ਅੱਜ ਵੱਡੇ ਤੜਕੇ 2 ਵਜੇ ਚੰਡੀਗੜ੍ਹ ’ਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ; ਜਿਸ ਵਿੱਚ ਇੱਕ ਜੁਡੀਸ਼ੀਅਲ ਮੈਜਿਸਟ੍ਰੇਟ ਸਾਹਿਲ ਸਿੰਗਲਾ ਦੀ ਮੌਤ ਹੋ ਗਈ; ਜਦ ਕਿ ਇੱਕ ਹੋਰ ਜੁਡੀਸ਼ੀਅਲ ਮੈਜਿਸਟ੍ਰੇਟ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਇਹ ਹਾਦਸਾ ਸੈਕਟਰ 16 ਅਤੇ ਸੈਕਟਰ 23 ਨੂੰ ਵੰਡਣ ਵਾਲੀ ਸੜਕ 'ਤੇ ਕ੍ਰਿਕੇਟ ਸਟੇਡੀਅਮ ਲਾਗੇ ਕਾਰ ਦੇ ਇੱਕ ਖੰਭੇ ਨਾਲ ਟਕਰਾਉਣ ਕਾਰਨ ਵਾਪਰਿਆ ਹੈ।
ਸ੍ਰੀ ਸਿੰਗਲਾ ਪੰਜਾਬ ਦੇ ਸ਼ਹਿਰ ਪਠਾਨਕੋਟ ਦੇ ਜੰਮਪਲ਼ ਸਨ; ਜਦ ਕਿ ਜ਼ਖ਼ਮੀ ਹੋਏ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਸ਼ਨਾਖ਼ਤ ਪਾਹੁਲ ਪ੍ਰੀਤ ਸਿੰਘ ਵਜੋਂ ਹੋਈ ਹੈ। ਉਹ ਅੰਮ੍ਰਿਤਸਰ ਦੇ ਸਨ। ਕੁਝ ਰਿਪੋਰਟਾਂ ਮੁਤਾਬਕ ਸ੍ਰੀ ਪਾਹੁਲ ਪ੍ਰੀਤ ਸਿੰਘ ਅਸਲ 'ਚ ਸ੍ਰੀ ਸਿੰਗਲਾ ਦੇ ਬੈਚ–ਮੇਟ ਸਨ।
ਹੁਣ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਗੱਡੀ ਚੱਲਾਉ਼ਦੇ ਸਮੇਂ ਸ੍ਰੀ ਸਾਹਿਲ ਸਿੰਗਲਾ ਦੀਆਂ ਅੱਖਾਂ 'ਚ ਸਾਹਮਣੇ ਵਾਲੀ ਗੱਡੀ ਦੀਆਂ ਹੈੱਡਲਾਈਟਸ ਦੀ ਰੌਸ਼ਨੀ ਪੈ ਗਈ ਤੇ ਇਨੋਵਾ ਕਾਰ ਖੰਭੇ 'ਚ ਜਾ ਵੱਜੀ।
ਉਸ ਵੇਲੇ ਦੂਜੀ ਕਾਰ ਵਿੱਚ ਸ੍ਰੀ ਸਿੰਗਲਾ ਦੀ ਪਤਨੀ ਰਾਧਿਕਾ ਤੇ ਦੂਜੇ ਜੁਡੀਸ਼ੀਅਲ ਮੈਜਿਸਟ੍ਰੇਟ ਪਾਹੁਲਪ੍ਰੀਤ ਸਿੰਘ ਦੀ ਪਤਨੀ ਪ੍ਰਭਜੋਤ ਕੌਰ ਵੀ ਸਵਾਰ ਸਨ। ਉਹ ਸਾਰੇ ਸੈਕਟਰ 22 ਵੱਲ ਜਾ ਰਹੇ ਸਨ ਤੇ ਇੱਕ ਵਿਆਹ ਸਮਾਰੋਹ ਤੋਂ ਪਰਤ ਰਹੇ ਸਨ।