117 ਮੈਂਬਰੀ ਪੰਜਾਬ ਵਿਧਾਨ ਸਭਾ ਦਾ ਤਿੰਨ ਦਿਨਾ ਮਾਨਸੂਨ ਸੈਸ਼ਨ ਅੱਜ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਿਆ। ਵਿਧਾਨ ਸਭਾ ਦੀ ਕਾਰਵਾਈ ਦੌਰਾਨ ਕੁਝ ਖ਼ਾਸ ਸ਼ਬਦ ਜ਼ਰੂਰ ਸੁਣਨ ਨੂੰ ਮਿਲਦੇ ਹਨ। ਉਨ੍ਹਾਂ ਦੇ ਵਿਸਤ੍ਰਿਤ ਅਰਥ ਅਸੀਂ ‘ਹਿੰਦੁਸਤਾਨ ਟਾਈਮਜ਼ - ਪੰਜਾਬੀ` ਦੇ ਪਾਠਕਾਂ ਨਾਲ ਸਾਂਝੇ ਕਰਨ ਜਾ ਰਹੇ ਹਾਂ।
ਐਜੌਰਨਮੈਂਟ ਮੋਸ਼ਨ
ਜੇ ਵਿਰੋਧੀ ਧਿਰ ਜਨਤਕ ਅਹਿਮੀਅਤ ਵਾਲੇ ਕਿਸੇ ਖ਼ਾਸ ਮੁੱਦੇ `ਤੇ ਸਰਕਾਰ ਦੀ ਨਿਖੇਧੀ ਕਰਨਾ ਚਾਹੁੰਦੀ ਹੈ, ਤਾਂ ਉਹ ਸਦਨ ਨੂੰ ਮੁਲਤਵੀ ਕਰਵਾਉਣ ਲਈ ਇੱਕ ਮਤਾ ਲਿਆ ਸਕਦੀ ਹੈ। ਜੇ ਸਪੀਕਰ ਇਸ ਮਤੇ ਦੀ ਪ੍ਰਵਾਨਗੀ ਦੇ ਦਿੰਦਾ ਹੈ, ਤਾਂ ਸਦਨ ਦਾ ਬਾਕੀ ਸਾਰਾ ਕੰਮ-ਕਾਜ ਅਧਵਾਟੇ ਛੱਡ ਕੇ ਉਸ ਮੁੱਦੇ ਵਿਸ਼ੇਸ਼ `ਤੇ ਵਿਚਾਰ-ਵਟਾਂਦਰਾ ਕਰਵਾਇਆ ਜਾਂਦਾ ਹੈ।
ਹਾਊਸ ਐਜੌਰਨਡ
ਇਹ ਸਪੀਕਰ ਵੱਲੋਂ ਸਦਨ ਦੀ ਕਾਰਵਾਈ ਅਸਥਾਈ ਸਮੇਂ ਲਈ ਮੁਲਤਵੀ ਕਰਨ ਨਾਲ ਸਬੰਧਤ ਹੈ। ਅਜਿਹਾ ਤਦ ਕੀਤਾ ਜਾਂਦਾ ਹੈ, ਜੇ ਸਦਨ ਵਿੱਚ ਕਾਫ਼ੀ ਹੰਗਾਮਾ ਮਚਿਆ ਹੋਇਆ ਹੋਵੇ ਤੇ ਕਾਰਵਾਈ ਵਾਰ-ਵਾਰ ਠੱਪ ਹੋ ਰਹੀ ਹੋਵੇ।
ਬ੍ਰੀਚ ਆਫ਼ ਪ੍ਰਿਵਲੇਜ ਮੋਸ਼ਨ
ਸਦਨ ਤੇ ਉਸ ਦੇ ਮੈਂਬਰਾਂ ਨੂੰ ਕੁਝ ਖ਼ਾਸ ਅਧਿਕਾਰ ਤੇ ਛੋਟਾਂ ਮਿਲੀਆਂ ਹੁੰਦੀਆਂ ਹਨ। ਕਿਸੇ ਮੈਂਬਰ ਖਿ਼ਲਾਫ਼ ਮਰਿਆਦਾ ਦੀ ਉਲੰਘਣਾ ਦਾ ਮਤਾ ਪੇਸ਼ ਕਰਨ ਦਾ ਨੋਟਿਸ ਦਿੱਤਾ ਜਾ ਸਕਦਾ ਹੈ। ਅਜਿਹਾ ਤਦ ਹੀ ਕੀਤਾ ਜਾਂਦਾ ਹੈ, ਜੇ ਮੁੱਦਾ ਕਿਸੇ ਹਾਲੀਆ ਘਟਨਾ ਨਾਲ ਸਬੰਧਤ ਹੋਵੇ। ਵਿਧਾਨ ਸਭਾ ਦੀ ਮਰਿਆਦਾ ਕਮੇਟੀ ਅਜਿਹੇ ਮਤੇ ਦੀ ਘੋਖ-ਪੜਤਾਲ਼ ਕਰਦੀ ਹੈ। ਇਹ ਇੱਕ ਸਜ਼ਾਯੋਗ ਅਪਰਾਧ ਹੈ।
ਕਾਲਿੰਗ ਅਟੈਨਸ਼ਨ ਮੋਸ਼ਨ
ਇਸ ਧਿਆਨ-ਦਿਵਾਊ ਮਤੇ ਰਾਹੀਂ ਕੋਈ ਮੈਂਬਰ ਕਿਸੇ ਮੰਤਰੀ ਦਾ ਧਿਆਨ ਬਹੁਤ ਜ਼ਰੂਰੀ ਜਨਤਕ ਅਹਿਮੀਅਤ ਵਾਲੇ ਮੁੱਦੇ ਵੱਲ ਖਿੱਚਦਾ ਹੈ ਅਤੇ ਮੰਤਰੀ ਉਸ ਬਾਰੇ ਆਪਣਾ ਕੋਈ ਬਿਆਨ ਜਾਰੀ ਕਰ ਸਕਦਾ ਹੈ ਅਤੇ ਉਸ ਪ੍ਰਸ਼ਨ ਦਾ ਉੱਤਰ ਉਸੇ ਸੈਸ਼ਨ ਦੌਰਾਨ ਦੇਣ ਲਈ ਥੋੜ੍ਹਾ ਸਮਾਂ ਵੀ ਮੰਗ ਸਕਦਾ ਹੈ। ਅਜਿਹਾ ਕੇਵਲ ਸਪੀਕਰ ਦੀ ਅਗਾਊਂ ਇਜਾਜ਼ਤ ਨਾਲ ਹੀ ਕੀਤਾ ਜਾ ਸਕਦਾ ਹੈ।
ਐਕਸਪੰਜ
ਸਪੀਕਰ ਨੂੰ ਇਹ ਅਧਿਕਾਰ ਹੁੰਦਾ ਹੈ ਕਿ ਉਹ ਕਿਸੇ ਵੀ ਵਿਧਾਇਕ/ਮੰਤਰੀ ਵੱਲੋਂ ਕਹੇ ਕਿਸੇ ਸ਼ਬਦ ਜਾਂ ਬਿਆਨ ਨੂੰ ਵਿਧਾਨ ਸਭਾ ਦੀ ਕਾਰਵਾਈ ਦੇ ਸਰਕਾਰੀ ਰਿਕਾਰਡ `ਚੋਂ ਕੱਢ ਦੇਵੇ। ਉਸ ਕੱਢੇ ਸ਼ਬਦ ਜਾਂ ਬਿਆਨ ਨੂੰ ਮੀਡੀਆ ਵੀ ਪ੍ਰਕਾਸਿ਼ਤ ਜਾਂ ਪ੍ਰਸਾਰਿਤ ਨਹੀਂ ਕਰ ਸਕਦਾ।
ਪੁਆਇੰਟ ਆਫ਼ ਆਰਡਰ
ਇਹ ਇੱਕ ਅਜਿਹਾ ਇੰਟਰਜੈਕਸ਼ਨ (ਹੈਰਾਨੀ ਪ੍ਰਗਟਾਉਣਾ) ਹੁੰਦਾ ਹੈ, ਜਿਸ ਰਾਹੀਂ ਇੱਕ ਮੈਂਬਰ ਸਪੀਕਰ ਨੂੰ ਅਪੀਲ ਕਰ ਕੇ ਕਿਸੇ ਮੁੱਦੇ `ਤੇ ਸਦਨ `ਚ ਬਹਿਸ ਕਰਵਾਉਣ ਲਈ ਆਖ ਸਕਦਾ ਹੈ। ਜੇ ਅਜਿਹੀ ਇਜਾਜ਼ਤ ਮਿਲ ਜਾਂਦੀ ਹੈ, ਤਾਂ ਮੈਂਬਰ ਨੂੰ ਜ਼ਰੂਰ ਹੀ ਇਹ ਵਿਆਖਿਆ ਕਰਨੀ ਹੋਵੇਗੀ ਕਿ ਅਜਿਹਾ ਕਿਹੜਾ ਕਾਰਨ ਹੈ ਕਿ ਇਸ ਗੱਲ `ਤੇ ਯਕੀਨ ਕਰ ਲਿਆ ਜਾਵੇ ਕਿ ਸਦਨ ਦੇ ਨਿਯਮਾਂ ਦੀ ਉਲੰਘਣਾ ਹੋਈ ਹੈ। ਇਹ ਫ਼ੈਸਲਾ ਸਪੀਕਰ ਕਰਦਾ ਹੈ ਕਿ ਉਹ ਉਹ ‘ਪੁਆਇੰਟ ਆਫ਼ ਆਰਡਰ` ਵੈਧ ਹੈ ਜਾਂ ਨਹੀਂ।
ਸਾਇਨੇ ਡਾਇ
ਜਦੋਂ ਸਦਨ ਨੂੰ ਸਾਇਨੇ ਡਾਈ ਮੁਲਤਵੀ ਕਰ ਦਿੱਤਾ ਜਾਂਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਸਦਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਮੰਨ ਲਵੋ ਕਿ ਸਦਨ ਦਾ ਅਗਲਾ ਸੈਸ਼ਨ ਛੇ ਮਹੀਨੇ ਬਾਅਦ ਸੱਦਿਆ ਜਾਵੇਗਾ, ਤਦ ਉਸ ਹਾਲਤ `ਚ ‘ਸਾਇਨੇ ਡਾਈ` ਦਾ ਮਤਲਬ ਹੋਵੇਗਾ ਅਗਲੇ ਸੈਸ਼ਨ ਤੱਕ।
ਪ੍ਰੋਰੋਗ
ਇਹ ਰਾਜਪਾਲ/ਗਵਰਨਰ ਵੱਲੋਂ ਵਿਧਾਨ ਸਭਾ ਨੂੰ ਭੰਗ ਕੀਤੇ ਬਗ਼ੈਰ ਉਸ ਦਾ ਸੈਸ਼ਨ ਖ਼ਤਮ ਕਰਨ ਲਈ ਜਾਰੀ ਕੀਤਾ ਗਿਆ ਇੱਕ ਹੁਕਮ ਹੁੰਦਾ ਹੈ। ਆਮ ਤੌਰ `ਤੇ ਪ੍ਰੀਜ਼ਾਈਡਿੰਗ ਅਫ਼ਸਰ ਵੱਲੋਂ ਸਦਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕੀਤੇ ਜਾਣ ਤੋਂ ਕੁਝ ਦਿਨਾਂ ਬਾਅਦ ਰਾਜਪਾਲ ਵੱਲੋਂ ਸੈਸ਼ਨ ਦੀ ਪ੍ਰੋਰੋਗੇਸ਼ਨ ਲਈ ਇੱਕ ਨੋਟੀਫਿ਼ਕੇਸ਼ਨ ਜਾਰੀ ਕੀਤਾ ਜਾਂਦਾ ਹੈ। ਰਾਜਪਾਲ ਵੱਲੋਂ ਸੈਸ਼ਨ ਨੂੰ ਤਦ ਵੀ ਪ੍ਰੋਰੋਗ ਕੀਤਾ ਜਾ ਸਕਦਾ ਹੈ, ਜੇ ਸਦਨ ਦਾ ਸੈਸ਼ਨ ਭਾਵੇਂ ਚੱਲ ਰਿਹਾ ਹੋਵੇ।
ਸਟਾਰਡ ਕੁਐਸਚਨ
ਇੱਕ ਵਿਧਾਇਕ ਕੋਈ ਸਟਾਰਡ (ਤਾਰੇ ਵਾਲੇ) ਪ੍ਰਸ਼ਨ ਪੁੱਛ ਸਕਦਾ ਹੈ, ਜੇ ਉਹ ਚਾਹੁੰਦਾ ਹੋਵੇ ਕਿ ਇਸ ਦਾ ਜਵਾਬ ਸਦਨ `ਚ ਜ਼ੁਬਾਨੀ ਤੌਰ `ਤੇ ਦਿੱਤਾ ਜਾਵੇ; ਇਸ ਲਈ ਉਹ ਪੂਰਕ ਪ੍ਰਸ਼ਨ ਵੀ ਪੁੱਛ ਸਕਦਾ ਹੈ। ਇਸ ਪ੍ਰਸ਼ਨ ਨੁੰ ਇੱਕ ‘ਤਾਰੇ` (*) ਦੇ ਨਿਸ਼ਾਨ ਰਾਹੀਂ ਵਖਰਾਇਆ ਜਾਂਦਾ ਹੈ ਤੇ ਆਮ ਤੌਰ `ਤੇ ਜਦੋਂ ਅਜਿਹਾ ਪ੍ਰਸ਼ਨ ਪੁੱਛਿਆ ਜਾਂਦਾ ਹੈ, ਤਾਂ ਉਸ ਦਾ ਜਵਾਬ ਦੇਣ ਲਈ ਸਬੰਧਤ ਮੰਤਰੀ ਤੇ ਮੈਂਬਰ ਸਦਨ `ਚ ਮੌਜੂਦ ਰਹਿੰਦਾ ਹੈ।
ਅਨਸਟਾਰਡ ਕੁਐਸਚਨਜ਼
ਇਹ ਉਹ ਪ੍ਰਸ਼ਨ ਹੁੰਦੇ ਹਨ, ਜਿਨ੍ਹਾਂ ਦੇ ਜਵਾਬ ਜ਼ੁਬਾਨੀ ਨਹੀਂ, ਸਗੋਂ ਲਿਖਤੀ ਰੂਪ `ਚ ਦਿੱਤੇ ਜਾਂਦੇ ਹਨ। ਦੋਵੇਂ ਕਿਸਮ ਦੇ ਸੁਆਲਾਂ ਲਈ ਵੱਖਰੇ ਫ਼ਾਰਮ ਹੁੰਦੇ ਹਨ ਤੇ ਕੋਈ ਪੂਰਕ ਪ੍ਰਸ਼ਨ ਨਹੀਂ ਪੁੱਛਿਆ ਜਾ ਸਕਦਾ।
ਕੁਐਸਚਨ ਆਅਰ
ਕਿਸੇ ਸਦਨ ਦੇ ਕਿਸੇ ਸੈਸ਼ਨ ਦੀ ਹਰੇਕ ਬੈਠਕ ਦਾ ਪਹਿਲਾ ਘੰਟਾ ਹੰੁਦਾ ਹੈ। ਇਸ ਸਮੇਂ ਦੌਰਾਨ ਵਿਧਾਇਕਾਂ ਵੱਲੋਂ ਕੀਤੇ ਸਟਾਰਡ ਤੇ ਅਨਸਟਾਰਡ ਪ੍ਰਸ਼ਨਾਂ ਦੇ ਉੱਤਰ ਸਬੰਧਤ ਮੰਤਰੀ ਵੱਲੋਂ ਦਿੱਤੇ ਜਾਂਦੇ ਹਨ। ਇਸ ਪ੍ਰਸ਼ਨ ਕਾਲ ਦੀ ਮਿਆਦ ਇੱਕ ਘੰਟੇ ਤੋਂ ਵੱਧ ਨਹੀਂ ਹੋ ਸਕਦੀ।
ਟਰੈਜ਼ਰੀ ਬੈਂਚਜ਼
ਇਹ ਸਦਨ `ਚ ਮੁਢਲੀਆਂ ਕਤਾਰਾਂ ਨੂੰ ਆਖਦੇ ਹਨ, ਜੋ ਸਪੀਕਰ ਦੇ ਸੱਜੇ ਪਾਸੇ ਹੁੰਦੀਆਂ ਹਨ। ਇਨ੍ਹਾਂ `ਤੇ ਮੁੱਖ ਮੰਤਰੀ ਤੇ ਕੈਬਿਨੇਟ `ਚ ਉਨ੍ਹਾਂ ਦੇ ਸਹਿਯੋਗੀ ਮੰਤਰੀ ਬੈਠਦੇ ਹਨ। ਇਹ ਮੱਦ ਸਦਨ `ਚ ਸੱਤਾਧਾਰੀ ਪਾਰਟੀ ਜਾਂ ਸਰਕਾਰੀ ਬੈਂਚ ਵਜੋਂ ਵੀ ਵਰਤੀ ਜਾਂਦੀ ਹੈ।
ਵਾਕ ਆਊਟ
ਇਹ ਸ਼ਬਦ ਉਦੋਂ ਵਰਤਿਆ ਜਾਂਦਾ ਹੈ, ਜਦੋਂ ਵਿਰੋਧੀ ਧਿਰ ਦੇ ਵਿਧਾਇਕ ਸੈਸ਼ਨ ਦੌਰਾਨ ਕਿਸੇ ਮਾਮਲੇ/ਮੁੱਦੇ `ਤੇ ਆਪਣਾ ਰੋਸ ਜਾਂ ਅਪ੍ਰਵਾਨਗੀ ਜ਼ਾਹਿਰ ਕਰਨ ਲਈ ਸਦਨ ਛੱਡ ਕੇ ਬਾਹਰ ਚਲੇ ਜਾਂਦੇ ਹਨ।
ਵੈੱਲ ਆਫ਼ ਦਿ ਹਾਊਸ
ਇਹ ਵਿਧਾਨ ਸਭਾ ਦੇ ਹਾਲ ਦਾ ਵਿਚਕਾਰਲਾ ਹਿੱਸਾ ਜਾਂ ਨੋਡਲ ਪੁਆਇੰਟ ਹੁੰਦਾ ਹੈ, ਜੋ ਸਪੀਕਰ ਦੀ ਮੇਜ਼ ਦੇ ਸਾਹਮਣੇ ਹੁੰਦਾ ਹੈ, ਜਿੱਥੇ ਸਕੱਤਰੇਤ ਦਾ ਸਟਾਫ਼ ਬੈਠ ਕੇ ਸਦਨ ਦੀ ਸਾਰੀ ਕਾਰਵਾਈ ਰਿਕਾਰਡ ਕਰਦਾ ਹੈ। ਵਿਰੋਧੀ ਬੈਂਚਾਂ ਦੇ ਮੈਂਬਰ ਆਮ ਤੌਰ `ਤੇ ਸਦਨ ਦੇ ਵੈੱਲ `ਚ ਉਦੋਂ ਜਾਂਦੇ ਹਨ, ਜਦੋਂ ਉਨ੍ਹਾਂ ਨੇ ਕਿਸੇ ਮੁੱਦੇ `ਤੇ ਸਪੀਕਰ ਦਾ ਧਿਆਨ ਖਿੱਚਣਾ ਹੁੰਦਾ ਹੈ ਜਾਂ ਕੋਈ ਰੋਸ ਪ੍ਰਗਟਾਉਣਾ ਹੁੰਦਾ ਹੈ ਜਾਂ ਸਪੀਕਰ ਜਾਂ ਸਰਕਾਰ ਨਾਲ ਕਿਸੇ ਮਾਮਲੇ `ਤੇ ਅਸਹਿਮਤੀ ਪ੍ਰਗਟਾਉਣੀ ਹੁੰਦੀ ਹੈ। ਜੇ ਉਹ ਵਧੇਰੇ ਹੰਗਾਮਾ ਖੜ੍ਹਾ ਕਰ ਕੇ ਵਿਵਸਥਾ ਇੱਕ ਹੱਦ ਤੋਂ ਵੱਧ ਖ਼ਰਾਬ ਕਰਦੇ ਹਨ, ਤਦ ਸਪੀਕਰ ਵਿਧਾਨ ਸਭਾ ਦੇ ਸੁਰੱਖਿਆ ਸਟਾਫ਼ ਨੂੰ ਰੌਲ਼ਾ ਪਾ ਰਹੇ ਮੈਂਬਰਾਂ ਨੂੰ ਜ਼ਬਰਦਸਤੀ ਬਾਹਰ ਭੇਜਣ ਲਈ ਆਖ ਸਕਦਾ ਹੈ।
ਜ਼ੀਰੋ ਆਅਰ
ਰਵਾਇਤ ਮੁਤਾਬਕ ਇਹ ‘ਸਿਫ਼ਰ ਕਾਲ` ਆਮ ਤੌਰ `ਤੇ ਪ੍ਰਸ਼ਨ ਕਾਲ ਤੋਂ ਬਾਅਦ ਹੀ ਆਉਂਦਾ ਹੈ। ਇਸ ਦੀ ਪ੍ਰਵਾਨਗੀ ਦੇਣਾ ਸਪੀਕਰ ਦੇ ਅਖ਼ਤਿਆਰ `ਚ ਹੰੁਦਾ ਹੈ ਅਤੇ ਇਹ ਆਮ ਤੌਰ `ਤੇ ਅੱਧੇ ਘੰਟੇ ਤੋਂ ਇੱਕ ਘੰਟੇ ਤੱਕ ਹੁੰਦਾ ਹੈ। ਇਹ ਸਦਨ ਦੀ ਸਵੇਰ ਵਾਲੀ ਬੈਠਕ ਵਿੱਚ ਹੰੁਦਾ ਹੈ। ਇਹ ਠੀਕ ਦੁਪਹਿਰ ਨੂੰ ਪ੍ਰਸ਼ਨ ਕਾਲ ਖ਼ਤਮ ਹੁੰਦਿਆਂ ਹੀ ਸ਼ੁਰੂ ਹੁੰਦਾ ਹੈ। ਇਸ ਦੌਰਾਨ ਮੈਂਬਰਾਂ, ਖ਼ਾਸ ਕਰ ਕੇ ਵਿਰੋਧੀ ਧਿਰ ਦੇ ਬੈਂਚਾਂ ਦੇ ਮੈਂਬਰਾਂ/ਵਿਧਾਇਕਾਂ ਨੂੰ ਸਦਨ `ਚ ਜਨਤਕ ਹਿਤ ਵਾਲੇ ਕਿਸੇ ਮੁੱਦੇ `ਤੇ ਧਿਆਨ ਦਿਵਾਉਣ/ਖਿੱਚਣ ਦਾ ਮੌਕਾ ਦਿੰਦਾ ਹੈ।