ਸੰਗਰੂਰ ਦੇ ਲੌਂਗੋਵਾਲ 'ਚ ਸਨਿੱਚਵਾਰ ਦੁਪਹਿਰ ਸਕੂਲ ਵੈਨ 'ਚ ਅੱਗ ਲੱਗਣ ਕਾਰਨ 4 ਬੱਚਿਆਂ ਦੀ ਸੜ ਕੇ ਮੌਤ ਹੋ ਗਈ ਸੀ। ਵੈਨ 'ਚ 12 ਬੱਚੇ ਸਵਾਰ ਸਨ, ਜਿਨ੍ਹਾਂ 'ਚੋਂ 8 ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ। ਅੱਜ ਐਤਵਾਰ ਸਵੇਰੇ ਇਨ੍ਹਾਂ ਚਾਰਾਂ ਬੱਚਿਆਂ ਦਾ ਰਾਮਬਾਗ ਲੌਂਗੋਵਾਲ 'ਚ ਇਕੱਠਿਆਂ ਅੰਤਮ ਸਸਕਾਰ ਕੀਤਾ ਗਿਆ।
ਇਸ ਹਾਦਸੇ ਸਮੇਂ ਵੈਨ 'ਚ 13 ਸਾਲਾ ਅਮਨਦੀਪ ਕੌਰ ਵੀ ਬੈਠੀ ਹੋਈ ਸੀ, ਜਿਸ ਨੇ ਸਮਝਦਾਰੀ ਵਿਖਾਉਂਦਿਆਂ ਵੈਨ ਅੰਦਰ ਬੈਠੇ 4 ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਸੀ। ਅਮਨਦੀਪ ਕੌਰ ਵੱਲੋਂ ਵਿਖਾਈ ਗਈ ਇਸ ਬਹਾਦਰੀ ਲਈ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸ਼ਲਾਘਾ ਕੀਤੀ ਹੈ।
ਮੁੱਖ ਮੰਤਰੀ ਨੇ ਟਵੀਟ ਕੀਤਾ, "ਮੈਂ 14 ਸਾਲਾ ਅਮਨਦੀਪ ਕੌਰ ਦੀ ਬਹਾਦਰੀ ਅਤੇ ਹੌਸਲੇ ਨੂੰ ਸਲਾਮ ਕਰਦਾ ਹਾਂ, ਜਿਸ ਨੇ ਬੀਤੇ ਦਿਨੀਂ ਸਕੂਲ ਵੈਨ 'ਚ ਅੱਗ ਲੱਗਣ ਤੋਂ ਬਾਅਦ ਆਪਣੀ ਜਾਨ ਜ਼ੋਖਮ 'ਚ ਪਾ ਕੇ 4 ਬੱਚਿਆਂ ਨੂੰ ਬਚਾਇਆ ਸੀ। ਮੈਨੂੰ ਤੁਹਾਡੇ 'ਤੇ ਬਹੁਤ ਮਾਣ ਹੈ ਅਤੇ ਮੈਂ ਤੁਹਾਨੂੰ ਛੇਤੀ ਹੀ ਮਿਲਾਂਗਾ।"
I salute the extraordinary bravery & valour of 14 year old Amandeep Kaur who risked her life to put out the fire in the school van yesterday and also rescued 4 children from the van. I am so proud of you and I am looking forward to meeting you. pic.twitter.com/tOuGgqyK3N
— Capt.Amarinder Singh (@capt_amarinder) February 16, 2020
ਦੱਸ ਦਈਏ ਕਿ ਇਸ ਹਾਦਸੇ ਵਿਚ 4 ਬੱਚਿਆਂ ਮੌਤ ਹੋ ਗਈ ਸੀ ਪਰ ਵੈਨ ਵਿਚ ਸਵਾਰ ਬਾਕੀ 12 ਬੱਚਿਆਂ ਨੂੰ ਬਚਾ ਲਿਆ ਗਿਆ ਸੀ। ਹਾਦਸੇ ਸਮੇਂ ਅਮਨਦੀਪ ਕੌਰ ਵੀ ਵੈਨ ਵਿਚ ਸਵਾਰ ਸੀ। ਉਸ ਨੂੰ ਹੀ ਸਭ ਤੋਂ ਪਹਿਲਾਂ ਅੱਗ ਲੱਗਣ ਦਾ ਪਤਾ ਲੱਗਾ ਸੀ। ਉਸ ਨੇ ਵੈਨ ਦਾ ਸ਼ੀਸ਼ਾ ਤੋੜ ਕੇ ਚਾਰ ਬੱਚਿਆਂ ਨੂੰ ਬਾਹਰ ਕੱਢ ਲਿਆ।
ਦੱਸ ਦੇਈਏ ਕਿ ਬੱਚਿਆਂ ਨੂੰ ਘਰ ਲਿਜਾ ਰਹੀ ਵੈਨ ਨੂੰ ਸਕੂਲ ਤੋਂ ਕੁਝ ਦੂਰੀ 'ਤੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਸੀ। ਵੈਨ ਦੇ ਅੰਦਰ ਬੈਠੀ ਵਿਦਿਆਰਥਣ ਅਮਨਦੀਪ ਕੌਰ ਮੁਤਾਬਕ ਰਾਹਗੀਰ ਨੇ ਅੱਗ ਨੂੰ ਦੇਖ ਕੇ ਰੌਲਾ ਪਾਇਆ ਅਤੇ ਵੈਨ ਨੂੰ ਰੋਕਿਆ। ਉਹ ਅੰਦਰੋਂ ਗੇਟ ਖੋਲ੍ਹਣਾ ਚਾਹੁੰਦੀ ਸੀ ਪਰ ਗੇਟ ਨਹੀਂ ਖੁੱਲ੍ਹਿਆ। ਅਚਾਨਕ ਉਸ ਦੇ ਹੱਥ ਵਿੱਚ ਲੋਹੇ ਦੀ ਚੀਜ਼ ਆਉਣ ਨਾਲ ਉਸ ਨੇ ਵੈਨ ਦਾ ਸ਼ੀਸ਼ਾ ਤੋੜਿਆ ਅਤੇ ਵੈਨ ਵਿੱਚੋਂ ਮੂੰਹ ਬਾਹਰ ਕੱਢਿਆ ਅਤੇ ਬਾਹਰੋਂ ਗੇਟ ਖੋਲ੍ਹਿਆ। ਜਿਵੇਂ ਹੀ ਉਹ ਬਾਹਰ ਆਈ ਉਸ ਨੇ ਅਨਮੋਲ, ਅਰਸ਼ਦੀਪ ਕੌਰ, ਕਰਨ ਅਤੇ ਇੱਕ ਹੋਰ ਬੱਚੇ ਨੂੰ ਖਿੱਚ ਕੇ ਬਾਹਰ ਕੱਢ ਲਿਆ ਸੀ।