ਤਿੰਨ ਕੁ ਦਿਨ ਪਹਿਲਾਂ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ’ਚੋਂ ਅਗ਼ਵਾ ਕੀਤੀ ਗਈ 18 ਸਾਲਾ ਕੁੜੀ ਦੀ ਲਾਸ਼ ਮਿਲੀ ਹੈ। ਇਹ ਲਾਸ਼ ਸ਼ੁੱਕਰਵਾਰ ਦੇਰ ਰਾਤੀਂ ਅੰਮ੍ਰਿਤਸਰ ਦੀ ਲੋਹਾਰਕਾ ਰੋਡ ’ਤੇ ਸਥਿਤ ਇੱਕ ਖ਼ਾਲੀ ਪਏ ਪਲਾਟ ’ਚ ਪਈ ਮਿਲੀ।
ਪੁਲਿਸ ਮੁਤਾਬਕ ਇਹ ਕੁੜੀ ਅੰਮ੍ਰਿਤਸਰ ਤੋਂ 26 ਕਿਲੋਮੀਟਰ ਦੂਰ ਪੈਂਦੇ ਕਸਬੇ ਅਜਨਾਲਾ ਦੀ ਰਹਿਣ ਵਾਲੀ ਸੀ ਤੇ ਉਸ ਨੂੰ ਬੀਤੇ ਬੁੱਧਵਾਰ ਬਾਅਦ ਦੁਪਹਿਰ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਸਥਿਤ ਵਿਸ਼ਾਲ ਮੈਗਾ ਮਾਰਟ ਨੇੜਿਓਂ ਅਗ਼ਵਾ ਕੀਤਾ ਗਿਆ ਸੀ। ਤਦ ਉਹ ਲਾਰੈਂਸ ਰੋਡ ਉੱਤੇ ਸਥਿਤ ਇੱਕ ਬਿਊਟੀ ਸੈਲੂਨ ਤੋਂ ਆਪਣੀ ਟ੍ਰੇਨਿੰਗ ਕਲਾਸ ਲਾ ਕੇ ਘਰ ਪਰਤ ਰਹੀ ਸੀ।
ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਬੁੱਧਵਾਰ ਨੂੰ ਹੀ ਰਣਜੀਤ ਐਵੇਨਿਊ ਪੁਲਿਸ ਚੌਕੀ ’ਚ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਕੁੜੀ ਨੂੰ ਅਗ਼ਵਾ ਕਰ ਲਿਆ ਹੈ। ਉਨ੍ਹਾਂ ਇਹ ਵੀ ਦੱਸਿਆ ਸੀ ਕਿ ਅਗ਼ਵਾਕਾਰਾਂ ਨੇ ਕੁੜੀ ਨੂੰ ਰਿਹਾਅ ਕਰਨ ਬਦਲੇ 20 ਲੱਖ ਰੁਪਏ ਮੰਗੇ ਸਨ।
ਰਣਜੀਤ ਐਵੇਨਿਊ ਪੁਲਿਸ ਥਾਣੇ ਦੇ ਐੱਸਐੱਚਓ ਰੌਬਿਨ ਹੰਸ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਹੀ ਪੁਲਿਸ ਦੀਆਂ ਟੀਮਾਂ ਨੇ ਉਸ ਕੁੜੀ ਦੀ ਭਾਲ਼ ਸ਼ੁਰੂ ਕਰ ਦਿੱਤੀ ਸੀ।
ਅੰਮ੍ਰਿਤਸਰ ਪੁਲਿਸ ਦੇ ਸੀਆਈਏ ਵਿੰਗ ਦੇ ਇੰਚਾਰਜ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਨੇ ਕੁੜੀ ਨੂੰ ਅਗ਼ਵਾ ਕਰ ਕੇ ਉਸ ਦਾ ਕਤਲ ਕੀਤਾ ਸੀ।
ਕਥਿਤ ਮੁਲਜ਼ਮ ਉਸ ਕੁੜੀ ਨਾਲ ਸਕੂਲ ਵਿੱਚ ਪੜ੍ਹਦਾ ਰਿਹਾ ਹੈ ਭਾਵ ਉਸ ਦਾ ਹਮ–ਜਮਾਤੀ ਰਿਹਾ ਹੈ। ਅੱਜ ਬਾਅਦ ਦੁਪਹਿਰ ਇੱਕ ਪ੍ਰੈੱਸ ਕਾਨਫ਼ਰੰਸ ਕਰ ਕੇ ਇਸ ਕਤਲ ਕਾਂਡ ਬਾਰੇ ਹੋਰ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ। ਉਸ ਬਾਰੇ ਵਿਸਥਾਰਪੂਰਬਕ ਪੜ੍ਹਦੇ ਰਹੋ – ਹਿੰਦੁਸਤਾਨ ਟਾਈਮਜ਼ ਪੰਜਾਬੀ ਅਤੇ ਹਿੰਦੁਸਤਾਨ ਟਾਈਮਜ਼ (ਅੰਗਰੇਜ਼ੀ)।