ਅਗਲੀ ਕਹਾਣੀ

ਜਲੰਧਰ `ਚ ਦੋਹਤਰੇ ਨੇ ਕੀਤਾ ਸੀ ਕਤਲ ਨਾਨੀ ਦਾ, ਨਸ਼ੇ ਤੋਂ ਰੋਕਦੀ ਸੀ

ਸ੍ਰੀਮਤੀ ਸ਼ੀਲਾ ਰਾਣੀ ਪ੍ਰਭਾਕਰ ਦੀ ਫ਼ਾਈਲ ਫ਼ੋਟੋ

--  ਜਲੰਧਰ ਦਾ ਰਿਸ਼ਤੇਦਾਰ ਹੀ ਨਿੱਕਲਿਆ AIG ਦੀ ਮਾਂ ਦਾ ਕਾਤਲ

 

ਪੰਜਾਬ ਪੁਲਿਸ ਦੇ ਐਡੀਸ਼ਨਲ ਇੰਸਪੈਕਟਰ ਜਨਰਲ (ਏਆਈਜੀ - AIG) ਸਰੀਨ ਕੁਮਾਰ ਪ੍ਰਭਾਕਰ ਦੀ 80 ਸਾਲਾ ਬਿਰਧ ਮਾਂ ਦੇ ਕਤਲ ਕੇਸ ਦੀ ਗੁੱਥੀ ਸੁਲਝਾ ਲਈ ਗਈ ਹੈ। ਪੁਲਿਸ ਨੇ ਇਸ ਮਾਮਲੇ `ਚ ਪਰਿਵਾਰ ਦੇ ਹੀ ਇੱਕ ਰਿਸ਼ਤੇਦਾਰ ਤੇ ਉਸ ਦੇ ਦੋਸਤ ਨੂੰ ਗ੍ਰਿਫ਼ਤਾਰ ਕੀਤਾ ਹੈ।


ਬੀਤੀ 17 ਸਤੰਬਰ ਨੂੰ ਜਲੰਧਰ ਦੀ ਰਾਮਾ ਮੰਡੀ ਨੇੜੇ ਦਕੋਹਾ ਇਲਾਕੇ `ਚ ਸਥਿਤ ਘਰ ਅੰਦਰ ਲੁੱਟਮਾਰ ਤੋਂ ਬਾਅਦ ਸ੍ਰੀਮਤੀ ਸ਼ੀਲਾ ਰਾਣੀ ਪ੍ਰਭਾਕਰ ਦਾ ਗਲ਼ਾ ਘੁੱਟ ਕੇ ਹੱਅਿਤਾ ਕਰ ਦਿੱਤੀ ਗਈ ਸੀ। ਇਸ ਸਬੰਧੀ ਕੇਸ ਰਾਮਾ ਮੰਡੀ ਪੁਲਿਸ ਥਾਣੇ `ਚ ਦਰਜ ਹੈ।


ਮੁਲਜ਼ਮ ਦੀ ਸ਼ਨਾਖ਼ਤ ਸਿ਼ਵਮ ਵਰਮਾ (23) ਵਜੋਂ ਹੋਈ ਹੈ, ਜੋ ਮ੍ਰਿਤਕਾ ਦੀ ਭਤੀਜੀ ਦਾ ਹੀ ਪੁੱਤਰ ਹੈ ਤੇ ਉਸ ਨਾਲ 20 ਸਾਲਾਂ ਦਾ ਦੋਸਤ ਕਰਨ ਕੁਮਾਰ ਵੀ ਸੀ। ਪੁਲਿਸ ਨੇ ਵਾਰਦਾਤ ਸਮੇਂ ਲੁੱਟੀ ਸੋਨੇ ਦੀ ਇੱਕ ਚੂੜੀ, ਇੱਕ ਅੰਗੂਠੀ ਤੇ ਕੰਨਾਂ ਦੀਆਂ ਵਾਲ਼ੀਆਂ ਸਮੇਤ ਲੁੱਟੇ ਹੋਏ ਗਹਿਣੇ ਵੀ ਬਰਾਮਦ ਕਰ ਲਏ ਹਨ।


ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ - ‘ਵਾਰਦਾਤ ਦੇ ਸਾਰੇ ਹਾਲਾਤ ਤੇ ਸਬੂਤ ਇਸੇ ਗੱਲ ਵੱਲ ਇਸ਼ਾਰਾ ਕਰ ਰਹੇ ਸਨ ਕਿ ਇਸ ਕਤਲ ਪਿੱਛੇ ਪਰਿਵਾਰ ਦੇ ਕਿਸੇ ਨੇੜਲੇ ਦਾ ਹੀ ਹੱਥ ਹੈ। ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕੀਤਾ ਹੈ ਤੇ ਉਨ੍ਹਾਂ ਨੇ ਆਪਣੇ ਜੁਰਮ ਦਾ ਇਕਬਾਲ ਵੀ ਕਰ ਲਿਆ ਹੈ।`


ਪੁਲਿਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਮੁਲਜ਼ਮ ਦੀ ਨਾਨੀ ਸ਼ੀਲਾ ਅਸਲ ਵਿੱਚ ਉਸ ਦੀ ਨਸਿ਼ਆਂ ਦੀ ਲਤ ਬਾਰੇ ਸਿ਼ਕਾਇਤ ਅਕਸਰ ਉਸ ਦੀ ਮਾਂ ਕੋਲ ਕਰਦੀ ਰਹਿੰਦੀ ਸੀ ਤੇ ਉਸ ਨੂੰ ਇਲਾਜ ਲਈ ਨਸ਼ਾ-ਛੁਡਾਊ ਕੇਂਦਰ ਵੀ ਉਨ੍ਹਾਂ ਨੇ ਹੀ ਭਿਜਵਾਇਆ ਸੀ।


ਸ੍ਰੀ ਭੁੱਲਰ ਨੇ ਦੱਸਿਆ ਕਿ - ‘ਸਿ਼ਵਮ ਨੂੰ ਇੱਕ ਤਾਂ ਨਸਿ਼ਆਂ ਲਈ ਧਨ ਦੀ ਲੋੜ ਸੀ ਤੇ ਦੂਜੇ ਉਹ ਨਾਨੀ ਨੂੰ ਸਬਕ ਵੀ ਸਿਖਾਉਣਾ ਚਾਹੁੰਦਾ ਸੀ। ਇਸੇ ਲਈ ਉਹ ਬੀਤੀ 16 ਤੇ 17 ਸਤੰਬਰ ਦੀ ਰਾਤ ਨੂੰ ਕੰਧ ਟੱਪ ਕੇ ਘਰ ਅੰਦਰ ਦਾਖ਼ਲ ਹੋਏ ਤੇ ਫਿਰ ਬਿਰਧ ਔਰਤ ਦੇ ਕਮਰੇ `ਚ ਗਏ। ਸਿ਼ਵਮ ਨੇ ਇੱਕ ਤਕੀਏ ਦੀ ਮਦਦ ਨਾਲ ਬਜ਼ੁਰਗ ਔਰਤ ਦਾ ਗਲ਼ਾ ਘੁੱਟਿਆ ਤੇ ਉਸੇ ਰਸਤੇ ਬਾਹਰ ਨੱਸ ਗਿਆ,ਗਿਆ।`


ਸਿ਼ਵ ਇਸ ਵੇਲੇ ਬੇਰੁਜ਼ਗਾਰ ਹੈ, ਜਦ ਕਿ ਕਰਨ ਇੱਕ ਪ੍ਰਾਈਵੇਟ ਲੈਬਾਰੇਟਰੀ `ਚ ਕੰਮ ਕਰਦਾ ਰਿਹਾ ਹੈ।


ਏਆਈਜੀ ਸਰੀਨ ਪ੍ਰਭਾਕਰ ਇਸ ਵੇਲੇ ਪੰਜਾਬ ਆਰਮਡ ਪੁਲਿਸ (ਪੀਏਪੀ) `ਚ ਕਮਾਂਡੈਂਟ ਵਜੋਂ ਨਿਯੁਕਤ ਹਨ ਤੇ ਉਨ੍ਹਾਂ ਦਾ ਭਰਾ ਵੀ ਪੰਜਾਬ ਪੁਲਿਸ `ਚ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jalandhar relative was the murderer of AIG mother