ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਨੌਜਵਾਨਾਂ ਵਿੱਚ ਉਤਸ਼ਾਹ
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਬਾਬਾ ਨਾਨਕ ਦੀ ਚਰਨ ਛੋਹ ਪ੍ਰਾਪਤ ਧਰਤੀ ਸੁਲਤਾਨਪੁਰ ਲੋਧੀ ਵਿੱਚ ਸਥਾਪਤ ਮੁੱਖ ਪੰਡਾਲ ਗੁਰੂ ਨਾਨਕ ਦਰਬਾਰ ਵਿੱਚ ਚੱਲ ਰਹੇ ਸਮਾਗਮਾਂ ਪ੍ਰਤੀ ਲੋਕਾਂ ਖਾਸ ਕਰਕੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਜਿਥੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਨੌਜਵਾਨ ਇਥੇ ਮੱਥਾ ਟੇਕਣ ਲਈ ਪਹੁੰਚ ਰਹੇ ਹਨ ਉਥੇ ਮੁੱਖ ਪੰਡਾਲ ਦੇ ਬਾਹਰ ਸਥਾਪਤ 550ਵੇਂ ਪ੍ਰਕਾਸ਼ ਪੁਰਬ ਨੂੰ ਦਰਸਾਉਂਦਾ 550 ਦਾ ਨਿਸ਼ਾਨ ਲੋਕਾਂ ਵਿੱਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਖ਼ਾਸ ਕਰ ਕੇ ਨੌਜਵਾਨਾਂ ਲਈ ਤਾਂ ਇਹ ਸੈਲਫੀ ਪੁਆਇੰਟ ਬਣ ਗਿਆ ਹੈ, ਜਿਥੇ ਵੱਡੀ ਗਿਣਤੀ ਵਿੱਚ ਨੌਜਵਾਨ ਆਪਣੇ ਦੋਸਤਾਂ ਨਾਲ ਸੈਲਫੀ ਲੈ ਰਹੇ ਹਨ।
ਪਰਿਵਾਰ ਸਮੇਤ ਯਾਦਗਾਰੀ ਤਸਵੀਰਾਂ ਲੈਣ ਲਈ ਲੱਗੀ ਲੋਕਾਂ ਦੀ ਭੀੜ
ਪਿੰਡ ਬਹੋੜ ਜਲਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਏ ਨਵਪ੍ਰੀਤ ਸਿੰਘ ਨੇ ਆਪਣੇ ਕਾਲਜ ਦੇ ਦੋਸਤਾਂ ਨਾਲ ਸੈਲਫੀ ਲੈਂਦਿਆਂ ਕਿਹਾ ਕਿ ਉਹ ਇਸ ਨੂੰ ਵਟਸਐਪ, ਫੇਸ ਬੁੱਕ ਅਤੇ ਇੰਸਟਾਗ੍ਰਾਮ 'ਤੇ ਪੋਸਟ ਕਰ ਕੇ ਆਪਣੇ ਬਾਕੀ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸਾਂਝਾ ਕਰੇਗਾ ਤਾਂ ਜੋ ਉਹ ਵੀ ਇਥੇ ਪਹੁੰਚ ਕੇ ਅਜਿਹੇ ਅਨਮੋਲ ਪਲਾਂ ਨੂੰ ਆਪਣੇ ਮੋਬਾਇਲਾਂ ਅਤੇ ਕੈਮਰਿਆਂ ਵਿੱਚ ਕੈਦ ਕਰ ਸਕਣ।
ਖਿਲਚੀਆਂ ਤੋਂ ਪੁੱਜੇ ਅਰਸ਼ਦੀਪ ਸਿੰਘ ਨੇ ਆਪਣੀ ਮਾਤਾ ਨਾਲ ਸੈਲਫੀ ਲੈਣ ਮਗਰੋਂ ਕਿਹਾ ਕਿ ਉਹ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਮੰਨਦਾ ਹੈ ਕਿ ਉਸ ਨੂੰ ਇਨ੍ਹਾਂ ਸਮਾਗਮਾਂ ਵਿੱਚ ਆਪਣੀ ਮਾਤਾ ਜੀ ਨਾਲ ਸ਼ਿਰਕਤ ਕਰਨ ਦਾ ਮੌਕਾ ਮਿਲਿਆ। ਉਸ ਨੇ ਕਿਹਾ ਕਿ ਉਹ ਵੀ ਆਪਣੀ ਮਾਤਾ ਨਾਲ ਲਈ ਸੈਲਫੀ ਸੋਸ਼ਲ ਮੀਡੀਆ ਰਾਹੀਂ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸਾਂਝੀ ਕਰੇਗਾ।
ਇਸੇ ਤਰ੍ਹਾਂ 550 ਸਾਲਾ ਦੇ ਚਿੰਨ ਨੇੜੇ ਪਰਿਵਾਰਾਂ ਨਾਲ ਸੈਲਫੀਜ਼ ਅਤੇ ਤਸਵੀਰਾਂ ਲੈਣ ਲਈ ਵੀ ਲੋਕਾਂ ਦੀ ਭੀੜ ਲੱਗੀ ਹੋਈ ਸੀ। ਪਤਨੀ ਅਤੇ ਨੰਨੇ ਬੱਚੇ ਸਮੇਤ ਸੈਲਫੀ ਲੈਂਦਿਆਂ ਕੇਹਰ ਸਿੰਘ ਨੇ ਕਿਹਾ ਕਿ ਉਹ ਦਿੱਲੀ ਤੋਂ ਵਿਸ਼ੇਸ਼ ਤੌਰ 'ਤੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਵਿੱਚ ਸ਼ਿਰਕਤ ਕਰਨ ਲਈ ਆਏ ਹਨ ਅਤੇ ਇਥੇ ਆ ਕੇ ਬੇਹੱਦ ਖੁਸ਼ੀ ਮਹਿਸੂਸ ਕਰ ਰਹੇ ਹਨ।