੰ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠਲੇ ਕੌਮੀ ਜਮਹੂਰੀ ਗੱਠਜੋੜ (NDA – National Democratic Alliance) ਦੀ ਇੱਕ ਮੀਟਿੰਗ ਸੀ। ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਆਗੂ ਉਸ ਮੀਟਿੰਗ ਵਿੱਚ ਰੋਸ ਵਜੋਂ ਸ਼ਾਮਲ ਨਹੀਂ ਹੋਇਆ। ਦਰਅਸਲ, ਅਕਾਲੀ ਦਲ ਨੂੰ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਆਰ.ਐੱਸ.ਐੱਸ. ਦੇ ਕਥਿਤ ਦਖ਼ਲ ਉੱਤੇ ਡਾਢਾ ਇਤਰਾਜ਼ ਹੈ।

 

 

ਐੱਨਡੀਏ ਵਿੱਚ ਸ਼੍ਰੋਮਣੀ ਅਕਾਲੀ ਦਲ ਇੱਕ ਅਹਿਮ ਭਾਈਵਾਲ ਹੈ। ਉਹ ਇਸ ਕਰ ਕੇ ਵੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਤੋਂ ਕੁਝ ਖ਼ਫ਼ਾ ਹੈ ਕਿਉਂਕਿ ਉਸ ਨੇ ਕਿਸਾਨਾਂ ਲਈ ਕਰਜ਼ਾ–ਮਾਫ਼ੀ ਪੈਕੇਜ ਨਹੀਂ ਐਲਾਨਿਆ। ਐੱਨਡੀਏ ਦੀ ਕੱਲ੍ਹ ਵੀਰਵਾਰ ਦੀ ਮੀਟਿੰਗ ਭਾਜਪਾ ਨੇ ਆਉਂਦੀਆਂ ਸੰਸਦੀ ਚੋਣਾਂ ਉੱਤੇ ਵਿਚਾਰ–ਵਟਾਂਦਰਾ ਕਰਨ ਲਈ ਸੱਦੀ ਸੀ। ਹੁਣ ਜਦੋਂ ਅਕਾਲੀ ਦਲ ਕੱਲ੍ਹ ਐੱਨਡੀਏ ਦੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਇਆ, ਇਸ ਲਈ ਇਸ ਨੂੰ ਗੱਠਜੋੜ ਲਈ ਵੱਡੀ ਮੁਸ਼ਕਿਲ ਦਾ ਸੰਕੇਤ ਸਮਝਿਆ ਜਾ ਰਿਹਾ ਹੈ।

 

 

ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ, ਜੋ ਭਾਈਵਾਲੀ ਨਾਲ ਸਬੰਧਤ ਮਾਮਲਿਆਂ ਉੱਤੇ ਭਾਜਪਾ ਨਾਲ ਤਾਲਮੇਲ ਕਰਦੇ ਹਨ, ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ‘ਸਿੱਖ ਮਾਮਲਿਆਂ ਵਿੱਚ ਆਰਐੱਸਐੱਸ ਦੇ ਦਖ਼ਲ’ ਤੋਂ ਖ਼ੁਸ਼ ਨਹੀਂ ਹੈ। ‘ਇਸ ਤੋਂ ਇਲਾਵਾ ਕੇਂਦਰ ਨੇ ਸਾਡੀ ਬੇਨਤੀ ਦੇ ਬਾਵਜੂਦ ਪੰਜਾਬ ਦੇ ਕਿਸਾਨਾਂ ਲਈ ਕੋਈ ਪੈਕੇਜ ਨਹੀਂ ਐਲਾਨਿਆ। ਇਸ ਮਾਮਲੇ ਵਿੱਚ ਹੋਰ ਵੀ ਕੁਝ ਨਹੀ਼ ਕੀਤਾ ਗਿਆ।’

 

 

ਅਹਿਮ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਾ ਗ਼ਾਇਬ ਰਹਿਣਾ ਸਿਆਸੀ ਹਲਕਿਆਂ ਵਿੱਚ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਪਰ ਕੱਲ੍ਹ ਹੀ ਨਵੀਂ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ (ਜੋ ਕੇਂਦਰੀ ਫ਼ੂਡ ਪ੍ਰਾਸੈਸਿੰਗ ਉਦਯੋਗਾਂ ਬਾਰੇ ਮੰਤਰੀ ਹਨ) ਨੇ ਕੱਲ੍ਹ ਹੀ ਦੁਪਹਿਰ ਦੇ ਖਾਣੇ ਦੀ ਮੇਜ਼ਬਾਨੀ ਕੀਤੀ ਸੀ; ਜਿਸ ਵਿੱਚ ਕਈ ਕੈਬਿਨੇਟ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਵੀ ਸ਼ਾਮਲ ਹੋਏ ਸਨ। ਇੰਝ ਅਕਾਲੀ ਦਲ ਨੇ ਕੱਲ੍ਹ ਕੁਝ ਭੰਬਲ਼ਭੂਸੇ ਵਾਲੇ ਸੰਕੇਤ ਦਿੱਤੇ ਹਨ।

 

 

ਕੱਲ੍ਹ ਸ੍ਰੀ ਸੁਖਬੀਰ ਬਾਦਲ ਅਤੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੇ ਦੁਪਹਿਰ ਦੇ ਖਾਣੇ ਦੇ ਪ੍ਰੋਗਰਾਮ ਮੌਕੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ, ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ, ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਤੇ ਉਨ੍ਹਾਂ ਦੀ ਐੱਮਪੀ ਧੀ ਸੁਪ੍ਰਿਯਾ ਸੁਲੇ ਜਿਹੀਆਂ ਸ਼ਖ਼ਸੀਅਤਾਂ ਮੌਜੂਦ ਸਨ। ਜਦੋਂ ਸ੍ਰੀ ਨਰੇਸ਼ ਗੁਜਰਾਲ ਹੁਰਾਂ ਤੋਂ ਇਸ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਜਵਾਬ ਦਿੱਤਾ ਕਿ ਇਹ ਇੱਕ ਸਮਾਜਕ ਸਮਾਰੋਹ ਸੀ। ਉਨ੍ਹਾਂ ਕਿਹਾ,‘ਅਸੀਂ ਐੱਨਡੀਏ ਤੋਂ ਟੁੱਟੇ ਨਹੀਂ ਹਾਂ, ਸਿਰਫ਼ ਆਪਣਾ ਰੋਸ ਪ੍ਰਗਟਾ ਰਹੇ ਹਾਂ।’

 

 

ਇੱਕ ਹੋਰ ਅਹਿਮ ਗੱਲ ਇਹ ਵੇਖਣ ਨੂੰ ਮਿਲੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਦੀ ਆਲੋਚਨਾ ਨਹੀਂ ਕੀਤੀ, ਸਗੋਂ ਆਰਐੱਸਐੱਸ ਨੂੰ ਨਿਸ਼ਾਨਾ ਬਣਾਇਆ।

 

 

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਵੀ ਭਾਜਪਾ ਨੂੰ ਸਿੱਖ ਮਾਮਲਿਆਂ ਵਿੱਚ ਦਖ਼ਲ ਨਾ ਦੇਣ ਲਈ ਆਖਿਆ ਸੀ।  ਦਰਅਸਲ, ਇਹ ਮਾਮਲਾ ਮਹਾਰਾਸ਼ਟਰ ਸਰਕਾਰ ਵੱਲੋਂ ਨਾਂਦੇੜ ਸਾਹਿਬ (ਮਹਾਰਾਸ਼ਟਰ) ਵਿਖੇ ਤਖ਼ਤ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਬੋਰਡ ਵਿੱਚ ਸੋਧ ਕਰ ਕੇ ਉਸ ਦਾ ਮੁਖੀ ਆਪਣੀ ਪਸੰਦ ਦਾ ਨਿਯੁਕਤ ਕਰਨ ਨਾਲ ਸਬੰਧਤ ਹੈ।

 

 

ਕੱਲ੍ਹ ਹੀ ਮਸਤੂਆਣਾ ਵਿਖੇ ਸੰਤ ਅਤਰ ਸਿੰਘ ਹੁਰਾਂ ਦੇ ਬਰਸੀ ਪ੍ਰੋਗਰਾਮ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਸਿੱਖ ਮਾਮਲਿਆਂ ਵਿੱਚ ਆਰਐੱਸਐੱਸ ਦੇ ਦਖ਼ਲ ਉੱਤੇ ਗੰਭੀਰ ਇਤਰਾਜ਼ ਪ੍ਰਗਟਾਇਆ ਸੀ।

 

 

ਇਹ ਮਾਮਲਾ ਉਦੋਂ ਭੜਕਿਆ ਸੀ, ਜਦੋਂ ਰਾਸ਼ਟਰੀ ਸਿੱਖ ਸੰਗਤ ਦੇ ਰਾਸ਼ਟਰੀ ਸਕੱਤਰ ਅਵਤਾਰ ਸਿੰਘ ਸ਼ਾਸਤਰੀ ਨੇ ਕਿਹਾ ਸੀ ਕਿ ਸਿੱਖ ਮਾਮਲੇ ਕੇਵਲ ਅਕਾਲੀ ਦਲ ਦੇ ਅਧਿਕਾਰ–ਖੇਤਰ ਵਿੱਚ ਨਹੀਂ ਆਉਂਦੇ।  ਉਨ੍ਹਾਂ ਕਿਹ ਸੀ ਕਿ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੂੰ ਇੱਕ ਵਿਧਾਇਕ ਵਜੋਂ ਅਜਿਹੀ ਆਲੋਚਨਾ ਕਰਨ ਦਾ ਕੋਈ ਅਧਿਕਾਰ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Is there any rift between SAD and BJP confusion