ਅੱਜ ਚੁਪਾਸੇ ਜਗਦੀਸ਼ ਭੋਲਾ ਦੀ ਚਰਚਾ ਹੈ ਪਰ ਕੁਝ ਗ਼ਲਤ ਕਾਰਨਾਂ ਕਰਕੇ। ਉਸ ਦੀ ਅਜਿਹੀ ਨਾਂਹ–ਪੱਖੀ ਚਰਚਾ ਸਦਾ ਨਹੀਂ ਹੁੰਦੀ ਰਹੀ। ਕਿਸੇ ਵੇਲੇ ਲੋਕ ਉਸ ਦੀਆਂ ਮਿਸਾਲਾਂ ਦਿੰਦੇ ਸਨ ਕਿਉਂਕਿ ਉਹ ਚੋਟੀ ਦਾ ਖਿਡਾਰੀ ਰਿਹਾ ਹੈ ਤੇ ਉਸ ਨੂੰ ਭਾਰਤੀ ਕੁਸ਼ਤੀ ਦਾ ‘ਕਿੰਗ ਕਾਂਗ’ ਕਿਹਾ ਜਾਂਦਾ ਹੈ। ਉਸ ਨੂੰ ਇਸੇ ਭਲਵਾਨੀ ਲਈ ਅਰਜੁਨ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਪਰ ਅੱਜ ਜਗਦੀਸ਼ ਭੋਲਾ 6,000 ਕਰੋੜ ਰੁਪਏ ਦੇ ਨਸ਼ਿਆਂ ਦੀ ਕੌਮਾਂਤਰੀ ਸਮੱਗਲਿੰਗ ਦੇ ਮਾਮਲੇ ਵਿੱਚ ਸਜ਼ਾ–ਯਾਫ਼ਤਾ ਹੈ। ਅੱਜ ਹੀ ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਉਸ ਨੂੰ 12 ਸਾਲ ਕੈਦ ਦੀ ਸਜ਼ਾ ਸੁਣਾਈ ਹੈ।
ਪੰਜਾਬ ਦੇ ਬਠਿੰਡਾ ਜ਼ਿਲ੍ਹੇ ’ਚ ਰਾਮਪੁਰਾ ਫੂਲ ਲਾਗਲੇ ਪਿੰਡ ਮਾਲਵਾ ਚੌਅ ’ਚ ਪੈਦਾ ਹੋਇਆ ਜਗਦੀਸ਼ ਭੋਲਾ ਪੰਜਾਬ ਪੁਲਿਸ ਦਾ ਬਰਖ਼ਾਸਤ ਡੀਐੱਸਪੀ ਹੈ।
ਜਗਦੀਸ਼ ਭੋਲਾ ਨੇ ਭਲਵਾਨੀ ਦੀ ਸਿਖਲਾਈ ਲੁਧਿਆਣਾ ਦੇ ਇੱਕ ਬਹੁ–ਚਰਚਿਤ ਭਲਵਾਨ ਮੇਜਰ ਸਿੰਘ ਦੇ ਅਖਾੜੇ ’ਚੋਂ ਲਈ ਸੀ। ਉਸ ਨੇ 1991 ਦੌਰਾਨ ਦਿੱਲੀ ’ਚ ਹੋਈ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ ਤੇ ਉਹ ਤਦ ਤੋਂ ਹੀ ਚਰਚਾ ਦਾ ਕੇਂਦਰ ਬਣਨ ਲੱਗ ਪਿਆ ਸੀ। ਉਸ ਨੇ ਸਮੁੱਚੇ ਵਿਸ਼ਵ ’ਚ ਹੀ ਭਲਵਾਨੀ ਦੇ ਮੁਕਾਬਲੇ ਲੜੇ ਤੇ ਜਿੱਤੇ ਤੇ ਰਾਸ਼ਟਰੀ ਨਾਇਕ ਵੀ ਬਣਿਆ।
ਜਗਦੀਸ਼ ਭੋਲਾ ਨੇ ਸਾਲ 2008 ਦੌਰਾਨ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਰੁਸਤਮ–ਏ–ਹਿੰਦ’ ਵਿੱਚ ਅਦਾਕਾਰੀ ਵੀ ਕੀਤੀ ਸੀ। ਉਸੇ ਵਰ੍ਹੇ ਮੁੰਬਈ ਪੁਲਿਸ ਨੇ ਉਸ ਨੂੰ ਨਸ਼ਾ–ਸਮਗਲਿੰਗ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ ਤੇ ਸਰਕਾਰ ਨੇ ਤੁਰੰਤ ਬਾਅਦ ਉਸ ਦਾ ਅਰਜੁਨ ਐਵਾਰਡ ਵਾਪਸ ਲੈ ਲਿਆ ਸੀ।
ਇੱਕ ਭਲਵਾਨ ਵਜੋਂ ਜਗਦੀਸ਼ ਭੋਲਾ ਨੂੰ ਭਾਰਤ ਦੇ ਵੱਕਾਰੀ ਅਰਜੁਨ ਪੁਰਸਕਾਰ ਤੋਂ ਇਲਾਵਾ ‘ਭਾਰਤ ਕੇਸਰੀ’ ਤੇ ‘ਰੁਸਤਮ–ਏ–ਹਿੰਦ’ ਜਿਹੇ ਖਿ਼ਤਾਬ ਵੀ ਮਿਲ ਚੁੱਕੇ ਹਨ।
ਪੰਜਾਬ ਪੁਲਿਸ ਨੇ ਜਗਦੀਸ਼ ਭੋਲਾ ਬਾਰੇ ਇਹ ਇੰਕਸ਼ਾਫ਼ ਕੀਤਾ ਸੀ ਕਿ ਉਹ 700 ਕਰੋੜ ਰੁਪਏ ਦੇ ਸਿੰਥੈਟਿਕ ਡ੍ਰੱਗ ਘੁਟਾਲੇ ਪਿੱਛੇ ਮੁੱਖ ਦਿਮਾਗ਼ ਹੈ। ਉਸ ਦਾ ਇਹ ਨਸ਼ੀਲਾ ਕਾਰੋਬਾਰ ਯੂਰੋਪ ਤੇ ਉੱਤਰੀ ਅਮਰੀਕਾ ਤੱਕ ਚੱਲਦਾ ਰਿਹਾ ਹੈ। ਭੋਲਾ ਉੱਤੇ ਕੁਝ ਅਜਿਹੇ ਦੋਸ਼ ਵੀ ਲੱਗਦੇ ਰਹੇ ਹਨ ਕਿ ਉਸ ਨੇ ਸਿੰਥੈਟਿਕ ਨਸ਼ੇ ਬਣਾਉਣ ਲਈ ਚੀਨੀ ਤੇ ਵੀਅਤਨਾਮੀ ਨਾਗਰਿਕਾਂ ਤੋਂ ਵੀ ਕੰਮ ਲਿਆ ਸੀ। ਇਸ ਤੋਂ ਇਲਾਵਾ ਉਸ ਦੇ ਨਸ਼ਿਆਂ ਦੇ ਕਾਰੋਬਾਰ ਵਿੱਚ 50 ਦੇ ਲਗਭਗ ਐੱਨਆਰਆਈ ਵੀ ਸ਼ਾਮਲ ਰਹੇ ਹਨ, ਜਿਹੜੇ ਪੱਛਮੀ ਦੇਸ਼ਾਂ ਤੱਕ ਇਹ ਨਸ਼ੇ ਪਹੁੰਚਾਉਂਦੇ ਸਨ।
ਜਗਦੀਸ਼ ਭੋਲਾ 3 ਮਾਰਚ, 2013 ਨੂੰ ਉਸ ਵੇਲੇ ਫ਼ਰਾਰ ਹੋ ਗਿਆ ਸੀ, ਜਦੋਂ ਉਸ ਦੇ ਮੋਹਾਲੀ ਸਥਿਤ ਘਰ ਉੱਤੇ ਛਾਪਾ ਮਾਰਿਆ ਗਿਆ ਸੀ। ਉਸ ਨੂੰ ਉਸੇ ਵਰ੍ਹੇ ਨਵੰਬਰ ਮਹੀਨੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪੁਲਿਸ ਨੇ ਜਦੋਂ ਦਿੱਲੀ ਦੇ ਈਸਟ ਪਟੇਲ ਨਗਰ ਸਥਿਤ ਉਸ ਦੇ ਲੁਕਵੇਂ ਟਿਕਾਣੇ ਉੱਤੇ ਛਾਪਾ ਮਾਰਿਆ ਸੀ, ਤਦ ਉੱਥੋਂ 35 ਪਾਸਪੋਰਟ ਤੇ ਇੱਕ ਵੀਜ਼ਾ–ਪੰਚਿੰਗ ਮਸ਼ੀਨ ਵੀ ਬਰਾਮਦ ਹੋਈ ਸੀ। ਪੁਲਿਸ ਨੂੰ ਇੱਕ ਬ੍ਰਿਟਿਸ਼, ਅੱਠ ਕੈਨੇਡੀਅਨ ਤੇ 17 ਭਾਰਤੀ ਪਾਸਪੋਰਟ ਤੇ ਇੱਕ ਅਮਰੀਕਾ ’ਚ ਬਣੀ ਵੀਜ਼ਾ ਇਮਪ੍ਰਿੰਟ ਮਸ਼ੀਨ ਵੀ ਮਿਲੀ ਸੀ।
6,000 ਕਰੋੜ ਰੁਪਏ ਦੇ ਡ੍ਰੱਗ ਕੇਸ ਵਿੱਚ ਕਦੋਂ, ਕਿੱਥੇ, ਕੀ ਵਾਪਰਿਆ?
3 ਮਾਰਚ, 2013: ਜਗਦੀਸ਼ ਭੋਲਾ ਦੇ ਮੋਹਾਲੀ ਸਥਿਤ ਘਰ ਉੱਤੇ ਜਦੋਂ ਪੁਲਿਸ ਵੱਲੋਂ ਛਾਪਾ ਮਾਰਿਆ ਗਿਆ ਸੀ, ਤਦ ਉਹ ਆਪ ਤਾਂ ਫ਼ਰਾਰ ਹੋ ਗਿਆ ਸੀ ਪਰ ਉਸ ਦੇ ਘਰੋਂ ਪੁਲਿਸ ਨੂੰ 100 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਹੋਏ ਸਨ।
7 ਮਾਰਚ, 2013: ਨਸ਼ਿਆਂ ਦੀ ਸਮੱਗਲਿੰਗ ਦੇ ਮਾਮਲੇ ਵਿੱਚ ਬਾਕਸਰਾਂ ਵਿਜੇਂਦਰ ਸਿੰਘ ਤੇ ਰਾਮ ਸਿੰਘ ਦੇ ਨਾਂਅ ਆਏ। ਵਿਜੇਂਦਰ ਦੀ ਕਾਰ ਭੋਲਾ ਦੇ ਸਾਥੀ ਅਨੂਪ ਸਿੰਘ ਕਾਹਲੋਂ ਦੇ ਘਰ ਦੇ ਬਾਹਰ ਖੜ੍ਹੀ ਮਿਲੀ ਸੀ। ਬਾਅਦ ’ਚ ਪੁਲਿਸ ਨੇ ਵਿਜੇਂਦਰ ਨੂੰ ‘ਕਲੀਨ ਚਿਟ’ ਦੇ ਦਿੱਤੀ ਸੀ।
ਮਾਰਚ ਤੋਂ ਜੂਨ 2013: ਪੁਲਿਸ ਨੇ ਨਸ਼ਿਆਂ ਦੇ 20 ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਤੇ 700 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ; ਜਦ ਕਿ ਭੋਲਾ ਤਦ ਤੱਕ ਪੁਲਿਸ ਨੂੰ ਚਕਮਾ ਦਿੰਦਾ ਰਿਹਾ।
26 ਅਕਤੂਬਰ, 2013: ਪੁਲਿਸ ਨੇ ਜਲੰਧਰ ਦੇ ਹਵੇਲੀ ਰੈਸਟੋਰੈਂਟ ਦੇ ਬਾਹਰ ਏਐੱਸਆਈ ਕਤਲ ਕੇਸ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ; ਉਸੇ ਨੇ ਪੁਲਿਸ ਨੂੰ ਜਗਦੀਸ਼ ਭੋਲਾ ਦੇ ਗੁਪਤ ਟਿਕਾਣਿਆਂ ਬਾਰੇ ਜਾਣਕਾਰੀ ਦਿੱਤੀ ਸੀ।
11 ਨਵੰਬਰ, 2013: ਪੁਲਿਸ ਨੇ ਭੋਲਾ ਨੂੰ ਚਾਰ ਸਾਥੀਆਂ ਸਮੇਤ ਦਿੱਲੀ ਨੇੜਿਓਂ ਗ੍ਰਿਫ਼ਤਾਰ ਕੀਤਾ।