ਸੈਂਕੜੇ ਕਸ਼ਮੀਰੀ ਪ੍ਰਵਾਸੀ ਮਜ਼ਦੂਰ ਇਸ ਵੇਲੇ ਲੁਧਿਆਣਾ ’ਚ ਰਹਿ ਰਹੇ ਹਨ। ਉਹ ਜਾਂ ਤਾਂ ਹੌਜ਼ਰੀ ਉਦਯੋਗ ਨਾਲ ਜੁੜੇ ਹੋਏ ਹਨ ਤੇ ਜਾਂ ਫਿਰ ਉਹ ਲੁਧਿਆਣਾ ਦੇ ਵਿਸ਼ਾਲ ਸਨਅਤੀ ਇਲਾਕਿਆਂ ਦੀਆਂ ਫ਼ੈਕਟਰੀਆਂ ’ਚ ਮਿਹਨਤ–ਮਜ਼ਦੂਰੀ ਕਰ ਕੇ ਆਪਣੇ ਘਰ ਚਲਾ ਰਹੇ ਹਨ। ਉਨ੍ਹਾਂ ਨੇ ਹੁਣ ਸਭ ਨੇ ਮਿਲ ਕੇ ਲੁਘਿਆਣਾ ਪ੍ਰਸ਼ਾਸਨ ਅਤੇ ਪੁਲਿਸ ਨੂੰ ਇੱਕ ਖਾਸ ਬੇਨਤੀ ਕੀਤੀ ਹੈ।
ਕਸ਼ਮੀਰੀ ਪ੍ਰਵਾਸੀ ਮਜ਼ਦੂਰਾਂ ਨੇ ਲੁਧਿਆਣਾ ਪ੍ਰਸ਼ਾਸਨ ਤੇ ਪੁਲਿਸ ਨੂੰ ਬੇਨਤੀ ਕੀਤੀ ਹੈ ਕਿ ਉਹ ਸਾਰੇ ਵਾਪਸ ਜੰਮੂ–ਕਸ਼ਮੀਰ ’ਚ ਆਪੋ–ਆਪਣੇ ਘਰਾਂ ਨੂੰ ਪਰਤਣਾ ਚਾਹੁੰਦੇ ਹਨ।
ਆਪਣੀ ਬੇਨਤੀ ’ਚ ਇੱਕ ਪ੍ਰਵਾਸੀ ਮਜ਼ਦੂਰ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਕਿਹਾ ਕਿ ਸਰਕਾਰ ਜੇ ਚਾਹੇ, ਤਾਂ ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾ ਸਕਦੀ ਹੈ ਤੇ ਹੋਰ ਹਰ ਤਰ੍ਹਾਂ ਦੀ ਜਾਂਚ ਕਰਵਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਉਹ ਕੁਆਰੰਟੀਨ ਹੋਣ ਲਈ ਸਹਿਮਤ ਹਨ ਪਰ ਹੁਣ ਉਹ ਆਪੋ–ਆਪਣੇ ਘਰਾਂ ਨੂੰ ਪਰਤਣਾ ਚਾਹੁੰਦੇ ਹਨ।
ਲੁਧਿਆਣਾ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਪੁਸ਼ਟੀ ਕੀਤੀ ਕਿ ਕਸ਼ਮੀਰੀ ਪ੍ਰਵਾਸੀ ਮਜ਼ਦੂਰ ਆਪੋ–ਆਪਣੇ ਘਰਾਂ ਨੂੰ ਪਰਤਣਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਹੁਣ ਜੰਮੂ–ਕਸ਼ਮੀਰ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।
ਸ੍ਰੀ ਅਗਰਵਾਲ ਨੇ ਕਿਹਾ ਕਿ ਜੇ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ–ਕਸ਼ਮੀਰ ਦੇ ਅਧਿਕਾਰੀਆਂ ਨੂੰ ਕੋਈ ਇਤਰਾਜ਼ ਨਾ ਹੋਣ, ਤਾਂ ਇਨ੍ਹਾਂ ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਬਾਕਾਇਦਾ ਮੈਡੀਕਲ ਸਕ੍ਰੀਨਿੰਗ ਤੋਂ ਬਾਅਦ ਵਾਪਸ ਭੇਜ ਦਿੱਤਾ ਜਾਵੇਗਾ।
ਇੰਥੇ ਵਰਨਣਯੋਗ ਹੈ ਕਿ ਇਹ ਹਾਲ ਪੰਜਾਬ ਹੀ ਨਹੀਂ, ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਹੈ। ਬਿਹਾਰੀ ਤੇ ਉੱਤਰ ਪ੍ਰਦੇਸ਼ ਦੇ ਪ੍ਰਵਾਸੀ ਮਜ਼ਦੂਰ ਵੀ ਹੁਣ ਆਪੋ–ਆਪਣੇ ਅਸਲ/ਮੂਲ ਘਰਾਂ ਨੂੰ ਪਰਤਣਾ ਚਾਹ ਰਹੇ ਹਨ। ਪੰਜਾਬ ’ਚ ਹਾਲੇ ਉਨ੍ਹਾਂ ’ਚੋਂ ਕੁਝ ਇਸ ਵੇਲੇ ਕਿਸਾਨਾਂ ਨਾਲ ਕਣਕ ਤੇ ਰੱਬੀ ਦੇ ਮੌਸਮ ਦੀਆਂ ਫ਼ਸਲਾਂ ਦੀ ਵਾਢੀ ਦੇ ਕੰਮ ਵਿੱਚ ਹੱਥ ਵਟਾ ਰਹੇ ਹਨ।
ਪਰ ਇਹ ਕੰਮ ਨਿੱਬੜਨ ਤੋਂ ਬਾਅਦ ਅਤੇ ਲੌਕਡਾਊਨ ਪਿੱਛੋਂ ਸਾਰੇ ਕੰਮ–ਕਾਜ ਦੋਬਾਰਾ ਸ਼ੁਰੂ ਹੋਣ ਤੋਂ ਬਾਅਦ ਪੰਜਾਬ ਦੇ ਉਦਯੋਗਾਂ ਸਾਹਵੇਂ ਕਾਮਿਆਂ ਦਾ ਸੰਕਟ ਖਡ੍ਹਾ ਹੋ ਸਕਦਾ ਹੈ। ਸ਼ਾਇਦ ਕਾਮਿਆਂ ਦੀ ਕਿੱਲਤ ਪੈਦਾ ਹੋ ਜਾਵੇ।