-- ਜ਼ੀਰਕਪੁਰ ਦੀ ਔਰਤ ਨੇ ਕੀਤੀ ਸੀ ਬਲਾਤਕਾਰ ਦੀ ਸਿ਼ਕਾਇਤ
ਪੰਜਾਬ ਪੁਲਿਸ ਨੇ ਜ਼ੀਰਕਪੁਰ ਦੀ ਇੱਕ ਔਰਤ ਦੀ ਸਿ਼ਕਾਇਤ `ਤੇ ਇੱਕ ਈਸਾਈ ਪਾਦਰੀ ਬਲਜਿੰਦਰ ਸਿੰਘ ਨੂੰ ਦਿੱਲੀ ਦੇ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਹ ਪਾਦਰੀ ਜਿੱਥੇ ਖ਼ੁਦ ਨੂੰ ਮਸੀਹੀ ਧਰਮ ਦਾ ਖ਼ੈਰ-ਖ਼ਵਾਹ ਅਖਵਾਉਂਦਾ ਹੈ, ਉੱਥੇ ਇਹ ਦੁਆ ਕਰ ਕੇ ਮਰੀਜ਼ਾਂ ਦੇ ਰੋਗ ਵੀ ਦੂਰ ਕਰ ਦੇਣ ਦਾ ਦਾਅਵਾ ਕਰਦਾ ਰਿਹਾ ਹੈ।
ਜ਼ੀਰਕਪੁਰ ਦੀ ਔਰਤ ਨੇ ਪਾਦਰੀ ਬਲਜਿੰਦਰ ਸਿੰਘ `ਤੇ ਬਲਾਤਕਾਰ ਦਾ ਇਲਜ਼ਾਮ ਲਾਇਆ ਸੀ। ਜ਼ੀਰਕਪੁਰ ਦੇ ਐੱਸਐੱਚਓ ਪਵਨ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਪਾਦਰੀ ਨੂੰ ਉਦੋਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਉਹ 21 ਜੁਲਾਈ ਨੂੰ ਹੋਣ ਵਾਲੇ ਇੱਕ ਸਮਾਰੋਹ `ਚ ਭਾਗ ਲੈਣ ਲਈ ਲੰਦਨ ਜਾ ਰਿਹਾ ਸੀ।
ਬਲਜਿੰਦਰ ਸਿੰਘ ਜਲੰਧਰ ਦੇ ਗਿਰਜਾਘਰ ਦਾ ਪਾਦਰੀ ਹੈ। ਉਸ ਬਾਰੇ ਪ੍ਰਸਿੱਧ ਰਿਹਾ ਹੈ ਕਿ ਉਹ ਲੋਕਾਂ ਦੇ ਰੋਗ ਅਰਦਾਸ ਕਰ ਕੇ ਕੱਟਦਾ ਹੈ।
ਜ਼ੀਰਕਪੁਰ ਦੀ ਔਰਤ ਨੇ ਬੀਤੇ ਮਈ ਮਹੀਨੇ ਇਸ ਪਾਦਰੀ ਖਿ਼ਲਾਫ਼ ਸਿ਼ਕਾਇਤ ਦਰਜ ਕਰਵਾਈ ਸੀ। ਸਿ਼ਕਾਇਤ `ਚ ਪੀੜਤ ਔਰਤ ਨੇ ਦਾਅਵਾ ਕੀਤਾ ਸੀ ਕਿ ਪਾਦਰੀ ਬਲਜਿੰਦਰ ਸਿੰਘ ਨੇ ਬਲਾਤਕਾਰ ਦੀ ਇੱਕ ਵਿਡੀਓ ਵੀ ਰਿਕਾਰਡ ਕੀਤੀ ਸੀ।
ਔਰਤ ਦਾ ਦੋਸ਼ ਹੈ ਕਿ ਮੁਲਜ਼ਮ ਪਾਦਰੀ ਅਕਸਰ ਉਸ ਨੂੰ ਇਹੋ ਧਮਕੀਆਂ ਦਿੰਦਾ ਰਹਿੰਦਾ ਸੀ ਕਿ ਉਹ ਉਸ ਦੀ ਵਿਡੀਓ ਸੋਸ਼ਲ ਮੀਡੀਆ `ਤੇ ਜੱਗ ਜ਼ਾਹਿਰ ਕਰ ਦੇਵੇਗਾ, ਜੇ ਉਸ ਨੇ ਉਸ ਦੀਆਂ ਮੰਗਾਂ ਨਾ ਮੰਨੀਆਂ।
ਐੱਸਐੱਚਓ ਨੇ ਦੱਸਿਆ ਕਿ ਸਿ਼ਕਾਇਤ ਮਿਲਣ ਦੇ ਬਾਅਦ ਤੋਂ ਹੀ ਪਾਦਰੀ ਬਲਜਿੰਦਰ ਸਿੰਘ ਭਗੌੜਾ ਸੀ। ਉਸ ਦੀ ਭਾਲ਼ ਲਈ ਖ਼ਾਸ ਨੋਟਿਸ ਵੀ ਕੱਢੇ ਗਏ ਸਨ। ਉਸ ਨੂੰ ਇੰਗਲੈਂਡ ਰਵਾਨਗੀ ਤੋਂ ਪਹਿਲਾ ਹੀ ਗ੍ਰਿਫ਼ਤਾਰ ਕਰ ਲਿਆ ਗਿਆ।
ਇਸ ਮਾਮਲੇ ਦੀ ਐੱਫ਼ਆਈਆਰ ਵਿੱਚ ਤਿੰਨ ਚਾਰ ਵਿਅਕਤੀਆਂ ਦੇ ਨਾਂਅ ਦਰਜ ਹਨ। ਪੁਲਿਸ ਨੇ ਪਾਦਰੀ ਖਿ਼ਲਾਫ਼ ਵੱਖੋ-ਵੱਖਰੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ।