ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਰੜ ਦੇ ਨਸ਼ਾ-ਛੁਡਾਊ ਕੇਂਦਰ ਦਾ ਲਾਇਸੈਂਸ ਰੱਦ

ਖਰੜ ਦੇ ਨਸ਼ਾ-ਛੁਡਾਊ ਕੇਂਦਰ ਦਾ ਲਾਇਸੈਂਸ ਰੱਦ

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਖਰੜ ਸਥਿਤ ਡਾ. ਸਿੱਧੂ ਦੇ ਨਸ਼ਾ-ਛੁਡਾਊ ਕੇਂਦਰ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਇੱਕ ਮਹੀਨਾ ਪਹਿਲਾਂ ਮੋਹਾਲੀ ਦੇ ਜਿ਼ਲ੍ਹਾ ਪ੍ਰਸ਼ਾਸਨ ਨੇ ਇਸ ਕੇਂਦਰ ਨੂੰ ਬੰਦ ਕਰਨ ਦੀ ਸਿਫ਼ਾਰਸ਼ ਕੀਤੀ ਸੀ।


ਬੀਤੇ ਜੁਲਾਈ ਮਹੀਨੇ ਜਦੋਂ ਇਸ ਨਸ਼ਾ-ਛੁਡਾਊ ਕੇਂਦਰ ਦਾ ਨਿਰੀਖਣ ਕੀਤਾ ਗਿਆ ਸੀ, ਤਦ ਇਸ ਵਿੱਚ ਕਥਿਤ ਤੌਰ `ਤੇ ਕੁਝ ਬੇਨਿਯਮੀਆਂ ਪਾਈਆਂ ਗਈਆਂ ਸਨ; ਇਸੇ ਲਈ ਮੋਹਾਲੀ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਇਸ ਨੂੰ ਬੰਦ ਕਰਨ ਦੀ ਸਿਫ਼ਾਰਸ਼ ਕੀਤੀ ਸੀ।


ਡਿਪਟੀ ਕਮਿਸ਼ਨਰ ਨੇ ਤਦ ਜਿ਼ਲ੍ਹੇ ਦੇ ਸਾਰੇ 26 ਪ੍ਰਾਈਵੇਟ ਨਸ਼ਾ-ਛੁਡਾਊ ਕੇਂਦਰਾਂ ਬਾਰੇ ਇੱਕ ਵਿਆਪਕ ਰਿਪੋਰਟ ਤਿਆਰ ਕੀਤੀ ਸੀ। ਉਸ ਰਿਪੋਰਟ ਦੀਆਂ ਸਿਫ਼ਾਰਸ਼ਾਂ ਦੇ ਆਧਾਰ `ਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਡਾ. ਸਿੱਧੂ ਦੇ ਨਸ਼ਾ-ਛੁਡਾਊ ਕੇਂਦਰ ਦਾ ਲਾਇਸੈਂਸ ਰੱਦ ਕੀਤਾ ਹੈ। ਇਹ ਕੇਂਦਰ ਡਾ. ਤੇਜਿੰਦਰ ਸਿੰਘ ਸਿੱੱਧੂ ਵੱਲੋਂ ਚਲਾਇਆ ਜਾ ਰਿਹਾ ਹੈ।


ਸ੍ਰੀਮਤੀ ਸਪਰਾ ਨੇ ਦੱਸਿਆ ਕਿ ਜਦੋਂ ਇਸ ਕੇਂਦਰ ਦਾ ਨਿਰੀਖਣ ਕੀਤਾ ਗਿਆ ਸੀ, ਤਦ ਉੱਥੇ ਕੋਹੀ ਮਰੀਜ਼ ਦਾਖ਼ਲ ਨਹੀਂ ਸਨ ਤੇ ਉਸ ਦੇ ਪ੍ਰਬੰਧਕ ਕੋਈ ਵੀ ਲੋੜੀਂਦਾ ਰਿਕਾਰਡ ਵਿਖਾਉਣ ਤੋਂ ਅਸਮਰੱਥ ਰਹੇ ਸਨ। ਉਨ੍ਹਾਂ ਕਿਹਾ ਕਿ ‘ਇਸ ਕੇਂਦਰ ਵਿੱਚ ਕਈ ਵੱਡੀਆਂ ਬੇਨਿਯਮੀਆਂ ਪਾਈਆਂ ਗਈਆਂ ਸਨ। ਇਸ ਮਾਮਲੇ `ਚ ਥੋੜ੍ਹੀ ਜਿੰਨੀ ਢਿੱਲ-ਮੰਠ ਵੀ ਨੌਜਵਾਨਾਂ ਨੂੰ ਨਸਿ਼ਆਂ ਦੇ ਜਾਲ਼ ਵਿੱਚ ਫਸਾ ਕੇ ਰੱਖ ਦਿੰਦੀ ਹੈ।`


ਪਰ ਉੱਧਰ ਡਾ. ਤੇਜਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ,‘ਮੈਨੂੰ ਸਿਹਤ ਵਿਭਾਗ ਦੇ ਕਿਸੇ ਹੁਕਮ ਬਾਰੇ ਕੋਈ ਜਾਣਕਾਰੀ ਨਹੀਂ ਹੈ। ਕੇਂਦਰ ਦਾ ਨਿਰੀਖਣ ਮੇਰੀ ਗ਼ੈਰ-ਮੌਜੂਦਗੀ `ਚ ਕੀਤਾ ਗਿਆ ਸੀ। ਅਸੀਂ ਵਿਸ਼ਵ ਸਿਹਤ ਸੰਗਠਨ ਤੇ ਭਾਰਤੀ ਮੈਡੀਕਲ ਕੌਂਸਲ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹਾਂ।`


ਕੇਂਦਰ `ਚ ਮੌਜੂਦ ਵੱਡੀ ਮਾਤਰਾ `ਚ ਦਵਾਈਆਂ ਬਾਰੇ ਉਨ੍ਹਾਂ ਕਿਹਾ,‘ਤੁਹਾਨੂੰ ਪਤਾ ਹੀ ਹੈ ਕਿ ਮਰੀਜ਼ ਆਉਂਦੇ-ਜਾਂਦੇ ਰਹਿੰਦੇ ਹਨ। ਇਸੇ ਲਈ ਸਾਨੂੰ ਦਵਾਈਆਂ ਦਾ ਸਟਾਕ ਪਹਿਲਾਂ ਤੋਂ ਰੱਖਣਾ ਪੈਂਦਾ ਹੈ। ਬੁਪ੍ਰੇਨੋਰਫ਼ੀਨ ਤੇ ਨੈਲੋਕਸੋਨ ਦੀ ਦੁਰਵਰਤੋਂ ਨਹੀਂ ਹੋ ਸਕਦੀ ਅਤੇ ਉਹ ਸਿਰਫ਼ ਨਸ਼ਾ-ਪੀੜਤਾਂ ਲਈ ਵਰਤੀਆਂ ਜਾਂਦੀਆਂ ਹਨ।`


ਨਿਰੀਖਣ ਕਰਨ ਵਾਲੀਆਂ ਟੀਮਾਂ ਨੇ ਤਦ ਪਾਇਆ ਸੀ ਕਿ ਇਸ ਕੇਂਦਰ `ਤੇ ਇਲਾਜ ਦੇ ਪ੍ਰੋਟੋਕੋਲ ਦੀ ਪਾਲਣਾ ਸਹੀ ਢੰਗ ਨਾਲ ਨਹੀਂ ਹੋ ਰਹੀ। ਮਰੀਜ਼ਾਂ ਨੂੰ ਆਮ ਤੌਰ `ਤੇ ਬੁਪ੍ਰੇਨੋਰਫ਼ੀਨ ਤੇ ਨੈਲੋਕਸੋਨ ਜਿਹੀਆਂ ਦਵਾਈਆਂ ਦੀ ਖ਼ੁਰਾਕ ਪਹਿਲਾਂ ਦੇ ਮੁਕਾਬਲੇ ਹਰ ਵਾਰ ਘਟਾ ਕੇ ਦੇਣੀ ਹੁੰਦੀ ਹੈ ਪਰ ਇੱਥੇ ਕੁਝ ਮਰੀਜ਼ਾਂ ਨੂੰ ਇਹ ਡੋਜ਼ ਵਧਾ ਕੇ ਦਿੱਤੀ ਜਾ ਰਹੀ ਸੀ।


ਇਸ ਤੋਂ ਇਲਾਵਾ ਜਿੰਨੇ ਮਰੀਜ਼ ਇਸ ਕੇਂਦਰ `ਚ ਰਜਿਸਟਰਡ ਕੀਤੇ ਗਏ ਸਨ, ਉਨ੍ਹਾਂ ਦੀ ਗਿਣਤੀ ਦੇ ਮੁਕਾਬਲੇ ਦਵਾਈਆਂ ਵਧੇਰੇ ਮਾਤਰਾ `ਚ ਸਟੋਰ ਕਰ ਕੇ ਰੱਖੀਆਂ ਗਈਆਂ ਸਨ। ਕੇਂਦਰ `ਚ ਇੰਨੀਆਂ ਦਵਾਈਆਂ ਪਈਆਂ ਸਨ ਕਿ ਇੱਕ ਦਿਨ `ਚ 4,000 ਮਰੀਜ਼ਾਂ ਦਾ ਇਲਾਜ ਵੀ ਕੀਤਾ ਜਾ ਸਕਦਾ ਸੀ।


ਇਸ ਤੋਂ ਇਲਾਵਾ ਨਸ਼ਾ-ਪੀੜਤਾਂ ਦਾ ਇਲਾਜ ਕਰਦੇ ਸਮੇਂ ਉਨ੍ਹਾਂ ਨੂੰ ਦਵਾਈ ਲੈਣ ਲਈ ਜਾਂ ਤਾਂ ਰੋਜ਼ਾਨਾ ਨਸ਼ਾ-ਛੁਡਾਊ ਕੇਂਦਰ ਆਉਣਾ ਪੈਂਦਾ ਹੈ ਅਤੇ ਜਾਂ ਉਨ੍ਹਾਂ ਨੂੰ ਸਿਰਫ਼ ਦੋ ਕੁ ਦਿਨਾਂ ਦੀ ਦਵਾਈ ਹੀ ਦਿੱਤੀ ਜਾ ਸਕਦੀ ਹੈ। ਪਰ ਇਸ ਕੇਂਦਰ ਦੇ ਰਿਕਾਰਡ ਦਰਸਾਉਂਦੇ ਸਨ ਕਿ ਮਰੀਜ਼ਾਂ ਨੂੰ 40 ਦਿਨਾਂ ਤੱਕ ਦੀ ਦਵਾਈ ਵੀ ਦਿੱਤੀ ਗਈ ਸੀ।


ਇਸ ਤੋਂ ਇਲਾਵਾ ਨਿਰੀਖਣ ਕਰਨ ਵਾਲੀ ਟੀਮ ਨੂੰ ਰਜਿਸਟਰ `ਚ ਕੁਝ ਖ਼ਾਲੀ ਕਾਲਮ ਵੀ ਮਿਲੇ ਸਨ, ਜਿਨ੍ਹਾਂ ਨੂੰ ਕਦੇ ਵੀ ਆਪਣੀ ਮਰਜ਼ੀ ਮੁਤਾਬਕ ਵਰਤਿਆ ਜਾ ਸਕਦਾ ਸੀ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Licence of Kharar DeAddiction Centre cancelled