ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਆਸੀ ਤੂਫ਼ਾਨ ਤੋਂ ਕੁਝ ਘਬਰਾਏ ਖਹਿਰਾ, ਬਿਆਨ ਤੋਂ ਥੋੜ੍ਹਾ ਪਿੱਛੇ ਹਟੇ

ਸਿਆਸੀ ਤੂਫ਼ਾਨ ਤੋਂ ਕੁਝ ਘਬਰਾਏ ਖਹਿਰਾ, ਬਿਆਨ ਤੋਂ ਥੋੜ੍ਹਾ ਪਿੱਛੇ ਹਟੇ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਐਤਵਾਰ ਨੂੰ ਆਪਣੇ ਇੱਕ ਦਿਨ ਪਹਿਲਾਂ ਦੇ ਬਿਆਨ ਤੋਂ ਥੋੜ੍ਹਾ ਪਿਛਾਂਹ ਹਟਦੇ ਵਿਖਾਈ ਦਿੱਤੇ। ਦਰਅਸਲ, ਉਨ੍ਹਾਂ ਵੱਲੋਂ ‘2020 - ਸਿੱਖ ਰਾਇਸ਼ੁਮਾਰੀ` ਬਾਰੇ ਦਿੱਤੇ ਬਿਆਨ ਨੇ ਸਿਆਸੀ ਤੂਫ਼ਾਨ ਖੜ੍ਹਾ ਕਰ ਦਿੱਤਾ ਸੀ। ਹਰੇਕ ਸਿਆਸੀ ਪਾਰਟੀ ਦਾ ਆਗੂ ਉਨ੍ਹਾਂ ਦੇ ਬਿਆਨ ਦੀ ਸਖ਼ਤ ਨਿਖੇਧੀ ਕਰ ਰਿਹਾ ਸੀ ਅਤੇ ਉਨ੍ਹਾਂ ਦੀ ਇਸ ਕਾਰਵਾਈ ਨੂੰ ਦੇਸ਼-ਵਿਰੋਧੀ ਤੱਕ ਕਰਾਰ ਦਿੱਤਾ ਗਿਆ ਸੀ।


ਜਲੰਧਰ `ਚ ਇੱਕ ਪ੍ਰੇੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਇੱਕ ਵੱਖਰੇ ਸਿੱਖ ਦੇਸ਼ ਦੀ ਮੰਗ ਜਾਂ ਹਮਾਇਤ ਨਹੀਂ ਕੀਤੀ। ਖਹਿਰਾ ਕਿਉਂਕਿ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਨ, ਇਸੇ ਲਈ ਉਨ੍ਹਾਂ ਦੇ ਬਿਆਨ ਦਾ ਗੰਭੀਰ ਨੋਟਿਸ ਲਿਆ ਜਾ ਰਿਹਾ ਹੈ। ਇਸੇ ਲਈ ਖਹਿਰਾ ਨੇ ਆਪਣੀ ਸਫ਼ਾਈ ਪੇਸ਼ ਕਰਦਿਆਂ ਆਖਿਆ: ‘‘ਮੈਂ ਖ਼ਾਲਿਸਤਾਨ ਦੇ ਵਿਚਾਰ ਦੀ ਹਮਾਇਤ ਨਹੀਂ ਕਰਦਾ ਪਰ ਮੈਨੂੰ ਇਹ ਆਖਣ ਵਿੱਚ ਵੀ ਕੋਈ ਸੰਕੋਚ ਨਹੀਂ ਹੈ ਕਿ ਅਜਿਹੀਆਂ ਮੰਗਾਂ ਸਿਰਫ਼ ਇਸ ਲਈ ਉੱਠਦੀਆਂ ਹਨ ਕਿਉਂਕਿ ਸਿੱਖਾਂ ਨਾਲ ਵਿਤਕਰਾ ਹੁੰਦਾ ਰਿਹਾ ਹੈ ਤੇ ਉਨ੍ਹਾਂ ਖਿ਼ਲਾਫ਼ ਬੇਲੋੜੀਆਂ ਕਾਨੂੰਨੀ ਕਾਰਵਾਈਆਂ ਹੁੰਦੀਆਂ ਰਹੀਆਂ ਹਨ। ਅਜਿਹੇ ਕਾਰਨਾਂ ਕਰਕੇ ਸਿੱਖ ਕੌਮ ਵਿੱਚ ਰੋਹ ਤੇ ਰੋਸ ਪੈਦਾ ਹੋਣਾ ਸੁਭਾਵਕ ਹੈ।``


ਇੱਥੇ ਵਰਨਣਯੋਗ ਹੈ ਕਿ ਪੰਜਾਬ `ਚ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਤੇ  ਹੋਰਨਾਂ ਪਾਰਟੀਆਂ ਨੇ ਸੁਖਪਾਲ ਸਿੰਘ ਖਹਿਰਾ ਦੇ ਬਿਆਨ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਸੀ ਕਿ ਖਹਿਰਾ ਖ਼ਾਲਿਸਤਾਨ ਦੀ ਹਮਾਇਤ ਕਰ ਰਹੇ ਹਨ। ‘2020 - ਸਿੱਖ ਰਾਇਸ਼ੁਮਾਰੀ` ਦਾ ਸੱਦਾ ਅਸਲ ਵਿੱਚ ਅਮਰੀਕਾ ਦੇ ਇੱਕ ਸਮੂਹ ‘ਸਿੱਖਸ ਫ਼ਾਰ ਜਸਟਿਸ` ਨੇ ਦਿੱਤਾ ਹੋਇਆ ਹੈ। ਇਸ ਜੱਥੇਬੰਦੀ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਪਿਛਲੇ ਕੁਝ ਸਮੇਂ ਤੋਂ ਅਜਿਹੇ ਬਿਆਨਾਂ ਕਾਰਨ ਵਿਵਾਦਾਂ ਵਿੱਚ ਵੀ ਘਿਰੇ ਰਹੇ ਹਨ।


ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਕੱਲ੍ਹ ਦੋਸ਼ ਲਾਇਆ ਸੀ ਕਿ ਆਮ ਆਦਮੀ ਪਾਰਟੀ ਆਗੂ ਸੁਖਪਾਲ ਸਿੰਘ ਖਹਿਰਾ ਵੱਖਵਾਦ ਦੀ ਹਮਾਇਤ ਕਰ ਰਹੇ  ਹਨ। ਉਨ੍ਹਾਂ ਨੇ ਇਸ ਮੁੱਦੇ `ਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਵੀ ਸਪੱਸ਼ਟੀਕਰਨ ਮੰਗਿਆ ਸੀ।


ਉੱਧਰ ਆਮ ਆਦਮੀ ਪਾਰਟੀ ਪੰਜਾਬ ਦੇ ਸਹਿ-ਪ੍ਰਧਾਨ ਡਾਂ ਬਲਬੀਰ ਸਿੰਘ ਨੇ ਕਿਹਾ ਹੈ ਕਿ ਖਹਿਰਾ ਖਿ਼ਲਾਫ਼ ਪਾਰਟੀ ਦੀ ਕੌਮੀ ਲੀਡਰਸਿ਼ਪ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਰਾਸ਼ਟਰੀ ਤੇ ਪੰਜਾਬ ਦੀ ਲੀਡਰਸਿ਼ਪ ਭਾਰਤ ਦੀ ਏਕਤਾ ਤੇ ਅਖੰਡਤਾ ਦੀ ਮੁੱਦਈ ਹੈ ‘ਅਸੀਂ ਕਿਸੇ ਰਾਇਸ਼ੁਮਾਰੀ ਦੀ ਹਮਾਇਤ ਨਹੀਂ ਕਰਦੇ। ਮੈਂ ਹਾਈ ਕਮਾਂਡ ਨਾਲ ਗੱਲਬਾਤ ਕੀਤੀ ਹੈ ਤੇ ਉਨ੍ਹਾਂ ਮੈਨੂੰ ਦੱਸਿਆ ਹੈ ਕਿ ਇਸ ਬਿਆਨ ਦੇ ਆਧਾਰ `ਤੇ ਖਹਿਰਾ ਖਿ਼ਲਾਫ਼ ਕਾਰਵਾਈ ਹੋਵੇਗੀ।`    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Khaira Goes Backfoot