ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

...ਤੇ ਜੁਗਨੀ ਜਾ ਵੜੀ ਕੈਲੀਫ਼ੋਰਨੀਆ !

...ਤੇ ਜੁਗਨੀ ਜਾ ਵੜੀ ਕੈਲੀਫ਼ੋਰਨੀਆ !

ਉਂਝ ਤਾਂ ਜੁਗਨੂੰ ਦੀ ਮਾਦਾ ਨੂੰ ‘ਜੁਗਨੀ` ਆਖਦੇ ਹਨ ਪਰ ਪੰਜਾਬੀ ਲੋਕਧਾਰਾ ਵਿੱਚ ਇਹ ਸ਼ਬਦ ‘ਸੋਹਣੀ ਮੁਟਿਆਰ` ਲਈ ਵਰਤਿਆ ਜਾਂਦਾ ਹੈ। ਸ਼ਬਦ ‘ਜੁਗਨੀ` ਨੂੰ ਚੜ੍ਹਦੇ ਤੇ ਲਹਿੰਦੇ ਦੋਵੇਂ ਪਾਸਿਆਂ ਦੇ ਪੰਜਾਬੀ ਸਾਹਿਤਕਾਰਾਂ, ਖ਼ਾਸ ਕਰਕੇ ਗੀਤਕਾਰਾਂ ਨੇ ਬਹੁਤ ਜਿ਼ਆਦਾ ਵਰਤਿਆ ਹੈ। ‘ਜੁਗਨੀ` ਨੂੰ ਦਰਅਸਲ ਪਿਛਲੀਆਂ ਕਈ ਸਦੀਆਂ ਤੋਂ ਵੱਖੋ-ਵੱਖਰੀਆਂ ਘਟਨਾਵਾਂ ਦੀ ਗਵਾਹ ਮੰਨਦਿਆਂ ਇਸ ਰਾਹੀਂ ਵਿਅੰਗਾਤਮਕ ਚੋਭ ਲਾਈ ਜਾਂਦੀ ਰਹੀ ਹੈ।


ਕੁਝ ਦਾ ਕਹਿਣਾ ਹੈ ਕਿ ਇਹ ਪਿਰਤ ਸੂਫ਼ੀ ਰਵਾਇਤਾਂ ਤੋਂ ਪਈ ਸੀ। ਇੱਕ ਹੋਰ ਵਿਚਾਰ ਵੀ ਪ੍ਰਚਲਿਤ ਹੈ ਕਿ 1906 `ਚ ਜਦੋਂ ਮਹਾਰਾਣੀ ਵਿਕਟੋਰੀਆ ਦੀ ‘ਜੁਬਲੀ ਲਾਟ` (ਜੁਬਲੀ ਫ਼ਲੇਮ) ਨੂੰ ਸਮੁੱਚੇ ਭਾਰਤ ਦੇ ਕੋਨੇ-ਕੋਨੇ `ਚ ਲਿਜਾਂਦਾ ਗਿਆ ਸੀ, ਤਦ ‘ਜੁਗਨੀ` ਦੀ ਧਾਰਨਾ ਪ੍ਰਸਿੱਧ ਹੋਈ ਸੀ। 


ਦੋ ਲੋਕ ਗਾਇਕ ਦੋਸਤਾਂ ਮਾਂਡਾ (ਜੋ ‘ਮਰਾਸੀ` ਸੀ) ਅਤੇ ਬਿਸ਼ਨਾ (ਜੋ ਜੱਟ ਸੀ) ਨੇ ਉਸ ‘ਫ਼ਲੇਮ` ਦਾ ਵਿਰੋਧ ਕੀਤਾ ਸੀ। ਉਨ੍ਹਾਂ ਨੇ ਇਸ ਦਾ ਵਿਰੋਧ ਕਰਨ ਲਈ ਕਈ ਗੀਤ ਲਿਖੇ ਸਨ। ਉਨ੍ਹਾਂ ਨੇ ‘ਜੁਬਲੀ` ਨੂੰ ਆਪਣੇ ਗੀਤਾਂ ਵਿੱਚ ਜਾਣਬੁੱਝ ਕੇ ਗ਼ਲਤ ਸ਼ਬਦ ‘ਜੁਗਨੀ` ਨਾਲ ਪੇਸ਼ ਕੀਤਾ ਸੀ। ਉਨ੍ਹਾਂ ਵੱਲੋਂ ਤਦ ਇੱਕ ਗੀਤ ਲਿਖਿਆ ਗਿਆ ਸੀ, ਜੋ ਬਹੁਤ ਪ੍ਰਸਿੱਧ ਹੋਇਆ ਸੀ। ਉਸ ਦਾ ਮੁਖੜਾ ਕੁਝ ਇੰਝ ਹੈ: ‘ਜੁਗਨੀ ਜਾ ਵੜੀ ਮੁਲਤਾਨ, ਜਿੱਥੇ ਵੱਡੇ-ਵੱਡੇ ਪਠਾਨ, ਮਾਰਨ ਮੁੱਕਾ ਤੇ ਕੱਢਣ ਜਾਨ।`


ਇਸ ਸ਼ਬਦ ਦਾ ਮੂਲ ਭਾਵੇਂ ਕੁਝ ਵੀ ਹੋਵੇ ਪਰ ‘ਜੁਗਨੀ` ਸਦਾ ਗਾਇਕਾਂ ਦੇ ਅੰਗ-ਸੰਗ ਬਣੀ ਰਹੀ ਹੈ। ਗਾਇਕ ਇਸ ਨੂੱ ਸਦਾ ਰੂਹਾਨੀ ਸਿਖ਼ਰਾਂ `ਤੇ ਵੀ ਲਿਜਾਂਦੇ ਰਹੇ ਹਨ।


ਅਮਰੀਕੀ ਸੂਬੇ ਕੈਲੀਫ਼ੋਰਨੀਆ ਦੇ ਸ਼ਹਿਰ ਸੈਂਟਾ ਰੋਜ਼ਾ `ਚ ਰਹਿੰਦੇ ਪੰਜਾਬੀ ਸਾਹਿਤਕਾਰ ਸ਼ਸ਼ੀ ਸਮੁੰਦਰਾ ਦੇ ਨਵੇਂ ਨਾਵਲ ਦਾ ਨਾਂਅ ਵੀ ‘ਜੁਗਨੀ` ਹੈ। ਇਸ ਫਿ਼ਲਮ ਦੀ ਨਾਇਕਾ ਜੁਗਨੀ ਇੱਕ ਸੋਹਣੀ ਮੁਟਿਆਰ ਹੈ, ਜੋ ਕਥਿਤ ਨਿਮਨ ਜਾਤੀ ਨਾਲ ਸਬੰਧਤ ਹੈ ਤੇ ਇੱਕ ਕਾਲਜ ਵਿੱਚ ਪੜ੍ਹ ਰਹੀ ਹੈ।


ਤਦ ਜੁਗਨੀ ਨੂੰ ‘ਉੱਪਰਲੀ ਜਾਤੀ` ਦਾ ਇੱਕ ਨੌਜਵਾਨ ਚੰਗਾ-ਚੰਗਾ ਜਾਪਣ ਲੱਗਦਾ ਹੈ। ਉਹ ਵਿਦੇਸ਼ ਜਾ ਕੇ ਵੱਸਣ ਦੇ ਸੁਫ਼ਨੇ ਲੈਣ ਲੱਗਦੀ ਹੈ। ਉਹ ਸੋਚਦੀ ਹੈ ਕਿ ਫਿਰ ਉਹ ਆਪਣੇ ਛੋਟੇ ਭਰਾ ਨੂੰ ਵੀ ਵਿਦੇਸ਼ ਸੱਦ ਲਵੇਗੀ ਤੇ ਤਦ ਉਸ ਦਾ ਪਰਿਵਾਰ ਗ਼ਰੀਬੀ `ਚੋਂ ਬਾਹਰ ਨਿੱਕਲ ਜਾਵੇਗਾ।


ਸ਼ਸ਼ੀ ਸਮੁੰਦਰਾ ਹੁਰਾਂ ਦੱਸਿਆ,‘ਮੇਰੇ ਨਾਵਲ ਦੀ ਜੁਗਨੀ ਦਾ ਵਿਆਹ ਇੱਕ ਅਜਿਹੇ ਸਟੋਰ-ਮਾਲਕ ਨਾਲ ਹੋ ਜਾਂਦਾ ਹੈ, ਜਿਹੜਾ ਪਹਿਲਾਂ ਦੋ ਅਮਰੀਕਨ ਕੁੜੀਆਂ ਨਾਲ ਵਿਆਹ ਕਰ ਕੇ ਉਨ੍ਹਾਂ ਨੂੰ ਤਲਾਕ ਦੇ ਚੁੱਕਾ ਹੈ। ਪਹਿਲੀ ਅਮਰੀਕਨ ਕੁੜੀ ਨਾਲ ਉਸ ਨੇ ਵਿਆਹ ਅਮਰੀਕਾ ਦੀ ਪਰਮਾਨੈਂਟ ਰੈਜ਼ੀਡੈਂਸੀ (ਪੀਆਰ) ਲੈਣ ਲਈ ਕੀਤਾ ਸੀ ਤੇ ਦੂਜੀ ਦੀ ਦੌਲਤ `ਤੇ ਉਸ ਦੀ ਅੱਖ ਸੀ। ਫਿਰ ਪੰਜਾਬ ਤੋਂ ਆਈ ਆਪਣੀ ਤੀਜੀ ਪਤਨੀ ਨੂੰ ਉਹ ਅਪਮਾਨਿਤ ਕਰਦਾ ਹੈ, ਉਸ ਨਾਲ ਕੁੱਟਮਾਰ ਕਰਦਾ ਹੈ ਤੇ ਉਸ ਦੇ ਕੰਨਿਆ-ਭਰੂਣ ਦਾ ਜਬਰੀ ਗਰਭਪਾਤ ਕਰਵਾ ਦਿੰਦਾ ਹੈ।`


ਇਹ ਕਹਾਣੀ ਪੰਜਾਬ ਦੀਆਂ ਬਹੁਤ ਸਾਰੀਆਂ ਕੁੜੀਆਂ ਦੀ ਹੈ, ਜੋ ਡਾਲਰਾਂ ਦੀ ਚਮਕ ਦੇ ਲਾਲਚ ਵਿੱਚ ਆ ਜਾਂਦੀਆਂ ਹਨ। ਜਦੋਂ ਉਨ੍ਹਾਂ ਦੇ ਐੱਨਆਰਆਈ ਪਤੀਆਂ ਦਾ ਚਿੱਤ ਉਨ੍ਹਾਂ ਤੋਂ ਭਰ ਜਾਂਦਾ ਹੈ, ਤਦ ਉਹ ਉਨ੍ਹਾਂ ਨੂੰ ਤਿਆਗ ਦਿੰਦੇ ਹਨ। ਫਿਰ ਉਨ੍ਹਾਂ ਲਾੜੀਆਂ ਦੇ ਦੁੱਖ-ਭਰੇ ਦਿਨ ਸ਼ੁਰੂ ਹੋ ਜਾਂਦੇ ਹਨ।


ਜੁਗਨੀ ਬਾਅਦ `ਚ ਆਰਥਿਕ ਤੌਰ `ਤੇ ਸੰਭਲਣ ਦੇ ਬਹੁਤ ਜਤਨ ਕਰਦੀ ਹੈ। ਉਹ ਤਦ ਹਕੀਕਤ ਅਤੇ ਆਪਣੇ ਬਚਪਨ ਦੇ ਸੁਫ਼ਨਿਆਂ ਵਿਚਾਲੇ ਜੂਝਦੀ ਰਹਿੰਦੀ ਹੈ।


ਸ਼ਸ਼ੀ ਪਾਲ ਸਮੁੰਦਰਾ ਨੇ ਜਿਸ ਬਾਰੀਕਬੀਨੀ ਨਾਲ ਆਪਣੇ ਨਾਵਲ ‘ਜੁਗਨੀ` ਦਾ ਨਿਭਾਅ ਕੀਤਾ ਹੈ, ਉਸ ਨਾਲ ਪਾਠਕਾਂ `ਤੇ ਉਸ ਦਾ ਬੇਹੱਦ ਬੱਝਵਾਂ ਪ੍ਰਭਾਵ ਪੈਦਾ ਹੈ। ਸੋਸ਼ਲ ਮੀਡੀਆ ਰਾਹੀਂ ਇਸ ਨਾਵਲ ਨੂੰ ਪ੍ਰੋਮੋਟ ਕਰਨ ਵਾਲਿਆਂ `ਚ ਕਈ ਪੰਜਾਬੀ ਤੇ ਹਿੰਦੀ ਫਿ਼ਲਮਾਂ ਦੇ ਅਸਿਸਟੈਂਟ ਡਾਇਰੈਕਟਰ ਜੱਸੀ ਸੰਘਾ ਵੀ ਸ਼ਾਮਲ ਹਨ। 


ਸ਼ਸ਼ੀ ਖ਼ੁਦ ਦੱਸਦੇ ਹਨ,‘ਇਹ ਨਾਵਲ ਨੌਜਵਾਨ ਕੁੜੀਆਂ ਨੂੰ ਖ਼ਾਸ ਕਰਕੇ ਵਧੀਆ ਲੱਗ ਰਿਹਾ ਹੈ; ਇਸੇ ਲਈ ਉਹ ਇਸ ਨੂੰ ਸੋਸ਼ਲ ਮੀਡੀਆ ਰਾਹੀਂ ਵੇਚ ਰਹੀਆਂ ਹਨ।`  ਜੁਗਨੀ ਦੇ ਫ਼ੇਸਬੁੱਕ ਪੰਨੇ `ਤੇ ਇੱਕ ਸਤਰ ਲਿਖ ਕੇ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਨਾਵਲ ‘ਜੁਗਨੀ` ਹੁਣ ਤਰਨ ਤਾਰਨ ਅਤੇ ਫ਼ਤਿਹਗੜ੍ਹ ਸਾਹਿਬ ਤੱਕ ਵੀ ਪੁੱਜ ਗਿਆ ਹੈ। ਨਾਵਲ `ਤੇ ਟੈਲੀਫ਼ੋਨ ਨੰਬਰ ਦਿੱਤੇ ਹਨ ਤੇ ਲੋਕ ਇਸ ਦੀ ਕਾਪੀ ਲੈਣ ਲਈ ਉਤਸੁਕ ਜਾਪ ਰਹੇ ਹਨ। ਇਸੇ ਲਈ ਇਸ ਨਾਵਲ ਦਾ ਪਹਿਲਾ ਸੰਸਕਰਣ ਕੁਝ ਹੀ ਮਹੀਨਿਆਂ `ਚ ਵਿਕ ਗਿਆ ਸੀ।


ਪਾਠਕਾਂ ਨੇ ਵੀ ਇਸ ਨਾਵਲ ਦੀ ਬਹੁਤ ਸ਼ਲਾਘਾ ਕੀਤੀ ਹੈ। ਸਮੀਖਿਆ ਕਰਦਿਆਂ ਇੱਕ ਪਾਠਕ ਸੰਜੀਵ ਆਹਲੂਵਾਲੀਆ ਨੇ ਲਿਖਿਆ ਹੈ: ‘‘ਕੱਲ੍ਹ ਮੈਂ ‘ਜੁਗਨੀ` ਪੜ੍ਹਿਆ। ਇੱਕ ਵਾਰੀ ਇਸ ਨੂੰ ਪੜ੍ਹਨ ਬੈਠਾ, ਤਾਂ ਫਿਰ ਇਸ ਨੂੰ ਛੱਡ ਨਾ ਸਕਿਆ ਤੇ ਇੱਕੋ ਵਾਰੀ `ਚ ਸਾਰਾ ਪੜ੍ਹ ਗਿਆ। ਇਹ ਇੱਕ ਮੁਟਿਆਰ ਦੇ ਸੰਘਰਸ਼ ਦੀ ਕਹਾਣੀ ਹੈ, ਜੋ ਪੰਜਾਬ ਦੇ ਦਿਹਾਤੀ ਆਲੇ-ਦੁਆਲੇ ਤੇ ਗ਼ਰੀਬੀ ਤੋਂ ਦੁਖੀ ਹੈ। ਇਸੇ ਲਈ ਉਹ ਪੱਛਮੀ ਵਿਸ਼ਵ ਦੀ ਚਕਾਚੌਂਧ `ਚ ਜਾਣਾ ਚਾਹੁੰਦੀ ਹੈ। ਜੁਗਨੀ ਦਾ ਕਿਰਦਾਰ ਸਾਡੇ ਸਭਿਆਚਾਰ ਦੀਆਂ ਅਨੇਕ ਨੌਜਵਾਨ ਲਾੜੀਆਂ ਦੀ ਦਾਸਤਾਨ ਨਾਲ ਮੇਲ ਖਾਂਦਾ ਹੈ; ਜੋ ਘਰੇਲੂ ਹਿੰਸਾ ਤੇ ਤਸ਼ੱਦਦ ਦੀਆਂ ਸਿ਼ਕਾਰ ਹਨ।``


ਸ਼ਸ਼ੀ ਸਮੁੰਦਰਾ ਦੀ ‘ਜੁਗਨੀ` ਆਪਣੇ ਪਤੀ ਤੋਂ ਵੱਖ ਹੋਣ ਦਾ ਜੇਰਾ ਵਿਖਾਉਂਦੀ ਹੈ ਤੇ ਆਪਣੇ ਖ਼ੁਦ ਦੇ ਦਮ `ਤੇ ਜਿਊਣ ਦਾ ਫ਼ੈਸਲਾ ਲੈਂਦੀ ਹੈ। ਉਹ ਸਹਾਇਕ ਨਰਸ ਬਣ ਜਾਂਦੀ ਹੈ।


ਸ਼ਸ਼ੀ ਹੁਰਾਂ ਦੱਸਿਆ,‘ਨਾਵਲ ਦੀ ਨਾਇਕਾ ਜੁਗਨੀ ਮਾਲਵਾ ਦੇ ਕੇਂਦਰ ਬਠਿੰਡਾ ਲਾਗਲੇ ਇੱਕ ਪਿੰਡ ਦੀ ਰਹਿਣ ਵਾਲੀ ਹੈ। ਮੈਂ ਵੀ ਮਾਲਵਾ ਦੇ ਪਿੰਡਾਂ `ਚ ਹੀ ਪਲ਼ ਕੇ ਵੱਡੀ ਹੋਈ ਹਾਂ ਕਿਉਂਕਿ ਮੇਰੇ ਪਿਤਾ ਉੱਥੇ ਇੱਕ ਸਕੂਲ ਅਧਿਆਪਕ ਹੁੰਦੇ ਸਨ। ਮੈਂ ਇਸ ਨਾਵਲ ਦਾ ਦੂਜਾ ਹਿੱਸਾ ਵੀ ਲਿਖ ਲਿਆ ਹੈ ਤੇ ਨੇੜ-ਭਵਿੱਖ `ਚ ਉਹ ਵੀ ਪ੍ਰਕਾਸਿ਼ਤ ਹੋ ਜਾਵੇਗਾ। ਉਂਝ ਹਰੇਕ ਨਾਵਲ ਆਪਣੇ-ਆਪ ਵਿੱਚ ਮੁਕੰਮਲ ਵੀ ਹੋਵੇਗਾ।`


ਇਹ ਖ਼ੁਸ਼ੀ ਦੀ ਗੱਲ ਹੈ ਕਿ ਪੰਜਾਬ ਦੇ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਦੇ ਮੁੰਡਿਆਂ ਤੇ ਕੁੜੀਆਂ ਨੇ ਨਾਵਲ ‘ਜੁਗਨੀ` ਨੂੰ ਪਸੰਦ ਕੀਤਾ ਹੈ ਤੇ ਹੁਣ ਇਹ ਇੱਕ ਲਹਿਰ ਵਾਂਗ ਚੱਲਦਾ ਹੋਇਆ ਅੱਗੇ ਵਧਦਾ ਜਾ ਰਿਹਾ ਹੈ। ਇਹ ਯਕੀਨੀ ਤੌਰ `ਤੇ ਜਾਗਰੂਕ ਹੋ ਰਹੀਆਂ ਕੁੜੀਆਂ ਨੂੰ ਦਰਸਾਉਂਦਾ ਹੈ।   

ਸ਼ਸ਼ੀ ਪਾਲ ਸਮੁੰਦਰਾ

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਪੇਜ ਨੂੰ ਹੁਣੇ ਹੀ Like (ਲਾਈਕ) ਕਰੋ

https://www.facebook.com/hindustantimespunjabi/

 

ਅਤੇ

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ

https://twitter.com/PunjabiHT ਟਵਿਟਰ ਪੇਜ ਨੂੰ ਹੁਣੇ ਹੀ Follow (ਫ਼ਾਲੋ) ਕਰੋ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jugni went to California