ਸ੍ਰੀ ਜੇਪੀ ਨੱਡਾ ਨੂੰ ਅੱਜ ਬਾਕਾਇਦਾ ਭਾਜਪਾ ਦੇ ਮੁਕੰਮਲ ਤੌਰ ’ਤੇ ਬਿਨਾ ਮੁਕਾਬਲਾ ਪ੍ਰਧਾਨ ਚੁਣ ਲਿਆ ਗਿਆ ਹੈ। ਭਾਰਤੀ ਜਨਤਾ ਪਾਰਟੀ ਦੀ ਹੁਣ ਤੱਕ ਦੀ ਇਹੋ ਰਵਾਇਤ ਰਹੀ ਹੈ ਕਿ ਪ੍ਰਧਾਨ ਦੀ ਚੋਣ ਸਰਸੰਮਤੀ ਨਾਲ ਹੀ ਕੀਤੀ ਜਾਂਦੀ ਹੈ।
ਸ੍ਰੀ ਨੱਡਾ ਦੇ ਪ੍ਰਧਾਨ ਚੁਣੇ ਜਾਣ ਦੇ ਤੁਰੰਤ ਬਾਅਦ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਸ੍ਰੀ ਨੱਡਾ ਪਿਛਲੇ ਇੱਕ ਸਾਲ ਤੋਂ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਚੱਲੇ ਆ ਰਹੇ ਸਨ ਪਰ ਅੱਜ ਉਹ ਸੰਪੂਰਨ ਤੌਰ ’ਤੇ ਪ੍ਰਧਾਨ ਬਣ ਗਏ ਹਨ।
ਹਿਮਾਚਲ ਯੂਨੀਰਵਸਿਟੀ ’ਚ ਪੜ੍ਹਾਈ ਦੌਰਾਨ ਸ੍ਰੀ ਨੱਡਾ ਸਿਆਸਤ ਵਿੱਚ ਸਰਗਰਮ ਹੋ ਗਏ ਸਨ। ਉਹ ਤਿੰਨ ਵਾਰ BJP ਦੀ ਟਿਕਟ ’ਤੇ ਹਿਮਾਚਲ ਵਿਧਾਨ ਸਭਾ ਪੁੱਜੇ। 1993–1998, 1998–2003 ਤੇ ਫਿਰ 2007 ਤੋਂ 2012 ਤੱਕ ਉਹ ਵਿਧਾਇਕ ਰਹੇ।
ਸ੍ਰੀ ਨੱਡਾ 1994 ਤੋਂ 1998 ਤੱਕ ਸੂਬਾ ਵਿਧਾਨ ਸਭਾ ’ਚ ਭਾਜਪਾ ਵਿਧਾਇਕ ਪਾਰਟੀ ਦੇ ਆਗੂ ਵੀ ਰਹੇ।
ਪਹਿਲੀ ਵਾਰ ਅਹਿਮ ਜ਼ਿੰਮੇਵਾਰੀ ਉਨ੍ਹਾਂ ਨੂੰ ਸਾਲ 2008 ਦੌਰਾਨ ਮਿਲੀ ਸੀ; ਜਦੋਂ ਪ੍ਰੇਮ ਕੁਮਾਰ ਧੂਮਲ ਸਰਕਾਰ ਵਿੱਚ ਉਹ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਣੇ। ਉਸ ਵੇਲੇ ਉਹ ਭਾਵੇਂ ਸ੍ਰੀ ਧੂਮਲ ਦੇ ਮੰਤਰੀ ਸਨ; ਪਰ ਅਗਲੇ ਕੁਝ ਸਾਲਾਂ ਦੌਰਾਨ ਉਨ੍ਹਾਂ ਦਾ ਕੱਦ ਕੁਝ ਅਜਿਹਾ ਵਧਿਆ ਕਿ ਅੱਜ ਉਹ ਭਾਜਪਾ ਦੇ ਪ੍ਰਧਾਨ ਹਨ ਤੇ ਪਾਰਟੀ ਦੇ ਸੀਨੀਅਰ ਆਗੂਆਂ ਵਿੱਚੋਂ ਇੱਕ ਹਨ।
ਸ੍ਰੀ ਜੇਪੀ ਨੱਡਾ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਨੇੜਲਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਜਦੋਂ 1991 ’ਚ ਸ੍ਰੀ ਜੇਪੀ ਨੱਡਾ ਭਾਜਪਾ ਯੁਵਾ ਮੋਰਚਾ ਦੇ ਮੁਖੀ ਸਨ; ਤਦ ਸ੍ਰੀ ਮੋਦੀ ਪਾਰਟੀ ਦੇ ਜਨਰਲ ਸਕੱਤਰ ਹੁੰਦੇ ਸਨ।
ਸ੍ਰੀ ਨੱਡਾ ਦਾ ਮੂਲ ਭਾਵੇਂ ਹਿਮਾਚਲ ਪ੍ਰਦੇਸ਼ ਹੈ ਪਰ ਉਨ੍ਹਾਂ ਦਾ ਜਨਮ ਬਿਹਾਰ ’ਚ ਹੋਇਆ ਸੀ। ਉਹ 2010 ਦੌਰਾਨ ਦਿੱਲੀ ਦੀ ਰਾਜਨੀਤੀ ’ਚ ਆਏ ਸਨ; ਜਦੋਂ ਸ੍ਰੀ ਨਿਤਿਨ ਗਡਕਰੀ ਨੇ ਉਨ੍ਹਾਂ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਪਿਛਾਂਹ ਮੁੜ ਕੇ ਕਦੇ ਨਹੀਂ ਤੱਕਿਆ।
ਸ੍ਰੀ ਨਰਿੰਦਰ ਮੋਦੀ ਨੇ ਸੱਤਾ ’ਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਕੈਬਿਨੇਟ ’ਚ ਸ਼ਾਮਲ ਕੀਤਾ ਸੀ।