ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨੇੜਲੇ ਰਿਸ਼ਤੇਦਾਰ ਲੜਕੇ ਦੀ ਸ਼ੁੱਕਰਵਾਰ ਨੂੰ ਨੈਨੀਤਾਲ ਨੇੜੇ ਭੇਤ ਭਰੇ ਹਾਲਾਤ `ਚ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੰਤਰੀ ਦੇ ਸਾਲੇ ਰਵਿੰਦਰ ਸਿੰਘ ਬੱਬੀ ਦਾ ਪੁੱਤਰ ਐਰਾਨ ਬਰਾੜ ਨੈਨੀਤਾਲ ਦੇ ਸ਼ੇਰਵੁੱਡ ਕਾਲਜ `ਚ ਪੜ੍ਹਦਾ ਸੀ। ਉਂਝ ਉਹ ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਦੇ ਮਲੋਟ ਸ਼ਹਿਰ ਲਾਗਲੇ ਪਿੰਡ ਅਬੁਲ ਖੁਰਾਨਾ ਦਾ ਰਹਿਣ ਵਾਲਾ ਹੈ।
ਐਰਾਨ ਦੀ ਮੌਤ ਨੈਨੀਤਾਲ ਨੇੜੇ ਕਿਤੇ ਹੋਈ ਹੈ ਤੇ ਉਸ ਦੀ ਮ੍ਰਿਤਕ ਦੇਹ ਨੂੰ ਸ੍ਰੀ ਮੁਕਤਸਰ ਸਾਹਿਬ ਵਿੱਚ ਉਸ ਦੇ ਜੱਦੀ ਪਿੰਡ ਵਾਪਸ ਲਿਆਂਦਾ ਜਾ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਐਰਾਨ ਨੈਨੀਤਾਲ `ਚ ਰਹਿ ਕੇ ਪੜ੍ਹਨਾ ਨਹੀਂ ਚਾਹੁੰਦਾ ਸੀ। ਉਹ ਚੰਡੀਗੜ੍ਹ ਦੇ ਕਿਸੇ ਸਕੂਲ ਵਿੱਚ ਪੜ੍ਹਨ ਲਈ ਰਾਜ਼ੀ ਸੀ। ਉਸ ਬਾਰੇ ਹਾਲੇ ਕੁਝ ਅਫ਼ਵਾਹਾਂ ਫੈਲ ਰਹੀਆਂ ਹਨ। ਕੋਈ ਆਖ ਰਿਹਾ ਹੈ ਕਿ ਐਰਾਨ ਦੇ ਗੋਲੀ ਲੱਗੀ ਹੈ ਤੇ ਕੋਈ ਉਸ ਦੀ ਮੌਤ ਸੜਕ ਹਾਦਸੇ `ਚ ਹੋਈ ਦੱਸ ਰਿਹਾ ਹੈ।
ਪਰਿਵਾਰ ਨੇ ਅਧਿਕਾਰਤ ਤੌਰ `ਤੇ ਇਸ ਮੌਤ ਬਾਰੇ ਕੁਝ ਖੁੱਲ੍ਹ ਕੇ ਨਹੀਂ ਦੱਸਿਆ। ਐਰਾਨ ਆਪਣੇ ਮਾਪਿਆਂ ਦੀ ਇਕਲੌਤੀ ਸੰਤਾਨ ਸੀ। ਉਸ ਦੇ ਦਾਦਾ ਜਿ਼ਲ੍ਹਾ ਮੁਕਤਸਰ ਦੀ ਕਾਂਗਰਸ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ।