ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੂਨ ਚੁਰਾਸੀ : ਉਹ ਖ਼ੌਫ਼ਨਾਕ ਦਿਨ

ਜੂਨ ਚੁਰਾਸੀ : ਉਹ ਖ਼ੌਫ਼ਨਾਕ ਦਿਨ

ਅੱਜ ਤੋਂ ਛੱਤੀ ਵਰ੍ਹੇ ਪਹਿਲਾਂ ਦੀ ਗੱਲ ਹੈ। ਮੈਂ ਉਦੋਂ ਮਹਿਜ਼ ਸਤਾਈ ਵਰ੍ਹਿਆਂ ਦਾ ਸਾਂ। ਉਨ੍ਹੀਂ ਦਿਨੀਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕੈਲੀਗ੍ਰਾਫਿਸਟ ਵਜੋਂ ਤਾਇਨਾਤ ਸਾਂ ਤੇ ਉੱਥੇ ਹੀ ਈ-27 ਫਲੈਟ ਵਿੱਚ ਰਹਿ ਰਿਹਾ ਸਾਂ। ਮੇਰੇ ਪਿਤਾ ਅਤੇ ਮੇਰੀ ਛੋਟੀ ਭੈਣ ਵੀ ਮੇਰੇ ਨਾਲ ਉੱਥੇ ਹੀ ਸਨ। ਸਾਡਾ ਫਲੈਟ ਪਹਿਲੀ ਮੰਜ਼ਿਲ ਤੇ ਸੀ। ਫਲੈਟ ਦੀ ਬਾਲਕੋਨੀ ਵਿੱਚ ਖੜ੍ਹਿਆਂ ਐੱਫ- ਟਾਈਪ ਤੇ ਈ- ਟਾਈਪ ਨੂੰ ਜੋੜਨ ਵਾਲੀ ਸੜਕ ਨਜ਼ਰ ਆਉਂਦੀ ਸੀ। 3 ਜੂਨ 1984 ਨੂੰ ਐਤਵਾਰ ਦਾ ਦਿਨ ਸੀ। ਮੈਂ ਸੁੱਤਾ ਉੱਠਣ ਪਿੱਛੋਂ ਆਮ ਤੌਰ ਤੇ ਬਾਲਕੋਨੀ ਵਿੱਚ ਆਉਂਦਾ ਸਾਂ, ਸੜਕ ਤੇ ਤੁਰਦੇ ਫਿਰਦੇ ਲੋਕਾਂ ਨੂੰ ਵੇਖਣ ਲਈ। ਉਸ ਦਿਨ ਵੀ ਮੈਂ ਰੋਜ਼ ਵਾਂਗ ਬਾਲਕੋਨੀ ਵਿੱਚ ਆਇਆ ਸਾਂ, ਤਾਂ ਸੜਕ ਵੱਲ ਵਿੰਹਦੇ ਸਾਰ ਠਠੰਬਰ ਗਿਆ। ਇੱਕ ਫੌਜੀ ਮੇਰੇ ਫਲੈਟ ਵੱਲ ਬੰਦੂਕ ਤਾਣੀ ਖੜ੍ਹਾ ਸੀ। ਮੈਂ ਝੱਟ ਕਮਰੇ ਦੇ ਅੰਦਰ ਦੌੜ ਗਿਆ ਅਤੇ ਓਹਲੇ ਹੋ ਕੇ ਉਹਨੂੰ ਵੇਖਣ ਲੱਗਿਆ। ਉਹ ਅਜੇ ਵੀ ਬੰਦੂਕ ਤਾਣੀ ਖੜ੍ਹਾ ਸੀ। 

 

       ਮੈਂ ਕਮਰੇ ਵਿੱਚ ਆ ਕੇ ਪਿਤਾ ਜੀ ਨੂੰ ਦੱਸਿਆ ਤੇ ਸਮਝਾਇਆ ਕਿ ਉਹ ਵੀ ਬਾਹਰ ਨਾ ਜਾਣ, ਪਤਾ ਨਹੀਂ ਕੀ ਗੱਲ ਹੈ- ਕੋਈ ਫੌਜੀ ਬੰਦੂਕ ਚੁੱਕੀ ਏਧਰ ਨੂੰ ਵੇਖ ਰਿਹਾ ਹੈ। ਛੋਟੀ ਭੈਣ ਸਮੇਤ ਅਸੀਂ ਤਿੰਨੇ ਪਰਦੇ ਤੇ ਓਹਲਿਓਂ ਸਡ਼ਕ ਵੱਲ ਵੇਖਣ ਲੱਗੇ। ਮਨ ਵਿੱਚ ਇਕਦਮ ਸਹਿਮ ਛਾ ਗਿਆ। ਸੁਖ ਹੋਵੇ ਸਹੀ, ਫੌਜੀ ਕਿਉਂ ਖੜ੍ਹਾ ਹੈ? ਪੰਦਰਾਂ- ਵੀਹ ਮਿੰਟਾਂ ਬਾਅਦ ਉਹ ਫੌਜੀ ਹੌਲੀ- ਹੌਲੀ ਚੱਲਦਾ ਅੱਗੇ ਵਧ ਗਿਆ। ਮੈਂ ਡਰਦਾ-ਡਰਦਾ ਉਹਨੂੰ ਜਾਂਦਿਆਂ ਵੇਖ ਰਿਹਾ ਸਾਂ। ਫਿਰ ਇਕ ਹੋਰ ਫੌਜੀ ਓਧਰ ਆ ਗਿਆ। ਉਹਦੇ ਮੋਢੇ ਤੇ ਵੀ ਉਵੇਂ ਹੀ ਬੰਦੂਕ ਤਾਣੀ ਹੋਈ ਸੀ। ਤੇ ਮੈਂ ਦੂਰ ਤੱਕ ਵੇਖ ਕੇ ਹੈਰਾਨ ਰਹਿ ਗਿਆ, ਉੱਥੇ ਬਹੁਤ ਸਾਰੇ ਫ਼ੌਜੀ ਸਨ, ਪੈਟਰੋਲਿੰਗ (ਗਸ਼ਤ) ਕਰਦੇ ਹੋਏ।

 

       ਆਂਢ-ਗੁਆਂਢ ਦੀ ਘੁਸਰ–ਮੁਸਰ ਤੋਂ ਪਤਾ ਲੱਗਿਆ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਭਾਰਤੀ ਫੌਜ ਨੇ ਹਮਲਾ ਕਰ ਦਿੱਤਾ ਹੈ। ਮੈਂ ਕਮਰੇ ਵਿੱਚ ਆ ਕੇ ਆਪਣਾ ਟੂ- ਇਨ- ਵੰਨ ਚਲਾਇਆ ਤੇ ਬੀ. ਬੀ.ਸੀ.ਦੀਆਂ ਖਬਰਾਂ ਸੁਣਨ ਲੱਗਾ। ਉਦੋਂ ਬੀ.ਬੀ.ਸੀ. ਦੀਆਂ ਖ਼ਬਰਾਂ ਨੂੰ ਹੀ ਸੱਚ ਮੰਨਿਆ ਜਾਂਦਾ ਸੀ, ਕਿਉਂਕਿ ਭਾਰਤੀ ਮੀਡੀਆ ਉੱਤੇ ਸਰਕਾਰੀ ਅਧਿਕਾਰ ਹੋਣ ਕਰਕੇ ਉਹ ਸਹੀ ਖ਼ਬਰਾਂ ਨਸ਼ਰ ਨਹੀਂ ਸੀ ਕਰ ਰਿਹਾ। ਅਖ਼ਬਾਰ, ਟੀ ਵੀ ਸਭ ਉੱਤੇ ਸੈਂਸਰਸ਼ਿਪ ਲੱਗੀ ਹੋਈ ਸੀ। ਉਦੋਂ ਮੇਰੇ ਕੋਲ ਟੀ ਵੀ ਨਹੀਂ ਸੀ, ਨਾ ਹੀ ਫਰਿੱਜ ਤੇ ਨਾ ਹੀ ਗੈਸ। ਰੇਡੀਓ ਰਾਹੀਂ ਹੀ ਮਨੋਰੰਜਨ ਕਰਦੇ ਸਾਂ, ਠੰਢੇ ਪਾਣੀ ਦੀ ਥਾਂ ਟੂਟੀ ਦਾ ਪਾਣੀ ਪੀਂਦੇ ਸਾਂ ਤੇ ਸਟੋਵ ਉੱਤੇ ਹੀ ਖਾਣ- ਪੀਣ ਦੀਆਂ ਚੀਜ਼ਾਂ ਬਣਦੀਆਂ ਸਨ।

 

       ਬੀ.ਬੀ.ਸੀ. ਦੀਆਂ ਖ਼ਬਰਾਂ ਤੋਂ ਪਤਾ ਲੱਗਿਆ ਕਿ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ (ਸਰਕਾਰੀ ਭਾਸ਼ਾ ਅਨੁਸਾਰ) ਦਹਿਸ਼ਤਗਰਦਾਂ ਨੂੰ ਬਾਹਰ ਕੱਢਣ ਲਈ ਫੌਜ ਨੇ ਉੱਥੇ ਤੋਪਾਂ ਤੇ ਟੈਂਕਾਂ ਰਾਹੀਂ ਜ਼ਬਰਦਸਤ ਗੋਲੀਬਾਰੀ ਕੀਤੀ ਸੀ। ਦਹਿਸ਼ਤਗਰਦਾਂ ਨਾਲ ਬਹੁਤ ਸਾਰੇ ਆਮ ਲੋਕ ਵੀ ਮਾਰੇ ਗਏ ਸਨ। ਉਸ ਦਿਨ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਸੀ ਤੇ ਸਰਕਾਰ ਨੇ ਜਾਣ- ਬੁੱਝ ਕੇ ਇਹ ਦਿਨ ਚੁਣਿਆ ਸੀ ਤਾਂਕਿ ਦਹਿਸ਼ਤਗਰਦਾਂ ਦੀ ਆੜ ਵਿੱਚ ਆਮ ਸਿੱਖ ਸ਼ਰਧਾਲੂਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕੇ। ਭਾਰਤੀ ਫ਼ੌਜ ਨੇ ਅਕਾਲ ਤਖ਼ਤ, ਸਰਾਵਾਂ ਅਤੇ ਪਾਣੀ ਦੀ ਟੈਂਕੀ ਸਮੇਤ ਹੋਰ ਕਈ ਥਾਂਵਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ। ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਸੀ। ਮਾਸੂਮ ਦੁੱਧ- ਚੁੰਘਦੇ ਬੱਚੇ, ਬਜ਼ੁਰਗ, ਔਰਤਾਂ- ਸਾਰੇ ਹੀ ਪ੍ਰੇਸ਼ਾਨ, ਬੇਹਾਲ ਅਤੇ ਚਿੰਤਾਤੁਰ ਸਨ। ਨੌਜਵਾਨਾਂ ਨੂੰ ਖਾਸ-ਤੌਰ ਤੇ ਗੋਲੀ ਦਾ ਨਿਸ਼ਾਨਾ ਬਣਾਇਆ ਗਿਆ ਸੀ।

 

       ਸਿੱਖ ਲੀਡਰਸ਼ਿਪ ਹੱਥ ਖੜ੍ਹੇ ਕਰਕੇ ਫੌਜ ਦੇ ਮੂਹਰੇ ਲੱਗ ਤੁਰੀ ਸੀ ਤੇ ਉਨ੍ਹਾਂ ਨੂੰ ਜੇਲਾਂ ਵਿੱਚ ਸੁੱਟ ਦਿੱਤਾ ਗਿਆ ਸੀ। ਜਿਨ੍ਹਾਂ ਯਾਤਰੀਆਂ, ਸ਼ਰਧਾਲੂਆਂ ਨੇ ਫੌਜ ਦੀ ਗੱਲ ਨਹੀਂ ਸੀ ਮੰਨੀ, ਉਹ ਅਣਿਆਈ ਮੌਤ ਮਾਰੇ ਗਏ ਸਨ। ਖ਼ਬਰਾਂ ਰਾਹੀਂ ਹੋਰ ਵੀ ਪਤਾ ਲੱਗਿਆ ਕਿ ਸਿਰਫ ਹਰਿਮੰਦਰ ਸਾਹਿਬ ਜਾਂ ਅਕਾਲ ਤਖ਼ਤ ਉੱਤੇ ਹੀ ਹਮਲਾ ਨਹੀਂ ਸੀ ਹੋਇਆ, ਇੱਕੋ ਵੇਲੇ ਪੰਜਾਬ ਦੇ 42 ਗੁਰਦੁਆਰਿਆਂ ਉੱਤੇ ਫ਼ੌਜੀ ਕਾਰਵਾਈ ਕੀਤੀ ਗਈ ਸੀ। ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ। ਸ਼ਰਧਾਲੂਆਂ ਤੇ ਆਮ ਲੋਕਾਂ ਨੂੰ ਚਿਤ- ਚੇਤਾ ਵੀ ਨਹੀਂ ਸੀ ਕਿ ਅਜਿਹਾ ਹੋ ਜਾਵੇਗਾ। ਪਰ ਘਟਨਾ ਵਾਪਰ ਚੁੱਕੀ ਸੀ ਤੇ ਲੱਖਾਂ ਦੀ ਗਿਣਤੀ ਵਿੱਚ ਸਿੱਖ ਸ਼ਰਧਾਲੂ ਜਾਂ ਤਾਂ ਮਾਰ ਦਿੱਤੇ ਗਏ ਸਨ ਜਾਂ ਫੜ ਲਏ ਗਏ ਸਨ।

 

       ਸਕੂਲ, ਕਾਲਜ, ਯੂਨੀਵਰਸਿਟੀਆਂ ਆਦਿ ਸੰਸਥਾਵਾਂ ਵਿੱਚ ਅਣ- ਐਲਾਨੀ ਛੁੱਟੀ ਸੀ। ਪੰਜਾਬ ਵਿੱਚ ਕਰਫਿਊ ਲੱਗ ਚੁੱਕਾ ਸੀ। ਐਮਰਜੈਂਸੀ ਜਿਹੇ ਹਾਲਾਤ ਸਨ। ਧਾਰਾ 144 ਅਧੀਨ ਪੰਜ ਤੋਂ ਵੱਧ ਬੰਦਿਆਂ ਦੇ ਇਕੱਠੇ ਹੋਣ ਤੇ ਰੋਕ ਸੀ। ਪਰਮਾਤਮਾ ਦਾ ਸ਼ੁਕਰ ਹੈ ਕਿ ਸਾਡੇ ਪਰਿਵਾਰ ਦੇ ਸਾਰੇ ਜੀਅ ਆਪੋ- ਆਪਣੀ ਥਾਂ ਸੁਰੱਖਿਅਤ ਸਨ। ਉਸ ਦਿਨ ਤੋਂ ਅਗਲੇਰੇ ਕਈ ਦਿਨ ਅਸੀਂ ਅਖ਼ਬਾਰ ਤੋਂ ਬਿਨਾਂ  ਬਿਤਾਏ। ਨਾ ਹੀ ਦੁੱਧ, ਸਬਜ਼ੀ ਵਾਲਾ ਯੂਨੀਵਰਸਿਟੀ ਅੰਦਰ ਆਏ। ਯੂਨੀਵਰਸਿਟੀ ਦੇ ਗੇਟ 'ਤੇ ਫੌਜ ਦਾ ਸਖਤ ਪਹਿਰਾ ਸੀ। ਬਾਹਰੋਂ ਅੰਦਰ ਆਉਣ ਤੇ ਅੰਦਰੋਂ ਬਾਹਰ ਜਾਣ ਉੱਤੇ ਪੂਰੀ ਪਾਬੰਦੀ ਸੀ। ਅਸੀਂ ਉਸ ਦਿਨ ਚਾਹ ਨਹੀਂ ਸੀ ਪੀਤੀ। ਹਾਂ, ਭੁੱਖ ਮਿਟਾਉਣ ਲਈ ਥੋੜ੍ਹੀ- ਬਹੁਤ ਰੋਟੀ ਜ਼ਰੂਰ ਖਾਧੀ ਸੀ।

 

       ਇੱਕ- ਦੋ ਦਿਨਾਂ ਬਾਅਦ ਕਰਫਿਊ ਵਿੱਚ ਕੁਝ ਸਮਾਂ ਢਿੱਲ ਦਿੱਤੀ ਗਈ ਤਾਂ ਕੈਂਪਸ ਵਿੱਚ ਰਹਿੰਦੇ ਲੋਕ ਜ਼ਰੂਰੀ ਸਾਮਾਨ ਖਰੀਦਣ ਲਈ ਯੂਨੀਵਰਸਿਟੀ ਦੀ ਗੋਲ ਮਾਰਕੀਟ ਨੂੰ ਦੌੜੇ। ਉਦੋਂ ਉੱਥੇ ਕਰਿਆਨੇ ਦੀਆਂ ਸਿਰਫ ਦੋ ਦੁਕਾਨਾਂ ਸਨ। ਸ਼ੁਕਰ ਸੀ, ਕਿ ਇੱਕ ਦੁਕਾਨ ਖੁੱਲ੍ਹੀ ਸੀ। ਹਰ ਕੋਈ ਛੇਤੀ ਤੋਂ ਛੇਤੀ ਲੋੜੀਂਦੀਆਂ ਚੀਜ਼ਾਂ ਲੈਣ ਨੂੰ ਕਾਹਲਾ ਸੀ। ਮੈਂ ਵੀ ਕਾਹਲੀ- ਕਾਹਲੀ ਇੱਕ ਡੱਬਾ ਦੁੱਧ ਪਾਊਡਰ, ਸਟੋਵ ਲਈ ਕੈਰੋਸੀਨ ਤੇਲ, ਇੱਕ- ਅੱਧ ਦਾਲ਼ ਖਰੀਦੀ ਤੇ ਤੇਜ਼ੀ ਨਾਲ ਫਲੈਟ ਨੂੰ ਦੌੜਿਆ।

 

6 ਜੂਨ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਲਾਸ਼ਾਂ ਤੈਰ ਰਹੀਆਂ ਸਨ। ਅੰਮ੍ਰਿਤ-ਸਰ ਦਾ ਨਿਰਮਲ ਜਲ ਖ਼ੂਨ ਨਾਲ ਲਾਲ ਹੋ ਗਿਆ ਸੀ। ਅਕਾਲ ਤਖਤ ਦੇ ਖੂਹ ਵਿੱਚੋਂ ਵੀ ਲਾਸ਼ਾਂ ਕੱਢੀਆਂ ਜਾ ਰਹੀਆਂ ਸਨ। ਸਰਕਾਰ ਵੱਲੋਂ ਮਰਜੀਵੜਿਆਂ ਖਿਲਾਫ ਕੂੜ- ਪ੍ਰਚਾਰ ਕੀਤਾ ਗਿਆ ਸੀ ਕਿ ਉਹ ਚਰਿੱਤਰਹੀਣ ਹਨ, ਲੁਟੇਰੇ ਹਨ, ਇਜ਼ਤਾਂ ਲੁੱਟਦੇ ਹਨ.. ਪਰ ਅਗਲੇਰੇ ਦਿਨਾਂ ਵਿੱਚ ਸਭ ਕੁਝ ਸਪਸ਼ਟ ਹੋ ਗਿਆ ਸੀ ਕਿ ਇਹ ਸਭ ਸਰਕਾਰੀ ਚਾਲਾਂ ਸਨ। 

 

       ਦਸ- ਪੰਦਰਾਂ ਦਿਨਾਂ ਬਾਅਦ ਯੂਨੀਵਰਸਿਟੀ ਦੁਬਾਰਾ ਖੁੱਲ੍ਹੀ। ਪਰ ਕਰਮਚਾਰੀਆਂ ਤੇ ਵਿਦਿਆਰਥੀਆਂ ਦੀ ਗਿਣਤੀ ਬਹੁਤ ਘੱਟ ਸੀ। ਸਿੱਖ ਅਤੇ ਹਿੰਦੂ ਇਕ ਦੂਜੇ ਵੱਲ ਸ਼ੱਕੀ ਨਜ਼ਰਾਂ ਨਾਲ ਵੇਖ ਰਹੇ ਸਨ। ਅੰਦਰੋਂ ਸਭ ਨੂੰ ਸਹੀ ਹਾਲਾਤ ਬਾਰੇ ਪਤਾ ਸੀ, ਪਰ ਮੂੰਹੋਂ ਕੋਈ ਕੁਝ ਨਹੀਂ ਸੀ ਬੋਲ ਰਿਹਾ। ਫੌਜ ਵਿਚਲੇ ਕਈ ਸਿੱਖ ਫੌਜੀਆਂ ਨੇ ਬਗਾਵਤ ਕਰ ਦਿੱਤੀ ਸੀ ਤੇ ਉਹ ਦਰਬਾਰ ਸਾਹਿਬ ਵੱਲ ਕੂਚ ਕਰ ਰਹੇ ਸਨ ਪਰ ਉਨ੍ਹਾਂ ਨੂੰ ਗੈਰ-ਸਿੱਖ ਫੌਜੀਆਂ ਨੇ ਰਾਹ ਵਿੱਚ ਹੀ ਰੋਕ ਲਿਆ ਸੀ/ ਗ੍ਰਿਫਤਾਰ ਕਰ ਲਿਆ ਸੀ। ਮਹੱਤਵਪੂਰਨ ਅਤੇ ਚਰਚਿਤ ਸਿੱਖ ਸ਼ਖ਼ਸੀਅਤਾਂ ਨੇ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੇ ਰੋਸ ਵਜੋਂ ਆਪੋ- ਆਪਣੇ 'ਪਦਮ' ਸਨਮਾਨ ਵਾਪਸ ਕਰ ਦਿੱਤੇ, ਜਿਨ੍ਹਾਂ ਵਿੱਚ ਭਗਤ ਪੂਰਨ ਸਿੰਘ ਪਿੰਗਲਵਾੜਾ, ਲੇਖਕ- ਪੱਤਰਕਾਰ ਖੁਸ਼ਵੰਤ ਸਿੰਘ ਅਤੇ ਅਜੀਤ ਪ੍ਰਕਾਸ਼ਨ ਦੇ ਬਾਨੀ ਸਾਧੂ ਸਿੰਘ ਹਮਦਰਦ ਆਦਿ ਦੇ ਨਾਂ ਪ੍ਰਮੁੱਖ ਸਨ।

 

       ਯੂਨੀਵਰਸਿਟੀ ਕੈਂਪਸ ਵਿੱਚ ਰਹਿੰਦੇ ਸਿੱਖ ਕਰਮੀਆਂ ਨੇ 10 ਜੂਨ ਨੂੰ ਯੂਨੀਵਰਸਿਟੀ ਦੇ ਗੁਰਦੁਆਰੇ ਵਿੱਚ ਇਕੱਤਰ ਹੋ ਕੇ ਇੱਕ ਰੋਸ- ਮਤਾ ਪਾਸ ਕੀਤਾ, ਜਿਨ੍ਹਾਂ ਵਿੱਚ (ਮਰਹੂਮ) ਗਿਆਨੀ ਗੁਰਚਰਨ ਸਿੰਘ ਮੁਕਤਸਰੀ ਨੇ ਮਹੱਤਵਪੂਰਣ ਭੂਮਿਕਾ ਨਿਭਾਈ। ਹਰ ਸਿੱਖ ਮਰਦ/ ਔਰਤ ਨੇ ਕਾਲੀ ਦਸਤਾਰ/ ਚੁੰਨੀ ਲਈ ਹੋਈ ਸੀ ਤੇ ਜਾਂ ਫਿਰ ਰੋਸ ਵਜੋਂ ਕਾਲੀ ਪੱਟੀ/ ਕਾਲ਼ਾ ਰਿਬਨ ਬੰਨਿਆ ਹੋਇਆ ਸੀ। ਗੁਰਦੁਆਰੇ ਵਿੱਚ ਸਭ ਨੇ ਸੰਗਤੀ ਰੂਪ ਵਿਚ ਸੁਖਮਨੀ ਸਾਹਿਬ ਦਾ ਪਾਠ ਕੀਤਾ, 'ਸਰਬੱਤ ਦੇ ਭਲੇ' ਦੀ ਅਰਦਾਸ ਕੀਤੀ ਅਤੇ ਤਤਕਾਲੀ ਪਰਿਸਥਿਤੀਆਂ ਦੇ ਮੱਦੇ-ਨਜ਼ਰ ਸਭ ਨੂੰ ਚੌਕਸ ਰਹਿਣ ਨੂੰ ਕਿਹਾ ਗਿਆ। 

 

       ਹਰ ਸਿੱਖ ਦਾ ਹਿਰਦਾ ਆਪਣੇ ਪਾਕਿ/ ਮੁਕੱਦਸ ਅਸਥਾਨ (ਸ੍ਰੀ ਦਰਬਾਰ ਸਾਹਿਬ) ਦੀ ਬੇਅਦਬੀ ਕਾਰਨ ਵਲੂੰਧਰਿਆ ਹੋਇਆ ਸੀ। ਉਨ੍ਹਾਂ ਦੇ ਮਨਾਂ ਵਿੱਚ ਗੁੱਸਾ ਸੀ, ਰੋਹ ਸੀ, ਆਕ੍ਰੋਸ਼ ਸੀ- ਦੇਸ਼ ਦੇ ਚੋਟੀ ਦੇ ਲੀਡਰਾਂ ਪ੍ਰਤੀ, ਜਿਨ੍ਹਾਂ ਨੇ ਇਸ ਕਾਰੇ ਨੂੰ ਸਰੰਜਾਮ ਦੇਣ ਲਈ ਫ਼ੌਜ ਦੀ ਦੁਰਵਰਤੋਂ ਕੀਤੀ ਸੀ, ਆਪਣੇ ਹੀ ਦੇਸ਼ ਦੇ ਸ਼ਾਂਤੀ- ਪਸੰਦ ਨਾਗਰਿਕਾਂ ਉੱਤੇ ਬੇ-ਰਹਿਮ ਫੌਜੀ ਤਸ਼ੱਦਦ।

 

       ਅੱਜ ਛੱਤੀ ਵਰ੍ਹਿਆਂ ਬਾਅਦ ਵੀ ਜੂਨ ਚੁਰਾਸੀ ਦੇ ਜ਼ਖਮ ਅੱਲ੍ਹੇ ਹਨ। ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਦੁਰਲੱਭ ਖਜਾ਼ਨਾ ਅਤੇ ਤੋਸ਼ੇਖਾਨੇ ਦੀਆਂ ਬਹੁਮੁੱਲੀਆਂ ਵਸਤਾਂ ਅਜੇ ਤੱਕ ਗ਼ਾਇਬ ਹਨ। ਇਸ ਖ਼ੌਫ਼ਨਾਕ ਵਰਤਾਰੇ ਕਰਕੇ ਪੰਜਾਬ ਇੱਕ ਲੰਮਾ ਸਮਾਂ ਆਪਣੇ ਸੱਭਿਆਚਾਰ, ਅਰਥਚਾਰੇ ਅਤੇ ਰਾਜਸੀ- ਵਰਤਾਰੇ ਵਿੱਚ ਬਹੁਤ ਪਛੜ ਗਿਆ ਹੈ। ਸਰਕਾਰ ਨੇ ਇਸ ਕਾਰਵਾਈ ਨੂੰ 'ਆਪ੍ਰੇਸ਼ਨ ਬਲੂ ਸਟਾਰ'(ਆਪ੍ਰੇਸ਼ਨ ਨੀਲਾ ਤਾਰਾ) ਦਾ ਨਾਂ ਦਿੱਤਾ ਸੀ, ਜਿਸ ਬਾਰੇ ਬਹੁਤ ਸਾਰੀਆਂ ਪੁਸਤਕਾਂ, ਲੇਖ ਅਤੇ ਹੱਡ-ਬੀਤੀਆਂ ਲਿਖੀਆਂ ਜਾ ਚੁੱਕੀਆਂ ਹਨ। ਮਾਰਕ ਟੱਲੀ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ। 

 

==============

 

- ਪ੍ਰੋ . ਨਵ ਸੰਗੀਤ ਸਿੰਘ


 

ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ,ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ - 151302(ਬਠਿੰਡਾ), 9417692015

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:June 1984 Those Horrible Days