ਸ੍ਰੀਨਗਰ ਸਥਿਤ ਕਸ਼ਮੀਰ ਯੂਨੀਵਰਸਿਟੀ ਦੇ 25 ਵਿਦਿਆਰਥੀ ਇਸ ਵੇਲੇ ਪੰਜਾਬ ਯੂਨੀਵਰਸਿਟੀ (PU - Punjab University), ਚੰਡੀਗੜ੍ਹ `ਚ 34ਵੇਂ ਉੱਤਰੀ ਜ਼ੋਨ ਅੰਤਰ-`ਵਰਸਿਟੀ ਯੂਥ ਫ਼ੈਸਟੀਵਲ (YF - Youth Festival) ਵਿੱਚ ਭਾਗ ਲੈ ਰਹੇ ਹਨ। ਉਹ ਸਾਰੇ ਸੜਕਾਂ ਬੰਦ ਹੋਣ ਅਤੇ ਕਰਫਿ਼ਊ ਜਿਹੇ ਤਣਾਅ-ਭਰਪੂਰ ਹਾਲਾਤ ਤੋਂ ਬਚਦੇ-ਬਚਾਉਂਦੇ 24 ਘੰਟੇ ਦੀ ਲਗਾਤਾਰ ਯਾਤਰਾ ਕਰਦੇ ਹੋਏ ਚੰਡੀਗੜ੍ਹ ਪੁੱਜੇ ਹਨ।
25 ਕਸ਼ਮੀਰੀ ਵਿਦਿਆਰਥੀਆਂ ਦਾ ਸਭਿਆਚਾਰਕ ਮੁਖੀ ਸ਼ਾਹਿਦ ਅਲੀ ਖ਼ਾਨ ਹੈ ਤੇ ਉਨ੍ਹਾਂ ਨਾਲ 9 ਜਣੇ ਹੋਰ ਹਨ। ਇਹ ਸਾਰੇ ਬੀਤੀ 26 ਦਸੰਬਰ ਨੂੰ ਪੰਜਾਬ ਯੂਨੀਵਰਸਿਟੀ ਪੁੱਜ ਗਏ ਸਨ।
ਖ਼ਾਨ ਨੇ ਦੱਸਿਆ ਕਿ ਉਹ ਖ਼ੁਦ ਤੇ ਉਨ੍ਹਾਂ ਨਾਲ ਆਏ ਵਿਦਿਆਰਥੀ ਸਾਹਿਤਕ ਈਵੈਂਟਸ, ਸੰਗੀਤਮਈ ਆਈਟਮਾਂ ਤੇ ਫ਼ਾਈਨ ਆਰਟਸ ਦੇ ਮੁਕਾਬਲਿਆਂ `ਚ ਭਾਗ ਲੈ ਰਹੇ ਹਨ।
ਖ਼ਾਨ ਅਨੁਸਾਰ ਕਸ਼ਮੀਰ `ਚ ਤਣਾਅ ਕਾਰਨ ਉਨ੍ਹਾਂ ਨੂੰ ਨਾ ਤਾਂ ਰੰਗਮੰਚ ਲਈ ਸਮਾਂ ਮਿਲਦਾ ਹੈ ਤੇ ਨਾ ਹੀ ਲੋਕ ਨਾਚ ਸਿੱਖਣ-ਸਿਖਾਉਣ ਲਈ ਕੋਈ ਪਹਿਲਕਦਮੀ ਕਰ ਪਾਉਂਦੇ ਹਨ। ‘ਜਿ਼ਆਦਾਤਰ ਯੂਨੀਵਰਸਿਟੀਜ਼ ਅੱਤਵਾਦ ਜਾਂ ਕਰਫਿ਼ਊ ਜਾਂ ਹੜਤਾਲਾਂ ਕਾਰਨ ਬੰਦ ਰਹਿੰਦੀਆਂ ਹਨ। ਇੰਟਰਨੈੱਟ `ਤੇ ਮੁਕੰਮਲ ਪਾਬੰਦੀ ਲੱਗੀ ਹੋਈ ਹੈ ਤੇ ਹਰੇਕ ਨੂੰ ਆਪੋ-ਆਪਣੀ ਸੁਰੱਖਿਆ ਦਾ ਧਿਆਨ ਰੱਖਦਿਆਂ ਸ਼ਾਮੀਂ 4 ਵਜੇ ਤੱਕ ਹਰ ਹਾਲਤ `ਚ ਘਰ ਪਰਤਣਾ ਹੀ ਪੈਂਦਾ ਹੈ। ਉੱਥੇ ਵਿਦਿਆਰਥੀਆਂ ਨੂੰ ਪੜ੍ਹਨ ਲਈ ਮਸਾਂ 3 ਕੁ ਮਹੀਨਿਆਂ ਦਾ ਸਮਾਂ ਮਿਲਦਾ ਹੈ। ਅਕਾਦਮਿਕ ਸੈਸ਼ਨ ਪਿੱਛੇ ਚੱਲ ਰਹੇ ਹਨ। ਅਜਿਹੇ ਹਾਲਾਤ `ਚ ਵਿਦਿਆਰਥੀਆਂ ਨੂੰ ਸਭਿਆਚਾਰਕ ਸਰਗਰਮੀਆਂ `ਚ ਸ਼ਾਮਲ ਹੋਣ ਲਈ ਬਹੁਤ ਘੱਟ ਸਮਾਂ ਮਿਲ ਪਾਉਂਦਾ ਹੈ।`
ਕਸ਼ਮੀਰੀ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੇ ਕਿਹਾ ਕਿ ਇੱਥੇ ਪੰਜਾਬ ਯੂਨੀਵਰਸਿਟੀ `ਚ ਉਨ੍ਹਾਂ ਦਾ ਬਹੁਤ ਨਿੱਘਾ ਸੁਆਗਤ ਹੋਇਆ ਹੈ। ਕਸ਼ਮੀਰੀ ਵਿਦਿਆਰਥਣ ਮਹਿਕ ਨੇ ਕਿਹਾ,‘ਹਰ ਕੋਈ ਸਾਨੂੰ ਸਾਡੀ ਦਿੱਖ, ਬੋਲੀ ਤੇ ਪਹਿਰਾਵੇ ਤੋਂ ਪਛਾਣਦਾ ਹੈ। ਸਾਡਾ ਸੁਆਗਤ ਬਹੁਤ ਹੀ ਉਤਸ਼ਾਹ ਨਾਲ ਕੀਤਾ ਗਿਆ ਹੈ।` ਮਹਿਕ ਨੇ ਪਿਤਲੇ ਸਾਲ ਵੀ ਰਾਸ਼ਟਰੀ ਮੁਕਾਬਲਿਆਂ `ਚ ਭਾਗ ਲਿਆ ਸੀ ਤੇ ਐਤਕੀ਼ ਉਸ ਨਾਲ ਆਏ ਉਸ ਦੇ ਬਹੁਤੇ ਸਾਥੀਆਂ ਨੇ ਪਹਿਲੀ ਵਾਰ ਕਸ਼ਮੀਰ ਤੋਂ ਬਾਹਰ ਪੈਰ ਧਰਿਆ ਹੈ।