ਸੰਗਰੂਰ ਦੇ ਲੌਂਗੋਵਾਲ 'ਚ ਸਨਿੱਚਵਾਰ ਦੁਪਹਿਰ ਸਕੂਲ ਵੈਨ 'ਚ ਅੱਗ ਲੱਗਣ ਕਾਰਨ 4 ਬੱਚਿਆਂ ਦੀ ਸੜ ਕੇ ਮੌਤ ਹੋ ਗਈ ਸੀ। ਵੈਨ 'ਚ 12 ਬੱਚੇ ਸਵਾਰ ਸਨ, ਜਿਨ੍ਹਾਂ 'ਚੋਂ 8 ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ। ਅੱਜ ਐਤਵਾਰ ਸਵੇਰੇ ਇਨ੍ਹਾਂ ਚਾਰਾਂ ਬੱਚਿਆਂ ਦਾ ਰਾਮਬਾਗ ਲੌਂਗੋਵਾਲ 'ਚ ਇਕੱਠਿਆਂ ਅੰਤਮ ਸਸਕਾਰ ਕੀਤਾ ਗਿਆ।
ਮ੍ਰਿਤਕ ਬੱਚਿਆਂ ਦੀ ਪਛਾਣ ਸਿਮਰਜੀਤ ਸਿੰਘ, ਆਰਾਧਿਆ, ਕਮਲਪ੍ਰੀਤ ਕੌਰ ਅਤੇ ਨਵਜੋਤ ਕੌਰ ਵਜੋਂ ਹੋਈ ਹੈ। ਇਸ ਮੌਕੇ ਵੱਡੀ ਗਿਣਤੀ 'ਚ ਇਕੱਠੇ ਹੋਏ ਲੋਕ ਭੁੱਬਾਂ ਮਾਰ ਰੋਏ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਇਨ੍ਹਾਂ ਮਾਸੂਮ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਤੋਂ ਬਾਅਦ ਅੱਜ ਸਵੇਰੇ ਸੰਗਰੂਰ ਤੋਂ ਕਾਂਗਰਸ ਦੀ ਹਲਕਾ ਇੰਚਾਰਜ ਦਾਮਨ ਥਿੰਦ ਬਾਜਵਾ ਅਤੇ ਉਨ੍ਹਾਂ ਦੇ ਪਤੀ ਹਰਮਨ ਦੇਵ ਬਾਜਵਾ ਐਂਬੂਲੈਂਸ ਰਾਹੀਂ ਰਾਮ ਬਾਗ ਲੈ ਕੇ ਪਹੁੰਚੇ। ਚਿੱਟੇ ਕੱਪੜਿਆਂ 'ਚ ਲਪੇਟੀਆਂ ਬੱਚਿਆਂ ਦੀਆਂ ਲਾਸ਼ਾਂ ਜਿਵੇਂ ਹੀ ਐਂਬੂਲੈਂਸ ਵਿੱਚੋਂ ਬਾਹਰ ਕੱਢੀਆਂ ਗਈਆਂ ਤਾਂ ਚਾਰੇ ਪਾਸੇ ਮਾਤਮ ਛਾ ਗਿਆ ਅਤੇ ਹਰ ਕੋਈ ਭੁੱਬਾਂ ਮਾਰ ਰੋ ਪਿਆ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਸ.ਡੀ.ਐਮ. ਸੰਗਰੂਰ ਬਬਨਜੀਤ ਸਿੰਘ, ਨਾਇਬ ਤਹਿਸੀਲਦਾਰ ਊਸ਼ਾ ਰਾਣੀ, ਡੀ.ਐਸ.ਪੀ ਸੁਨਾਮ ਥਾਣਾ ਲੌਂਗੋਵਾਲ ਦੇ ਮੁਖੀ ਬਲਬੰਤ ਸਿੰਘ, ਗੁਰਮੀਤ ਸਿੰਘ ਐਸ.ਪੀ ਸੰਗਰੂਰ ਸੁਖਚਰਨ ਸਿੰਘ ਸਮੇਤ ਵੱਡੀ ਗਿਣਤੀ 'ਚ ਇਲਾਕੇ ਦੇ ਲੋਕ ਹਾਜ਼ਰ ਸਨ। ਬੱਚਿਆਂ ਦੀ ਮੌਤ ਦੇ ਸੋਗ 'ਚ ਲੌਂਗੋਵਾਲ ਦੇ ਬਾਜ਼ਾਰ ਬੰਦ ਰਹੇ।
ਹਾਦਸੇ ਤੋਂ ਬਾਅਦ ਪੁਲਿਸ ਵੱਲੋਂ ਤੁਰੰਤ ਹਿਰਾਸਤ 'ਚ ਲਏ ਗਏ ਸਕੂਲ ਅਧਿਆਪਕ ਤੇ ਹੋਰ ਸਟਾਫ ਦੇ ਕਰੀਬ 8 ਲੋਕਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਸਕੂਲ ਮਾਲਿਕ ਲਖਵਿੰਦਰ ਸਿੰਘ ਲੱਕੀ ਅਤੇ ਡਰਾਈਵਰ ਦਲਵੀਰ ਸਿੰਘ ਨੂੰ ਪੁਲਿਸ ਨੇ ਸਨਿੱਚਰਵਾਰ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਤੋਂ ਹਿਰਾਸਤ 'ਚ ਲੈ ਲਿਆ ਸੀ।
ਸਸਕਾਰ ਮੌਕੇ ਹਰ ਕੋਈ ਸਕੂਲ ਨੂੰ ਕੋਸਦਾ ਨਜ਼ਰ ਆਇਆ। ਲੋਕਾਂ ਨੇ ਇਸ ਨੂੰ ਲਾਪਰਵਾਹੀ ਨਹੀਂ ਸਗੋਂ ਕਤਲ ਦੱਸਿਆ। ਕਤਲ ਇਸ ਲਈ ਕਿਉਂਕਿ ਸਕੂਲ ਨੂੰ ਪਤਾ ਸੀ ਕਿ ਵੈਨ ਕੰਡਮ ਹੈ। ਜ਼ਿਕਰਯੋਗ ਹੈ ਕਿ ਇਹ ਬੱਸ ਸਿਮਰਨ ਪਬਲਿਕ ਸਕੂਲ ਦੀ ਸੀ, ਜੋਕਿ ਦੁਪਹਿਰ 2 ਵਜੇ ਦੇ ਕਰੀਬ 12 ਬੱਚਿਆਂ ਨੂੰ ਲੈ ਕੇ ਸਕੂਲ ਵਿੱਚੋਂ ਨਿਕਲੀ ਸੀ। ਲਗਭਗ 200 ਮੀਟਰ ਦੀ ਦੂਰੀ 'ਤੇ ਜਾ ਕੇ ਇਹ ਵੈਨ ਭਿਆਨਕ ਅੱਗ ਦਾ ਸ਼ਿਕਾਰ ਹੋ ਗਈ ਅਤੇ ਮੌਕੇ 'ਤੇ ਹੀ 4 ਬੱਚਿਆਂ ਦੀ ਮੌਤ ਹੋ ਗਈ, ਜਦਕਿ 8 ਬੱਚਿਆਂ ਨੂੰ ਨੇੜੇ ਹੀ ਖੇਤਾਂ 'ਚ ਕੰਮ ਕਰ ਰਹੇ ਲੋਕਾਂ ਨੇ ਬਾਹਰ ਕੱਢ ਲਿਆ ਸੀ।