ਐੱਨਆਰਆਈ ਸਭਾ (NRI Sabha) ਦੇ ਪ੍ਰਧਾਨ ਦੀ ਚੋਣਾਂ ਲਈ ਅੱਜ ਸਨਿੱਚਰਵਾਰ ਬਾਅਦ ਦੁਪਹਿਰ ਤੱਕ ਬਹੁਤ ਘੱਟ ਪ੍ਰਵਾਸੀ–ਪੰਜਾਬੀ ਵੋਟਾਂ ਪਾਉਣ ਲਈ ਅੱਪੜੇ।
ਅੱਜ ਬਾਅਦ ਦੁਪਹਿਰ 12:45 ਵਜੇ ਤੱਕ ਸਿਰਫ਼ 151 ਐੱਨਆਰਆਈਜ਼ ਨੇ ਹੀ ਵੋਟਾਂ ਪਾਈਆਂ ਸਨ। ਚੋਣ ਅਧਿਕਾਰੀਆਂ ਨੂੰ ਇਸ ਵਰ੍ਹੇ ਘੱਟ ਵੋਟਰਾਂ ਦੇ ਅੱਪੜਨ ਦਾ ਖ਼ਦਸ਼ਾ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 1,624 ਵੋਟਾਂ ਪਈਆਂ ਸਨ ਤੇ ਜਸਬੀਰ ਸਿੰਘ ਸ਼ੇਰਗਿੱਲ 197 ਵੋਟਾਂ ਦੇ ਫ਼ਰਕ ਨਾਲ ਜਿੱਤੇ ਸਨ।
ਇੱਕ ਪ੍ਰਸ਼ਾਸਕੀ ਅਧਿਕਾਰੀ ਨੇ ਦੱਸਿਆ ਕਿ ਇਸ ਵਾਰ ਵੋਟਰਾਂ ’ਚ ਬਹੁਤ ਘੱਟ ਉਤਸ਼ਾਹ ਹੈ। ਅੱਜ ਸਵੇਰ ਤੱਕ ਪ੍ਰਧਾਨਗੀ ਲਈ ਕ੍ਰਿਪਾਲ ਸਿੰਘ ਸਹੋਤਾ, ਜਸਬੀਰ ਸਿੰਘ ਗਿੱਲ ਅਤੇ ਪ੍ਰੀਤਮ ਸਿੰਘ ਮੁੱਖ ਤੌਰ ’ਤੇ ਚੋਣ–ਮੈਦਾਨ ’ਚ ਸਨ।
ਪਰ ਸ੍ਰੀ ਪ੍ਰੀਤਮ ਸਿੰਘ ਨੇ ਅੱਜ ਸਨਿੱਚਰਵਾਰ ਸਵੇਰੇ ਸ੍ਰੀ ਕ੍ਰਿਪਾਲ ਸਿੰਘ ਦੇ ਹੱਕ ਵਿੱਚ ਆਪਣੀ ਉਮੀਦਵਾਰੀ ਵਾਪਸ ਲੈ ਲਈ ਹੈ।
ਇੱਕ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਇਸ ਵਾਰ ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਬਹੁਤੇ ਵੋਟਰਾਂ ਦੇ ਨਾ ਅੱਪੜਨ ਦਾ ਖ਼ਦਸ਼ਾ ਬਣਿਆ ਹੋਇਆ ਹੈ।
ਉਂਝ ਕੁੱਲ 22,923 ਵੋਟਰ ਇਸ ਐੱਨਆਰਆਈ ਸਭਾ ਨਾਲ ਰਜਿਸਟਰਡ ਹਨ। ਉਹ ਅੱਜ ਸ਼ਾਮੀਂ 5:00 ਵਜੇ ਤੱਕ ਵੋਟਾਂ ਪਾ ਸਕਦੇ ਹਨ।
ਏਡੀਸੀ ਸ੍ਰੀ ਜਸਬੀਰ ਸਿੰਘ ਨੇ ਦੱਸਿਆ ਕਿ ਐੱਨਆਰਆਈ ਸਭਾ ਦੇ ਚੁਣੇ ਜਾਣ ਵਾਲੇ ਪ੍ਰਧਾਨ ਦਾ ਕਾਰਜਕਾਲ ਦੋ ਵਰ੍ਹੇ ਹੋਵੇਗਾ। ਸਿਰਫ਼ ਰਜਿਸਟਰਡ ਐੱਨਆਰਆਈ ਵੋਟਰ ਹੀ ਵੋਟ ਪਾਉਣ ਲਈ ਯੋਗ ਹਨ ਤੇ ਕੋਈ ਉਮੀਦਵਾਰ ਵੋਟ ਨਹੀਂ ਪਾ ਸਕਦਾ।
ਵੋਟਾਂ ਪਾਉਣ ਤੇ ਫਿਰ ਉਨਾਂ ਦੀ ਗਿਣਤੀ ਤੱਕ ਸਾਰੀ ਪ੍ਰਕਿਰਿਆ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਹੇਠ ਹੋਵੇਗੀ। ਐੰਨਆਰਆਈ ਸਭਾ ਦੇ ਅੰਦਰ 12 ਪੋਲਿੰਗ ਬੂਥ ਬਣਾਏ ਗਏ ਹਨ।