ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਜਲੰਧਰ ਦੇ MP ਸੰਤੋਖ ਸਿੰਘ ਚੌਧਰੀ ਨੂੰ ਐਤਕੀਂ ਵੀ ਜਿੱਤ ਦੀ ਆਸ

​​​​​​​ਜਲੰਧਰ ਦੇ MP ਸੰਤੋਖ ਸਿੰਘ ਚੌਧਰੀ ਨੂੰ ਐਤਕੀਂ ਵੀ ਜਿੱਤ ਦੀ ਆਸ

ਭਾਰਤ ਦੀ ਸੰਸਦ ਵਿੱਚ ਜਲੰਧਰ ਹਲਕੇ ਦੀ ਨੁਮਾਇੰਦਗੀ ਕਾਂਗਰਸ ਦੇ ਸ੍ਰੀ ਸੰਤੋਖ ਸਿੰਘ ਚੌਧਰੀ ਕਰਦੇ ਹਨ। ਇਹ ਹਲਕਾ ਅਨੁਸੂਚਿਤ ਜਾਤਾਂ ਲਈ ਰਾਖਵਾਂ ਹੈ। ਇਸ ਹਲਕੇ ਵਿੱਚ ਐੱਨਆਰਆਈਜ਼ ਤੇ ਦਲਿਤ ਭਾਈਚਾਰੇ, ਖ਼ਾਸ ਕਰਕੇ ਰਵਿਦਾਸ ਭਾਈਚਾਰੇ ਦੀ ਬਹੁਤਾਤ ਹੈ। ਪ੍ਰਸਿੱਧ ਡੇਰਾ ਸੱਚ ਖੰਡ ਬੱਲਾਂ ਵੀ ਇਸੇ ਹਲਕੇ ਵਿੱਚ ਹੀ ਸਥਿਤ ਹੈ। ਸਾਲ 2014 ਦੀਆਂ ਚੋਣਾਂ ਦੌਰਾਨ ਸ੍ਰੀ ਚੌਧਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪਵਨ ਕੁਮਾਰ ਟੀਨੂੰ ਨੂੰ 70,981 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।

 

 

72 ਸਾਲਾ ਐੱਮਪੀ (MP) ਸ੍ਰੀ ਸੰਤੋਖ ਸਿੰਘ ਚੌਧਰੀ ਗ੍ਰੈਜੂਏਟ ਹਨ। ਉਹ ਪਹਿਲਾਂ ਪੰਜਾਬ ਦੇ ਕੈਬਿਨੇਟ ਮੰਤਰੀ ਵੀ ਰਹਿ ਚੁੱਕੇ ਹਨ। ਇੱਕ ਐੱਮਪੀ ਵਜੋਂ ਉਹ ਅਨੁਸੂਚਿਤ ਜਾਤਾਂ ਤੇ ਅਨੁਸੂਚਿਤ ਕਬੀਲਿਆਂ ਦੀ ਭਲਾਈ ਬਾਰੇ ਸੰਸਦੀ ਕਮੇਟੀ ਅਤੇ ਸਮਾਜਕ ਨਿਆਂ ਤੇ ਸਸ਼ੱਕਤੀਕਰਨ ਦੇ ਮੈਂਬਰ ਵੀ ਰਹੇ ਹਨ। ਸ੍ਰੀ ਚੌਧਰੀ ਭਾਵੇਂ ਪਹਿਲਾਂ ਦੋ ਵਾਰ ਵਿਧਾਨ ਸਭਾ ਚੋਣਾਂ ਹਾਰ ਚੁੱਕੇ ਸਨ ਪਰ ਫਿਰ ਵੀ ਕਾਂਗਰਸ ਪਾਰਟੀ ਨੇ ਉਨ੍ਹਾਂ ਵਿੱਚ ਭਰੋਸਾ ਪ੍ਰਗਟ ਕਰ ਕੇ ਉਨ੍ਹਾਂ ਨੂੰ 2014 ਵਿੱਚ ਜਲੰਧਰ ਸੰਸਦੀ ਹਲਕੇ ਲਈ ਉਮੀਦਵਾਰ ਬਣਾਇਆ ਸੀ। ਪਰ ਸਾਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਉਹ ਆਪਣੇ ਪੁੱਤਰ ਵਿਕਰਮ ਚੌਧਰੀ ਦੀ ਜਿੱਤ ਯਕੀਨੀ ਨਹੀਂ ਬਣਾ ਸਕੇ ਸਨ।

 

 

ਪੰਜਾਬ ਦੇ ਐੱਮਪੀਜ਼ ਵਿੱਚੋਂ ਸ੍ਰੀ ਸੰਤੋਖ ਚੌਧਰੀ ਦੀ ਸੰਸਦ ਵਿੱਚ ਹਾਜ਼ਰੀ ਸਭ ਤੋਂ ਵੱਧ ਰਹੀ ਹੈ। ਉਨ੍ਹਾਂ ਸਦਨ ਵਿੱਚ 31,000 ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ, ਆਦਮਪੁਰ ਏਅਰਫ਼ੋਰਸ ਸਟੇਸ਼ਨ ਵਿਖੇ ਸਿਵਲ ਹਵਾਈ ਅੱਡਾ ਕਾਇਮ ਕਰਨ, ਅਨੁਸੂਚਿਤ ਜਾਤਾਂ ਤੇ ਅਨੁਸੂਚਿਤ ਕਬੀਲਿਆਂ ਨੂੰ ਵਜ਼ੀਫ਼ਿਆਂ ਦੇ ਭੁਗਤਾਨ ਜਾਰੀ ਨਾ ਕਰਨ ਤੇ ਪੰਜਾਬ ਦੇ ਕਿਸਾਨਾਂ ਦੇ ਮਸਲੇ ਸੰਸਦ ਵਿੱਚ ਉਠਾਏ ਹਨ। ਇਸ ਤੋਂ ਇਲਾਵਾ ਉਹ ਜਲੰਧਰ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕਰਨ ਦਾ ਮੁੱਦਾ ਵੀ ਉਠਾ ਚੁੱਕੇ ਹਨ ਤੇ ਉਸੇ ਤੋਂ ਬਾਅਦ ਇਸ ਕੰਮ ਲਈ ਗ੍ਰਾਂਟਾਂ ਮਨਜ਼ੂਰ ਕੀਤੀਆਂ ਗਈਆਂ ਸਨ।

 

 

ਉਂਝ ਆਪਣੀਆਂ ਪ੍ਰਾਪਤੀਆਂ ਦੇ ਨਾਂਅ ਉੱਤੇ ਸ੍ਰੀ ਸੰਤੋਖ ਸਿੰਘ ਚੋਧਰੀ ਕੋਲ ਵਿਖਾਉਣ ਲਈ ਕੁਝ ਬਹੁਤਾ ਨਹੀਂ ਹੈ। ਉਨ੍ਹਾਂ ਦੀ ਆਲੋਚਨਾ ਇਸ ਕਰ ਕੇ ਵੀ ਹੁੰਦੀ ਰਹੀ ਹੈ ਕਿ ਉਹ ਆਪਣਾ ਵਧੇਰੇ ਧਿਆਨ ਆਪਣੇ ਪੁੱਤਰ ਦੇ ਹਲਕੇ ਫ਼ਿਲੌਰ ਉੱਤੇ ਕੇਂਦ੍ਰਿਤ ਕਰਦੇ ਰਹੇ ਹਨ। ਸ੍ਰੀ ਚੌਧਰੀ ਨੇ ਆਪਣੇ ਕਾਰਜਕਾਲ ਦੌਰਾਨ ਕੇਂਦਰ ਤੋਂ ਜਲੰਧਰ ਵਿੱਚ ਕੋਈ ਵੱਡਾ ਪ੍ਰੋਜੈਕਟ ਵੀ ਨਹੀਂ ਲਿਆਂਦਾ ਕਿ ਜਿਸ ਉੱਤੇ ਉਹ ਮਾਣ ਕਰ ਸਕਣ। ਅਜਿਹਾ ਇਸ ਕਾਰਨ ਵੀ ਹੈ ਕਿਉਂਕਿ ਉਹ ਕੇਂਦਰ ਵਿੱਚ ਸੱਤਾਧਾਰੀ ਭਾਜਪਾ ਦੀ ਵਿਰੋਧੀ ਪਾਰਟੀ ਕਾਂਗਰਸ ਨਾਲ ਸਬੰਧਤ ਹਨ। ਇਸ ਦੇ ਬਾਵਜੂਦ ਸ੍ਰੀ ਚੌਧਰੀ ਨੂੰ ਆਸ ਹੈ ਕਿ ਉਹ ਇਸ ਵਾਰ ਵੀ ਉਹੀ ਜਿੱਤਣਗੇ।

 

 

ਉਂਝ ਸਥਾਨਕ ਕਾਰੋਬਾਰੀ ਭਾਈਚਾਰਾ ਕੇਂਦਰੀ ਰਾਜ ਮੰਤਰੀ ਤੇ ਹੁਸ਼ਿਆਰਪੁਰ ਦੇ ਐੱਮਪੀ ਵਿਜੇ ਸਾਂਪਲਾ ਵੱਲੋਂ ਕੀਤੇ ਖ਼ਾਸ ਜਤਨਾਂ ਦੀ ਸ਼ਲਾਘਾ ਜ਼ਰੂਰ ਕਰਦਾ ਵਿਖਾਈ ਦਿੰਦਾ ਹੈ। ਉਂਝ ਸ੍ਰੀ ਵਿਜੇ ਸਾਂਪਲਾ ਵਾਂਗ ਸ੍ਰੀ ਚੌਧਰੀ ਨੇ ਵੀ ਉਂਝ ਹੀ ਵਿਭਿੰਨ ਕਦਮ ਚੁੱਕੇ ਹਨ।

 

 

ਸ੍ਰੀ ਸੰਤੋਖ ਸਿੰਘ ਚੌਧਰੀ ਨੇ ਆਪਣੇ ਐੱਮਪੀ ਕੋਟੇ ਦੇ ਫ਼ੰਡਾਂ ਦੀ ਵੰਡ ਕਰਦੇ ਸਮੇਂ ਵੀ ਕੁਝ ਕਥਿਤ ਮਨਮਾਨੀਆਂ ਕੀਤੀਆਂ ਹਨ ਤੇ ਉਨ੍ਹਾਂ ਦਾ ਧਿਆਨ ਆਪਣੇ ਪੁੱਤਰ ਵਿਕਰਮ ਚੌਧਰੀ ਦੇ ਫ਼ਿਲੌਰ ਵਿਧਾਨ ਸਭਾ ਹਲਕੇ ਵੱਲ ਜ਼ਿਆਦਾ ਰਿਹਾ ਹੈ। ਉਂਝ ਵੀ, ਐੱਮਪੀ ਭਾਵੇਂ ਖ਼ੁਦ ਸਨਿਮਰ ਤੇ ਮਿੱਠ–ਬੋਲੜੇ ਹਨ ਪਰ ਪਾਰਟੀ ਕਾਰਕੁੰਨਾਂ ਵਿੱਚ ਉਨ੍ਹਾਂ ਪ੍ਰਤੀ ਇਸ ਕਾਰਨ ਰੋਸ ਹੈ ਕਿਉਂਕਿ ਹੁਣ ਵਧੇਰੇ ਸੁਝਾਅ ਆਪਣੇ ਪੁੱਤਰ ਤੋਂ ਲੈਂਦੇ ਹਨ ਤੇ ਹਰ ਫ਼ੈਸਲਾ ਉਸੇ ਦੀ ਸਲਾਹ ਮੁਤਾਬਕ ਹੀ ਲੈਂਦੇ ਹਨ।

 

 

ਸ੍ਰੀ ਸੰਤੋਖ ਸਿੰਘ ਚੌਧਰੀ ਦੇ ਕਾਰਜਕਾਲ ਦੌਰਾਨ ਹੀ ਜਲੰਧਰ ਸ਼ਹਿਰ ਨੂੰ ‘ਸਮਾਰਟ ਸਿਟੀ’ ਪ੍ਰੋਜੈਕਟ ਵਿੱਚ ਸ਼ਾਮਲ ਕੀਤਾ ਗਿਆ ਸੀ ਤੇ ਉਹ ਇਸ ਉੱਤੇ ਕੁਝ ਮਾਣ ਵੀ ਕਰ ਸਕਦੇ ਹਲ ਪਰ ਹਾਲੇ ਤੱਕ ਉਸ ਯੋਜਨਾ ਉੱਤੇ ਇੱਕ ਧੇਲਾ ਵੀ ਖ਼ਰਚ ਨਹੀਂ ਕੀਤਾ ਗਿਆ। ਸੜਕਾਂ ਦੀ ਹਾਲਤ ਖ਼ਸਤਾ ਹੈ ਤੇ ਸ੍ਰੀ ਚੌਧਰੀ ਦਾ ਕਹਿਣਾ ਹੈ ਕਿ ਸਮਾਰਟ–ਸਿਟੀ ਪ੍ਰੋਜੈਕਟ ਤਾਂ ਸਮੁੱਚੇ ਦੇਸ਼ ਵਿੱਚ ਹੀ ਦੇਰੀ ਨਾਲ ਚੱਲ ਰਹੇ ਹਨ। ਅੰਮ੍ਰਿਤਸਰ–ਪਾਨੀਪਤ ਹਾਈਵੇਅ ਉੱਤੇ ਰਾਮਾ ਮੰਡੀ ਵਿਖੇ ਫ਼ਲਾਈਓਵਰ ਬਣ ਰਿਹਾ ਹੈ। ਸ੍ਰੀ ਚੌਧਰੀ ਨੇ ਇਸ ਨੂੰ ਮੁਕੰਮਲ ਕਰਵਾਉਣ ਲਈ ਭਾਵੇਂ ਅਣਥੱਕ ਜਤਨ ਕੀਤੇ ਹਲ ਪਰ ਉਹ ਕਾਮਯਾਬ ਨਹੀਂ ਹੋ ਸਕੇ।

 

 

ਸ੍ਰੀ ਸੰਤੋਖ ਸਿੰਘ ਚੌਧਰੀ ਨੇ ਫ਼ਿਲੌਰ ਲਾਗਲੇ ਪਿੰਡ ਗਾਨਾ ਨੂੰ ਵੀ ਪ੍ਰਧਾਨ ਮੰਤਰੀ ਦੀ ‘ਸਾਂਸਦ ਆਦਰਸ਼ ਗ੍ਰਾਮ ਯੋਜਨਾ’ (SAGY) ਅਧੀਨ ਅਪਣਾਇਆ ਸੀ ਪਰ ਉਹ ਇਸ ਪਿੰਡ ਨੂੰ ਵੀ ਵਿਕਸਤ ਨਹੀਂ ਕਰ ਸਕੇ। ਇਹ ਪਿੰਡ ਦੋਆਬਾ ਵਿੱਚ ਨਸ਼ਿਆਂ ਦੀ ਸਮੱਗਲਿੰਗ ਤੇ ਹੋਰ ਅਪਰਾਧਾਂ ਲਈ ਬਦਨਾਮ ਹੈ। ਸ੍ਰੀ ਚੌਧਰੀ ਨੇ ਇਸ ਨੂੰ ਇੱਕ ਆਦਰਸ਼ ਪਿੰਡ ਬਣਾਉਣ ਲਈ ਅਪਣਾਇਆ ਸੀ ਪਰ ਇਸ ਪਾਸੇ ਕੁਝ ਵੀ ਨਹੀਂ ਕੀਤਾ ਗਿਆ। ਇਸੇ ਪਿੰਡ ਦੇ ਵਾਸੀ ਸੁਰਿੰਦਰ ਸਿੰਘ ਹੁਰਾਂ ਦਾ ਕਹਿਣਾ ਹੈ ਕਿ ਇਸ ਪਿੰਡ ਨੂੰ ਅਪਣਾ ਕੇ ਉਹ ਭੁੱਲ ਗਏ ਹਨ। ਪਿਛਲੇ ਛੇ ਕੁ ਮਹੀਨਿਆਂ ਦੌਰਾਨ ਜ਼ਰੂਰ ਕੁਝ ਫ਼ੰਡ ਖ਼ਰਚ ਕੀਤੇ ਗਏ ਸਨ।

 

 

ਇੱਕ ਕਾਂਗਰਸੀ ਵਿਧਾਇਕ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਕਿਹਾ ਕਿ – ‘ਸ੍ਰੀ ਸੰਤੋਖ ਚੌਧਰੀ ਇੱਕ ਐੱਮਪੀ ਵਜੋਂ ਨਾਕਾਮ ਰਹੇ ਹਲ ਤੇ ਉਨ੍ਹਾਂ ਨੇ ਆਪਣੇ ਐੱਮਪੀ ਕੋਟੇ ਦਾ ਜ਼ਿਆਦਾਤਰ ਧਨ ਫ਼ਿਲੌਰ ਹਲਕੇ ਵਿੱਚ ਖ਼ਰਚਿਆ ਹੈ ਤੇ ਬਾਕੀ ਦੇ ਇਲਾਕਿਆਂ ਨੂੰ ਅੱਖੋਂ ਪ੍ਰੋਖੇ ਕੀਤਾ ਹੈ। ਉਹ ਆਪਣੇ ਸੰਸਦੀ ਹਲਕੇ ਵਿੱਚ ਸਿਰਫ਼ ਪਿਛਲੇ ਚਾਰ ਕੁ ਮਹੀਨਿਆਂ ਤੋਂ ਹੀ ਸਰਗਰਮ ਹੋਏ ਹਨ। ਉਨ੍ਹਾਂ ਦਾ ਧਿਆਨ ਸਿਰਫ਼ ਆਪਣੇ ਪੁੱਤਰ ਦਾ ਸਿਆਸੀ ਕੈਰੀਅਰ ਬਣਾਉਣ ਉੱਤੇ ਹੀ ਕੇਂਦ੍ਰਿਤ ਰਿਹਾ ਤੇ ਉਨ੍ਹਾਂ ਬਾਕੀ ਸਾਰੇ ਆਗੂਆਂ ਨੂੰ ਅੱਖੋਂ ਪ੍ਰੋਖੇ ਕਰੀ ਰੱਖਿਆ ਹੈ।’

 

 

ਆਦਮਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਸ੍ਰੀ ਸੰਤੋਖ ਸਿੰਘ ਚੌਧਰੀ ਇੱਕ ਐੱਮਪੀ ਵਜੋਂ ਲੋਕ–ਪੱਖੀ ਮੁੱਦੇ ਉਠਾ ਹੀ ਨਹੀਂ ਸਕੇ। ਉਨ੍ਹਾਂ ਕਿਹਾ,‘ਕੀ ਤੁਸੀਂ ਕਦੇ ਸੰਸਦ ਵਿੱਚ ਉਨ੍ਹਾਂ ਨੂੰ ਕੋਈ ਮੁੱਦੇ ਉਠਾਉਂਦਿਆਂ ਤੱਕਿਆ ਹੈ। ਉਹ ਤਾਂ ਆਪਣੇ ਸਿਰ ਛੋਟੇ ਪ੍ਰੋਜੈਕਟਾਂ ਦਾ ਸਿਹਰਾ ਵੀ ਨਹੀਂ ਬੰਨ੍ਹ ਸਕਦੇ। ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ ਸੂਬਾ ਸਰਕਾਰ ਵੱਲੋਂ ਕੀਤੇ ਆਮ ਰੂਟੀਨ ਦੇ ਕੰਮਾਂ ਦਾ ਸਿਹਰਾ ਵੀ ਉਹ ਆਪਣੇ ਸਿਰ ਬੰਨ੍ਹ ਲੈਂਦੇ ਹਨ।’

 

 

ਜਲੰਧਰ ਨੂੰ ਖੇਡਾਂ ਦਾ ਸਾਮਾਨ ਬਣਾਉਣ ਦਾ ਧੁਰਾ ਮੰਨਿਆ ਜਾਂਦਾ ਹੈ ਅਤੇ ਇਸ ਵੇਲੇ ਇਹ ਉਦਯੋਗ ਬਹੁਤ ਖ਼ਸਤਾ ਹਾਲਤ ਵਿੱਚ ਹੈ। ਇਸ ਉਦਯੋਗ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਸੰਸਦ ਵਿੱਚ ਸ੍ਰੀ ਸੰਤੋਖ ਚੌਧਰੀ ਨੇ ਉਨ੍ਹਾਂ ਨਾਲ ਜੁੜਿਆ ਕੋਈ ਮੁੱਦਾ ਨਹੀਂ ਉਠਾਇਆ।

 

 

ਸ੍ਰੀ ਸੰਤੋਖ ਸਿੰਘ ਚੌਧਰੀ ਨੂੰ ਪੰਜਾਬ ਦੇ ਦੋਆਬਾ ਹਲਕੇ ਦੇ ਸਭ ਤੋਂ ਵੱਧ ਸੀਨੀਅਰ ਦਲਿਤ ਆਗੂਆਂ ਵਿੱਚੋਂ ਇੱਕ ਮੰਨਿਆ ਜਾਦਾ ਹੈ। ਉਨ੍ਹਾਂ ਦੇ ਪਿਤਾ ਸਵਰਗੀ ਮਾਸਟਰ ਗੁਰਬੰਤਾ ਸਿੰਘ ਵੀ ਇੱਕ ਮੰਤਰੀ ਸਨ। ਉਨ੍ਹਾਂ ਦੇ ਭਰਾ ਸਵਰਗੀ ਚੌਧਰੀ ਜਗਜੀਤ ਸਿੰਘ ਵੀ ਪੰਜਾਬ ਦੇ ਪ੍ਰਮੁੱਖ ਆਗੂਆਂ ਵਿੱਚੋਂ ਇੱਕ ਰਹੇ ਹਨ। ਉਨ੍ਹਾਂ ਦਾ ਭਤੀਜਾ ਚੌਧਰੀ ਸੁਰਿੰਦਰ ਸਿੰਘ ਕਰਤਾਰਪੁਰ ਤੋਂ ਵਿਧਾਇਕ ਹੈ। ਸ੍ਰੀ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਇੱਕ ਸੇਵਾ–ਮੁਕਤ ਸਿੱਖਿਆ ਅਧਿਕਾਰੀ ਹਨ।

 

 

‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਗੱਲਬਾਤ ਦੌਰਾਨ ਸ੍ਰੀ ਸੰਤੋਖ ਸਿੰਘ ਚੌਧਰੀ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਨਾਲ ਸਬੰਧਤ ਹਰੇਕ ਮੁੱਦਾ ਜ਼ੋਰ–ਸ਼ੋਰ ਨਾਲ ਉਠਾਇਆ ਹੈ। ਆਦਮਪੁਰ ਵਿਖੇ ਸਿਵਲ ਏਅਰਪੋਰਟ ਨੂੰ ਉਨ੍ਹਾਂ ਆਪਣੀ ਸਭ ਤੋਂ ਵੱਡੀ ਪ੍ਰਾਪਤ ਮੰਨਿਆ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਤੋਂ ਪਹਿਲਾਂ ਹੋਰ ਕੋਈ ਐੱਮਪੀ ਇੰਨਾ ਸਰਗਰਮ ਰਿਹਾ ਹੀ ਨਹੀਂ।

 

 

ਜਦੋਂ ਸ੍ਰੀ ਸੰਤੋਖ ਸਿੰਘ ਚੌਧਰੀ ਨੂੰ ਚੇਤੇ ਕਰਵਾਇਆ ਗਿਆ ਕਿ ਲੋਕ ਤਾਂ ਇਸ ਹਵਾਈ ਅੱਡੇ ਦਾ ਸਿਹਰਾ ਵਿਜੇ ਸਾਂਪਲਾ ਸਿਰ ਬੰਨ੍ਹਦੇ ਹਨ, ਤਾਂ ਉਨ੍ਹਾਂ ਜਵਾਬ ਦਿੱਤਾ ਕਿ ਇਸ ਸਿਵਲ ਟਰਮੀਨਲ ਦੀ ਅਸਲ ਗੱਲਬਾਤ ਉਦੋਂ ਹੀ ਸ਼ੁਰੂ ਹੋਈ ਸੀ, ਜਦੋਂ ਉਹ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਅਤੇ ਰੱਖਿਆ ਮੰਤਰੀ ਨੂੰ ਮਿਲੇ ਸਨ। ਉਨ੍ਹਾਂ ਕਿਹਾ ਕਿ ਉਹ ਜਿਹੜੀ ਮੰਗ ਉਠਾਉਂਦੇ ਸਨ, ਉਹੀ ਮੁੱਦਾ ਸ੍ਰੀ ਸਾਂਪਲਾ ਵੀ ਚੁੱਕ ਲੈਂਦੇ ਸਨ। ਉਨ੍ਹਾਂ ਕਿਹਾ ਕਿ ਵੱਖੋ–ਵੱਖਰੀਆਂ ਏਜੰਸੀਆਂ ਨਾਲ ਉਨ੍ਹਾਂ ਵੱਲੋਂ ਕੀਤੀ ਗਈ ਚਿੱਠੀ–ਪੱਤਰੀ ਦਾ ਸਬੂਤ ਵੀ ਉਹ ਵਿਖਾ ਸਕਦੇ ਹਨ।

 

 

ਇੱਕ ਹੋਰ ਸੁਆਲ ਦਾ ਜੁਆਬ ਦਿੰਦਿਆਂ ਸ੍ਰੀ ਚੌਧਰੀ ਨੇ ਕਿਹਾ ਕਿ ਫ਼ਲਾਈਓਵਰਾਂ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਤੇ ਸਬੰਧਤ ਮੰਤਰਾਲਿਆਂ ਨੂੰ ਯਾਦ–ਪੱਤਰ ਭੇਜਣ ਤੋਂ ਬਾਅਦ ਹੀ ਉਸ ਦਾ ਕੰਮ ਤੇਜ਼ ਹੋਇਆ ਹੈ। ਸਮਾਰਟ–ਸਿਟੀ ਪ੍ਰੋਜੈਕਟ ਲਈ ਸਮਾਰਟ ਕੰਟਰੋਲ ਸੈਂਟਰ ਪਹਿਲਾਂ ਹੀ ਕਾਇਮ ਹੋ ਚੁੱਕਾ ਹੈ ਅਤੇ ਸੋਲਰ ਲਾਈਟਾਂ ਲਾਉਣ ਦਾ ਕੰਮ ਵੀ ਚੱਲ ਰਿਹਾ ਹੈ ਤੇ ਗੋਲ–ਚੱਕਰ ਬਣਾਉਣ ਦਾ ਕੰਮ ਵੀ ਵੰਡਿਆ ਜਾ ਚੁੱਕਾ ਹੈ।

 

 

ਉਨ੍ਹਾਂ ਅਜਿਹੇ ਦੋਸ਼ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਨੇ ਜਲੰਧਰ ਸੰਸਦੀ ਹਲਕੇ ਵਿੱਚ ਆਪਣੇ ਐੱਮਪੀ ਕੋਟੇ ਦੇ ਫ਼ੰਡ ਇੱਕ–ਸਮਾਨ ਢੰਗ ਨਾਲ ਨਹੀਂ ਵੰਡੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਾਰੇ ਪਾਸੇ ਬਰਾਬਰ ਤੇ ਤਰਕਪੂਰਨ ਢੰਗ ਨਾਲ ਫ਼ੰਡਾਂ ਦੀ ਵੰਡ ਕੀਤੀ ਹੈ। ‘ਹਾਂ, ਫ਼ਿਲੌਰ ਹਲਕੇ ਵਿੱਚ ਜ਼ਰੂਰ ਅਸੀਂ ਅਧਿਕਾਰੀਆਂ ਨੂੰ ਗ੍ਰਾਂਟਾਂ ਠੀਕ ਢੰਗ ਨਾਲ ਤੇ ਤੁਰੰਤ ਵੰਡਣ ਦੇ ਹੁਕਮ ਜਾਰੀ ਕਰਦੇ ਰਹੇ ਹਾਂ; ਜਿਸ ਤੋਂ ਲੋਕਾਂ ਨੂੰ ਜਾਪਦਾ ਹੋਵੇਗਾ ਕਿ ਮੈਂ ਫ਼ਿਲੌਰ ਹਲਕੇ ਉੱਤੇ ਵੱਧ ਧਨ ਖ਼ਰਚ ਕੀਤਾ ਹੈ।’ ਉਨ੍ਹਾਂ ਕਿਹਾ ਕਿ ਉਨ੍ਹਾਂ ਸਖ਼ਤ ਮਿਹਨਤ ਕੀਤੀ ਹੈ, ਇਸ ਲਈ ਉਹ ਇਸੇ ਹਲਕੇ ਲਈ ਪਾਰਟੀ ਟਿਕਟ ਵਾਸਤੇ ਫਿਰ ਅਰਜ਼ੀ ਦੇਣਗੇ ਤੇ ਜਿੱਤਣਗੇ ਵੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jalandhar MP Santokh Singh Chaudhary is hopeful this time also