ਅਗਲੀ ਕਹਾਣੀ

ਲੁਧਿਆਣਾ-ਦਿੱਲੀ ਉਡਾਣ ਰੱਦ ਹੋਣ ਕਾਰਨ ਯਾਤਰੀ ਹੋਏ ਡਾਢੇ ਪਰੇਸ਼ਾਨ

ਲੁਧਿਆਣਾ-ਦਿੱਲੀ ਉਡਾਣ ਰੱਦ ਹੋਣ ਕਾਰਨ ਯਾਤਰੀ ਹੋਏ ਡਾਢੇ ਪਰੇਸ਼ਾਨ

ਲੁਧਿਆਣਾ ਦੇ ਸਾਹਨੇਵਾਲ ਹਵਾਈ ਅੱਡੇ ਤੋਂ ਦਿੱਲੀ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਅੱਜ ਵੀਰਵਾਰ ਬਾਅਦ ਦੁਪਹਿਰ ਮੁਲਤਵੀ ਕਰ ਦਿੱਤੀ ਗਈ; ਜਿਸ ਕਾਰਨ 100 ਤੋਂ ਵੱਧ ਯਾਤਰੀ ਨਵੀਂ ਦਿੱਲੀ ਤੇ ਸਾਹਨੇਵਾਲ ਹਵਾਈ ਅੱਡਿਆਂ `ਤੇ ਫਸੇ ਰਹੇ।


ਦਿੱਲੀ ਤੋਂ ਢਾਈ ਵਜੇ ਤੋਂ ਬਾਅਦ ਰਵਾਨਗੀ ਪਾਉਣ ਵਾਲੀ ਉਡਾਣ ਰੱਦ ਕਰ ਦਿੱਤੀ ਗਈ। ਦੱਸਿਆ ਗਿਆ ਕਿ ਹਵਾਈ ਜਹਾਜ਼ ਦੇ ਟਾਇਰ ਵਿੱਚ ਅਚਾਨਕ ਕੋਈ ਤਕਨੀਕੀ ਖ਼ਰਾਬੀ ਆ ਜਾਣ ਕਾਰਨ ਅਜਿਹਾ ਕਰਨਾ ਪਿਆ। ਆਮ ਤੌਰ `ਤੇ ਇਹ ਉਡਾਣ ਸ਼ਾਮੀਂ ਚਾਰ ਵਜੇ ਸਾਹਨੇਵਾਲ ਪੁੱਜ ਜਾਂਦੀ ਹੈ ਤੇ ਫਿਰ ਉਹੀ ਜਹਾਜ਼ 4:25 ਵਜੇ ਨਵੀਂ ਦਿੱਲੀ ਲਈ ਰਵਾਨਾ ਹੁੰਦਾ ਹੈ।


ਸਾਹਨੇਵਾਲ ਹਵਾਈ ਅੱਡੇ ਦੇ ਡਾਇਰੈਕਟਰ ਆਨੰਦ ਸ਼ਰਮਾ ਨੇ ਦੱਸਿਆ ਕਿ ਦਰਅਸਲ ਉਡਾਣ ਦਿੱਲੀ ਤੋਂ ਰੱਦ ਹੋਈ ਹੈ ਤੇ ਜਿਸ ਕਾਰਨ ਲੁਧਿਆਣਾ ਤੋਂ ਵਾਪਸੀ ਉਡਾਣ ਆਪਣੇ-ਆਪ ਹੀ ਰੱਦ ਹੋ ਗਈ।


ਉਨ੍ਹਾਂ ਦੱਸਿਆ ਕਿ ਅਜਿਹੇ ਹਾਲਾਤ ਵਿੱਚ ਯਾਤਰੀਆਂ ਨੂੰ ਤਿੰਨ ਵਿਕਲਪ ਦਿੱਤੇ ਜਾਂਦੇ ਹਨ ਤੇ ਉਹ ਉਨ੍ਹਾਂ `ਚੋਂ ਕਿਸੇ ਇੱਕ ਨੂੰ ਚੁਣ ਸਕਦੇ ਹਨ - ਉਹ ਜਾਂ ਤਾਂ ਟੈਕਸੀ `ਤੇ ਆਪਣੇ ਟਿਕਾਣੇ ਲਈ ਰਵਾਨਾ ਹੋ ਸਕਦੇ ਹਨ ਤੇ ਏਅਰਲਾਈਨ ਵੱਲੋਂ ਸਾਰਾ ਖ਼ਰਚਾ ਦਿੱਤਾ ਜਾਂਦਾ ਹੈ ਜਾਂ ਉਨ੍ਹਾਂ ਦੀ ਟਿਕਟ ਕਿਸੇ ਹੋਰ ਸਮੇਂ ਲਈ ਮੁੜ ਬੁੱਕ ਕਰ ਦਿੱਤੀ ਜਾਂਦੀ ਹੈ ਅਤੇ ਜਾਂ ਉਹ ਰੱਦ ਹੋਈ ਉਡਾਣ ਲਈ ਪਹਿਲਾਂ ਦਿੱਤੇ ਆਪਣੇ ਪੈਸੇ ਵਾਪਸ ਲੈ ਸਕਦੇ ਹਨ।


ਸ੍ਰੀ ਸ਼ਰਮਾ ਨੇ ਦੱਸਿਆ ਕਿ ਜਿ਼ਆਦਾਤਰ ਯਾਤਰੀਆਂ ਨੇ ਆਪਣੇ ਪੈਸੇ ਵਾਪਸ ਹੀ ਮੁੜਵਾਏ ਸਨ। ਉਨ੍ਹਾਂ ਦੱਸਿਆ ਕਿ ਲੁਧਿਆਣਾ `ਚ ਸਭ ਕੁਝ ਯਾਤਰੀਆਂ/ਗਾਹਕਾਂ ਦੀ ਇੱਛਾ ਅਨੁਸਾਰ ਮੁਹੱਈਆ ਕਰਵਾਇਆ ਗਿਆ ਸੀ।


ਉੱਧਰ ਨਵੀਂ ਦਿੱਲੀ `ਚ ਫਸੇ ਰਹੇ ਯਾਤਰੂਆਂ ਨੇ ਦਾਅਵਾ ਕੀਤਾ ਕਿ ਉਡਾਣ ਅਚਾਨਕ ਰੱਦ ਹੋਣ ਤੋਂ ਬਾਅਦ ਉਨ੍ਹਾਂ ਨੂੰ ਆਪੋ-ਆਪਣਾ ਸਾਮਾਨ ਵਾਪਸ ਲੈਣ ਲਈ ਕਈ ਘੰਟੇ ਵਾਧੂ ਉਡੀਕ ਕਰਨੀ ਪਈ। ਇੱਕ ਯਾਤਰੀ ਨੇ ਫ਼ੋਨ `ਤੇ ‘ਹਿੰਦੁਸਤਾਨ ਟਾਈਮਜ਼` ਨੂੰ ਦੱਸਿਆ ਕਿ ਟਿਕਟ ਦੇ ਪਹਿਲਾਂ ਦਿੱਤੇ ਪੈਸੇ ਵਾਪਸ ਲੈਣ ਜਾਂ ਕਿਸੇ ਹੋਰ ਸਮੇਂ ਲਈ ਟਿਕਟ ਬੁੱਕ ਟਿਕਟ ਕਰਵਾਉਣ ਵਿੱਚ ਵੀ ਬਹੁਤ ਜਿ਼ਆਦਾ ਸਮਾਂ ਲੱਗਦਾ ਰਿਹਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ludhiana Delhi flight cancelled passengers harried