ਪੰਜਾਬ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਹੁਣ ਜ਼ਿਲ੍ਹਾ ਲੁਧਿਆਣੇ 'ਚ ਕੋਰੋਨਾ ਵਾਇਰਸ ਦਾ ਪਹਿਲਾ ਪਾਜੀਟਿਵ ਮਾਮਲਾ ਸਾਹਮਣੇ ਆਇਆ ਹੈ। 51 ਸਾਲਾ ਔਰਤ ਦੀ ਕੋਰੋਨਾ ਟੈਸਟ ਰਿਪੋਰਟ ਪਾਜੀਟਿਵ ਆਈ ਹੈ।
ਇਸ ਔਰਤ ਦਾ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਸੀ। ਪਰਿਵਾਰਕ ਮੈਂਬਰਾਂ ਮੁਤਾਬਿਕ ਇਸ ਔਰਤ ਨੇ ਕਿਸੇ ਵਿਦੇਸ਼ੀ ਦੇਸ਼ ਦੀ ਯਾਤਰਾ ਨਹੀਂ ਕੀਤੀ ਹੈ। ਇਸ ਔਰਤ ਦੀ ਪਾਜੀਟਿਵ ਰਿਪੋਰਟ ਆਉਣ ਦੀ ਪੁਸ਼ਤੀ ਡਿਪਟੀ ਕਮਿਸ਼ਨ ਪ੍ਰਦੀਪ ਅਗਰਵਾਲ ਨੇ ਕੀਤੀ ਹੈ।
ਕੁਝ ਦਿਨ ਪਹਿਲਾਂ ਬੁਖਾਰ-ਜੁਕਾਮ ਦੀ ਸ਼ਿਕਾਇਤ ਤੋਂ ਬਾਅਦ ਉਸ ਦੇ ਖੂਨ ਅਤੇ ਥੁੱਕ ਦੇ ਸੈਂਪਲ ਜਾਂਚ ਲਈ ਪੁਣੇ ਲੈਬ 'ਚ ਭੇਜੇ ਗਏ ਸਨ।
ਸੂਤਰਾਂ ਮੁਤਾਬਕ ਇਹ ਔਰਤ ਕੁਝ ਦਿਨ ਪਹਿਲਾਂ ਸਪੇਨ ਤੋਂ ਪੰਜਾਬ ਪਰਤੀ ਸੀ। ਇਹ ਔਰਤ ਸ਼ਹਿਰੀ ਇਲਾਕੇ 'ਚ ਰਹਿੰਦੀ ਹੈ। ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਵਧਾਨੀ ਵਜੋਂ ਇਸ ਔਰਤ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਨੇੜਲੇ ਲੋਕਾਂ ਦੇ ਸੈਂਪਲ ਜਾਂਚ ਲਈ ਭੇਜ ਦਿੱਤੇ ਹਨ।
ਦੱਸ ਦੇਈਏ ਕਿ ਹੁਣ ਪੰਜਾਬ ’ਚ ਕੋਰੋਨਾ ਵਾਇਰਸ ਤੋਂ ਪੀੜਤ (ਪਾਜੀਟਿਵ) ਮਰੀਜ਼ਾਂ ਦੀ ਗਿਣਤੀ ਵੱਧ ਕੇ 30 ਹੋ ਗਈ ਹੈ। ਅੱਜ ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਜ਼ਿਲ੍ਹਿਆਂ ’ਚ ਤਿੰਨ–ਤਿੰਨ ਹੋਰ ਭਾਵ ਕੁੱਲ 6 ਹੋਰ ਮਾਮਲੇ ਆਏ ਸਨ।