ਗੁਰੂ ਰਵਿਦਾਸ ਮੰਦਰ ਢਾਹੁਣ ਦੇ ਵਿਰੁੱਧ ਅੱਜ ਰਵਿਦਾਸੀਆ ਭਾਈਚਾਰੇ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ’ਤੇ ਜਲੰਧਰ ਸ਼ਹਿਰ ਨੂੰ ਮੁਕੰਮਲ ਤੌਰ ਉਤੇ ਬੰਦ ਰੱਖਿਆ ਗਿਆ। ਲੋਕਾਂ ਵੱਲੋਂ ਜਲੰਧਰ ਸ਼ਹਿਰ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਮੰਦਰ ਢਾਹੁਣ ਦਾ ਵਿਰੋਧ ਕਰ ਰਹੇ ਲੋਕਾਂ ਵੱਲੋਂ ਜਲੰਧਰ ਦੇ ਪਿੰਡ ਲਾਂਬਾ ਵਿਚ ਕੌਮੀ ਰਾਜ ਮਾਰਗ ਅੰਮ੍ਰਿਤਸਰ - ਜਲੰਧਰ ਉਤੇ ਜਾਮ ਲਗਾਇਆ ਗਿਆ।
ਵੱਡੀ ਗਿਣਤੀ ਵਿਚ ਪੁੱਜੇ ਲੋਕਾਂ ਨੇ ਜਲੰਧਰ - ਨਕੋਦਰ ਹਾਈਵੇਅ ਉਤੇ ਰਵਿਦਾਸ ਚੌਂਕ ਉਤੇ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸ਼ਹਿਰ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਵੱਡੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।
ਇਸ ਬੰਦ ਦੌਰਾਨ ਪੰਜਾਬ ਦੀਆਂ ਵੱਖ ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਵੀ ਸਮਰਥਨ ਕੀਤਾ ਗਿਆ ਹੈ।
ਗੁਰੂ ਰਵਿਦਾਸ ਮੰਦਰ ਢਾਹੁਣ ਦਾ ਵਿਰੋਧ : ਬਠਿੰਡਾ ਬੰਦ
ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਅੱਜ ਵਿਦਿਅਕ ਸੰਸਥਾਵਾਂ ਵਿਚ ਛੁੱਟੀ ਕਰ ਦਿੱਤੀ ਗਈ ਹੈ। ਜ਼ਿਲ੍ਹਾ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਆਪਣੇ ਜ਼ਿਲ੍ਹੇ ਵਿਚ ਪੈਂਦੇ ਸਰਕਾਰੀ, ਅਰਧ ਸਰਕਾਰੀ ਅਤੇ ਪ੍ਰਾਈਵੇਟ ਸਕੂਲ, ਵਿਦਿਅਕ ਅਦਾਰੇ, ਕਾਲਜ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਬੀਤੇ 10 ਅਗਸਤ ਨੂੰ ਦਿੱਲੀ ਦੇ ਤੁਗ਼ਲਕਾਬਾਦ ਖੇਤਰ ਵਿਚ 500 ਸਾਲ ਪੁਰਾਣਾ ਗੁਰੂ ਰਵਿਦਾਸ ਦਾ ਮੰਦਰ ਢਾਹ ਦਿੱਤਾ ਗਿਆ ਸੀ। ਜਿਸ ਨੂੰ ਲੈ ਕੇ ਲੋਕਾਂ ਵਿਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ।