ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਵੱਲੋਂ ਅੱਜ ਮਿਊਂਸੀਪਲ ਭਵਨ, ਸੈਕਟਰ-35, ਚੰਡੀਗੜ੍ਹ ਵਿਖੇ ਦੀਨ ਦਿਆਲ ਉਪਾਧਿਯਾ-ਨੈਸ਼ਨਲ ਅਰਬਨ ਲਾਈਵਲੀਹੁੱਡ ਮਿਸ਼ਨ ਸਕੀਮ ਅਧੀਨ ਬਣਾਏ ਸਵੈ ਸਹਾਇਤਾ ਗਰੁੱਪਾਂ ਦੇ ਹੱਥੀਂ ਬਣਾਏ ਉਤਪਾਦਾਂ ਦੀ ਸੂਬਾ ਪੱਧਰੀ ਵਰਕਸ਼ਾਪ ਕਮ ਪ੍ਰਦਰਸ਼ਨੀ ਲਗਾਈ। ਇਸ ਵਰਕਸ਼ਾਪ ਦਾ ਉਦਘਾਟਨ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਏ. ਵੇਨੂੰ ਪ੍ਰਸ਼ਾਦ ਨੇ ਕੀਤਾ।
ਇਹ ਜਾਣਕਾਰੀ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਸਰਕਾਰੀ ਬੁਲਾਰੇ ਨੇ ਦਿੱਤੀ। ਉਨ੍ਹਾਂ ਕਿਹਾ ਕਿ ਆਪਣੇ ਸੰਬੋਧਨ ਵਿੱਚ ਸ੍ਰੀ ਏ. ਵੇਨੂੰ ਪ੍ਰਸ਼ਾਦ ਨੇ ਸਵੈ ਸਹਾਇਤਾ ਗਰੁੱਪਾਂ ਦੁਆਰਾ ਬਣਾਏ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਦੇ ਢੰਗ-ਤਰੀਕਿਆਂ ਬਾਰੇ ਸੁਝਾਅ ਦਿੱਤੇ। ਉਨ੍ਹਾਂ ਕਈ ਮਾਰਕੀਟ ਰਣਨੀਤੀਆਂ 'ਤੇ ਵੀ ਚਾਨਣਾ ਪਾਇਆ ਜਿਨ੍ਹਾਂ ਨਾਲ ਸਵੈ ਸਹਾਇਤਾ ਗਰੁੱਪਾਂ ਵੱਲੋਂ ਬਣਾਏ ਉਤਪਾਦ ਉਪਭੋਗਤਾਵਾਂ ਦਾ ਧਿਆਨ ਖਿੱਚ ਸਕਦੇ ਹਨ।
ਇਸ ਵਰਕਸ਼ਾਪ ਦਾ ਮੁੱਖ ਆਕਰਸ਼ਣ ਸਵੈ ਸਹਾਇਤਾ ਗਰੁੱਪਾਂ ਦੁਆਰਾ ਬਣਾਏ ਉਤਪਾਦਾਂ ਦੀ ਸੂਬਾ ਪੱਧਰੀ ਪ੍ਰਦਰਸ਼ਨੀ ਕਮ ਵਿਕਰੀ ਸੀ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਨੁਮਾਇੰਦਗੀ ਕਰ ਰਹੇ ਸਵੈ-ਸਹਾਇਤਾ ਗਰੁੱਪਾਂ ਵੱਲੋਂ 32 ਤੋਂ ਵੱਧ ਸਟਾਲ ਲਗਾਏ ਗਏ ਜਿਨ੍ਹਾਂ ਵਿੱਚ ਵੱਖ-ਵੱਖ ਹੈਂਡਲੂਮ, ਹੱਥ ਸ਼ਿਲਪਾਂ, ਸਨੈਕਸ, ਹੱਥ ਨਾਲ ਬਣੀਆਂ ਲੋਹੇ ਦੀਆਂ ਚੀਜ਼ਾਂ, ਫੁਲਕਾਰੀ, ਆਰਗੈਨਿਕ ਲੱਡੂ, ਅਨਾਜ, ਬੈਗ, ਸਜਾਵਟੀ ਵਸਤੂਆਂ, ਰੇਸ਼ਮ ਦੇ ਉਤਪਾਦ ਅਤੇ ਹੱਥ ਨਾਲ ਬਣੇ ਹੋਰ ਉਤਪਾਦ ਸ਼ਾਮਲ ਸਨ।
ਸਵੈ ਸਹਾਇਤਾ ਗਰੁੱਪਾਂ ਵੱਲੋਂ ਕਰੀਬ 1 ਲੱਖ ਰੁਪਏ ਦੇ ਉਤਪਾਦ ਵੇਚੇ ਗਏ। ਇਸ ਪ੍ਰਦਰਸ਼ਨੀ ਦਾ ਉਦਘਾਟਨ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਕਮ ਮਿਸ਼ਨ ਡਾਇਰੈਕਟਰ ਐਨ.ਯੂ.ਐਲ.ਐਮ ਸ੍ਰੀ ਕਰਨੇਸ਼ ਸ਼ਰਮਾ ਨੇ ਕੀਤਾ।