ਖਰੜ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੰਵਰ ਸੰਧੂ ਨੇ ਅੱਜ ਸ਼ਾਮੀਂ ਕੁਝ ਅਜਿਹੇ ਅਹਿਮ ਟਵੀਟ ਕੀਤੇ, ਜਿਨ੍ਹਾਂ ਤੋਂ ਉਨ੍ਹਾਂ ਦੀ ਭਵਿੱਖ ਦੀ ਸਿਆਸੀ ਰਣਨੀਤੀ ਬੜੀ ਸਪੱਸ਼ਟ ਹੁੰਦੀ ਹੈ। ਕੰਵਰ ਸੰਧੂ ਹੁਰਾਂ ਨੇ ਆਪਣੇ ਟਵੀਟਸ ਰਾਹੀਂ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਦੇ ਬਿਲਕੁਲ ਉਲਟ ਟਿੱਪਣੀਆਂ ਕੀਤੀਆਂ ਹਨ।
ਕੇਜਰੀਵਾਲ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਵੀ ਪਾਰਟੀ ਕਾਰਕੁੰਨਾਂ ਨੂੰ ਬੈਂਸ ਭਰਾਵਾਂ ਤੋਂ ਬਚਣ ਦੀ ਅਪੀਲ ਕਰ ਚੁੱਕੇ ਹਨ। ਪਰ ਕੰਵਰ ਸੰਧੂ ਨੇ ਆਪਣੇ ਟਵੀਟ `ਚ ਆਖਿਆ ਹੈ ਕਿ ਉਹ ਬੈਂਸ ਭਰਾਵਾਂ ਦੇ ਨਾਲ ਜੁੜੇ ਰਹਿਣਗੇ।
ਉੱਧਰ 2 ਅਗਸਤ ਦੀ ਬਠਿੰਡਾ ਰੈਲੀ ਲਈ ਵੀ ਸੁਖਪਾਲ ਸਿੰਘ ਖਹਿਰਾ ਪੂਰੀ ਤਰ੍ਹਾਂ ਦ੍ਰਿੜ੍ਹ ਹਨ। ਜਿਹੜੇ ਇਸ਼ਤਿਹਾਰ ਸਥਾਨਕ ਪੱਧਰ `ਤੇ ਵੰਡੇ ਜਾ ਰਹੇ ਹਨ ਜਾਂ ਸੋਸ਼ਲ ਮੀਡੀਆ `ਤੇ ਚਮਕਾਏ ਜਾ ਰਹੇ ਹਨ; ਉਨ੍ਹਾਂ ਵਿੱਚ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਅਤੇ ਸਾਰੇ ਪਾਰਟੀ ਵਿਧਾਇਕਾਂ ਦੀਆਂ ਤਸਵੀਰਾਂ ਲਾਈਆਂ ਗਈਆਂ ਹਲ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਗੱਲ ਕੀਤੀ ਗਈ ਹੈ। ਇਹ ਰੈਲੀ ਬਠਿੰਡਾ ਸਥਿਤ ਮੰਡੀ ਡੱਬਵਾਲੀ ਰੋਡ `ਤੇ ਵੁੱਡਜ਼ ਰਿਜ਼ੌਰਟ `ਚ ਰੱਖੀ ਗਈ ਹੈ।
ਜਿਸ ਦਿਨ ਤੋਂ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਇਆ ਗਿਆ ਹੈ, ਉਸੇ ਛਿਣ ਤੋਂ ਹੀ ਸੁਖਪਾਲ ਖਹਿਰਾ ਪੰਜਾਬ ਵਿੱਚ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ `ਚ ਲੱਗੇ ਹੋਏ ਹਨ।
ਇਸ ਵੇਲੇ ਸੁਖਪਾਲ ਸਿੰਘ ਖਹਿਰਾ ਨਾਲ ਪੂਰੀ ਤਰ੍ਹਾਂ ਡਟੇ ਕੰਵਰ ਸੰਧੂ ਨੇ ਪਾਰਟੀ ਪ੍ਰਧਾਨ ਭਗਵੰਤ ਮਾਨ ਦੇ ਟਵੀਟ `ਤੇ ਕੁਝ ਵਿਅੰਗਾਤਮਕ ਪ੍ਰਤੀਕਰਮ ਪ੍ਰਗਟਾਉਂਦਿਆਂ ਕਿਹਾ ਕਿ ਹੁਣ ਮਹਿਜ਼ ਟਵੀਟ ਕਰ ਦੇਣ ਨਾਲ ਹੀ ਗੱਲ ਨਹੀਂ ਬਣਨੀ, ਸਗੋਂ ਸਰਗਰਮ ਹੋ ਕੇ ਕੰਮ ਵੀ ਕਰਨਾ ਹੋਵੇਗਾ। ‘ਪਾਰਟੀ ਹੁਣ ਪਿਛਲੇ ਦੋ ਵਰ੍ਹਿਆਂ ਤੋਂ ਢਹਿੰਦੀਆਂ ਕਲਾਂ ਵੱਲ ਜਾ ਰਹੀ ਹੈ, ਇਹ ਸਭ ਠੀਕ ਕਰਨ ਲਈ ਨੀਤੀਆਂ ਤੇ ਪ੍ਰਣਾਲੀਆਂ ਬਦਲਣੀਆਂ ਹੋਣਗੀਆਂ। ਸੂਬਾ ਇਕਾਈਆਂ ਲਈ ਫ਼ੈਸਲਾ ਲੈਣ ਦੀ ਕੁਝ ਮੁਖ਼ਤਿਆਰੀ ਮੰਗੋ, ਤਦ ਹੀ ਅੱਗੇ ਵਧਿਆ ਜਾ ਸਕਦਾ ਹੈ।`
ਕੰਵਰ ਸੰਧੂ ਨੇ ਅੱਜ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਉਹ ਬੈਂਸ ਭਰਾਵਾਂ ਦਾ ਸਾਥ ਨਹੀਂ ਛੱਡਣਗੇ। ਉਨ੍ਹਾਂ ਇੱਕ ਵੱਖਰੇ ਟਵੀਟ ਰਾਹੀਂ ਸਪੱਸ਼ਟ ਕੀਤਾ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਤੇ ਲੋਕ ਇਨਸਾਫ਼ ਪਾਰਟੀ ਨੇ ਮਿਲ ਕੇ ਲੜੀਆਂ ਸਨ ਤੇ ਹੁਣ ਉਹ ਕਾਂਗਰਸ ਤੇ ਅਕਾਲੀ ਦਲ ਨੂੰ ਹਰਾਉਣ ਲਈ ਮੁੜ ਇਕੱਠੀਆਂ ਹੋ ਸਕਦੀਆਂ ਹਨ।
ਕੰਵਰ ਸੰਧੂ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵਿੱਚ ਨਵੀਂ ਰੂਹ ਫੂਕਣ ਦਾ ਸੱਦਾ ਦਿੰਦਿਆਂ ਕਿਹਾ ਕਿ ਹੁਣ ਪਾਰਟੀ ਹਾਈ ਕਮਾਂਡ ਤੋਂ ਕੁਝ ਖ਼ੁਦਮੁਖ਼ਤਿਆਰੀ ਲੈਣ ਲਈ ਸਰਗਰਮ ਹੋਣਾ ਹੋਵੇਗਾ, ਤਾਂ ਜੋ ਪੰਜਾਬ ਦੀ ਜਨਤਾ ਦੇ ਭਵਿੱਖ ਬਾਰੇ ਕੁਝ ਅਹਿਮ ਫ਼ੈਸਲੇ ਕੀਤੇ ਜਾ ਸਕਣ।