ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ ਨੇ ਅੱਜ ਮੁਕਤਸਰ ਵਿਖੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਸ ਮੌਕੇ ਪ੍ਰਕਾਸ਼ ਸਿੰਘ ਬਾਦਲ ਨੇ ਬੋਲਦਿਆਂ ਕਿਹਾ ਕਿ ਮੈਂ ਅੱਜ ਬਹੁਤ ਖੁਸ਼ ਹਾਂ ਕਿ ਬਹੁਤ ਹੀ ਸਿਆਸੀ ਸੂਝਬਾਨ ਆਗੂ ਜਗਮੀਤ ਸਿੰਘ ਬਰਾੜ ਦਾ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿਚ ਸ਼ਾਮਲ ਹੋਣ ਨਾਲ ਅਕਾਲੀ ਦਲ ਨੂੰ ਵੱਡੀ ਸ਼ਕਤੀ ਮਿਲੇਗੀ। ਇਸ ਮੌਕੇ ਉਨ੍ਹਾਂ ਜਿੱਥੇ ਅਕਾਲੀ ਦਲ ਨੂੰ ਸ਼ਕਤੀ ਮਿਲੇਗੀ ਉਥੇ ਸੁਖਬੀਰ ਸਿੰਘ ਬਾਦਲ ਨੂੰ ਵੱਡਾ ਸਾਥ ਮਿਲੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਨਾਲ ਬਹੁਤ ਧੱਕੇ ਹੋਏ ਹਨ, ਪੰਜਾਬ ਤੋਂ ਪਾਣੀ ਖੋਹੇ ਗਏ ਅਤੇ ਰਾਜਧਾਨੀ ਖੋਹੀ ਗਈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਗਮੀਤ ਸਿੰਘ ਬਰਾੜ ਦੇ ਅਕਾਲੀ ਦਲ ਵਿਚ ਆਉਣ ਨਾਲ ਬਹੁਤ ਵੱਡੀ ਤਾਕਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿਚ ਹੁਣ ਕਾਂਗਰਸ ਦਾ ਕੁਝ ਨਹੀਂ ਰਹੇਗੀ।
ਉਨ੍ਹਾਂ ਪੰਜਾਬ ਦੀ ਕਾਂਗਰਸ ਸਰਕਾਰ ਉਤੇ ਵਰ੍ਹਦਿਆਂ ਕਿਹਾ ਕਿ ਜਿਹੋ ਜਿਹੀਆਂ ਕਰਤੂਤਾ ਸਰਕਾਰ ਦੀਆਂ ਹਨ ਉਨ੍ਹਾਂ ਕਰਕੇ ਆਉਣ ਵਾਲੇ 25 ਸਾਲ ਮੁੜਕੇ ਨਹੀਂ ਆ ਸਕੇਗੀ। ਸੁਖਬੀਰ ਸਿੰਘ ਬਾਦਲ ਨੇ ਉਹ ਦਿਨ ਵੀ ਯਾਦ ਕੀਤੇ ਜਦੋਂ ਉਹ ਜਗਮੀਤ ਸਿੰਘ ਬਰਾੜ ਦੇ ਵਿਰੁੱਧ ਚੋਣ ਲੜਦੇ ਸਨ।
ਇਸ ਮੌਕੇ ਜਗਮੀਤ ਸਿੰਘ ਬਰਾੜ, ਸਾਬਕਾ ਵਿਧਾਇਕ ਰਿਪਜੀਤ ਸਿੰਘ ਬਰਾੜ ਵੱਡੀ ਗਿਣਤੀ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿਚ ਸ਼ਾਮਲ ਹੋਏ। ਇਸ ਮੌਕੇ ਹਰਸਿਮਰਤ ਕੌਰ ਬਾਦਲ, ਬਿਕਰਜੀਤ ਸਿੰਘ ਮਜੀਠੀਆ ਤੋਂ ਇਲਾਵਾ ਹੋਰ ਅਕਾਲੀ ਆਗੂ ਵੀ ਹਾਜ਼ਰ ਸਨ।