ਪੰਜਾਬ 'ਚ ਕੋਰੋਨਾ ਵਾਇਰਸ ਦੇ ਅੰਕੜੇ ਲਗਾਤਾਰ ਵੱਧ ਰਹੇ ਹਨ। ਅੱਜ ਵੀਰਵਾਰ ਨੂੰ ਜ਼ਿਲ੍ਹਾ ਲੁਧਿਆਣਾ 'ਚ 4 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਹਨ। ਹੁਣ ਲੁਧਿਆਣਾ ਜ਼ਿਲ੍ਹੇ 'ਚ ਕੁਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 145 ਹੋ ਗਈ ਹੈ।
ਅੱਜ ਜਿਹੜੇ 4 ਨਵੇਂ ਮਰੀਜ਼ ਮਿਲੇ ਹਨ, ਉਨ੍ਹਾਂ 'ਚ ਰੇਲਵੇ ਕਾਲੋਨੀ ਵਾਸੀ 31 ਸਾਲਾ ਵਿਅਕਤੀ, ਪਿੰਡ ਲਾਲਤੋਂ ਕਲਾਂ ਵਾਸੀ 71 ਸਾਲਾ ਬਜ਼ੁਰਗ, ਭਾਈ ਹਿੰਮਤ ਸਿੰਘ ਨਗਰ ਨੇੜੇ ਦੁਗਰੀ ਵਾਸੀ 50 ਸਾਲਾ ਔਰਤ ਅਤੇ ਅੰਬੇਦਕਰ ਨਗਰ ਵਾਸੀ ਇੱਕ ਵਿਅਕਤੀ ਸ਼ਾਮਲ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ।
ਡਾ. ਬੱਗਾ ਨੇ ਕਿਹਾ ਕਿ ਤਿੰਨ ਪਾਜ਼ੀਟਿਵ ਮਰੀਜ਼ਾਂ ਦੀਆਂ ਰਿਪੋਰਟਾਂ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ (ਜੀ.ਐਮ.ਸੀ.) ਤੋਂ ਪ੍ਰਾਪਤ ਹੋਈਆਂ ਹਨ, ਜਦਕਿ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਤੋਂ ਪ੍ਰਾਪਤ ਰਿਪੋਰਟਾਂ 'ਚ ਇੱਕ ਪਾਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਵੇਂ ਕੇਸਾਂ 'ਚ ਕੋਈ ਵੀ ਨਾਂਦੇੜ ਸਥਿੱਤ ਗੁਰਦੁਆਰਾ ਹਜ਼ੂਰ ਸਾਹਿਬ ਤੋਂ ਪਰਤਿਆ ਸ਼ਰਧਾਲੂ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਜਿਹੜੇ ਦੋ ਸ਼ਰਧਾਲੂ ਪਾਜ਼ੀਟਿਵ ਪਾਏ ਗਏ ਸਨ, ਦੀ ਮੁੜ ਕੋਰੋਨਾ ਜਾਂਚ ਕੀਤੀ ਗਈ ਅਤੇ ਉਨ੍ਹਾਂ ਦੀ ਅੱਜ ਫਿਰ ਪਾਜ਼ੀਟਿਵ ਆਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ 5 ਫ਼ੈਕਟਰੀ ਮੁਲਾਜ਼ਮ ਇਕੱਠੇ ਸਕਾਰਾਤਮਕ ਪਾਏ ਗਏ ਸਨ। ਇਨ੍ਹਾਂ ਵਿੱਚ 57 ਸਾਲਾ ਮੁਲਾਜ਼ਮ ਵਾਸੀ ਦੁਗਰੀ ਫ਼ੇਜ਼-2, 37 ਸਾਲਾ ਮੁਲਾਜ਼ਮ ਵਾਸੀ ਕੈਲਾਸ਼ ਨਗਰ ਦੋਰਾਹਾ, 41 ਸਾਲਾ ਮੁਲਾਜ਼ਮ ਵਾਸੀ ਸੁਨੀਲ ਪਾਰਕ ਜੱਸੀਆਂ ਰੋਡ ਹੱਬੋਵਾਲ ਕਲਾਂ, 42 ਸਾਲਾ ਮੁਲਾਜ਼ਮ ਵਾਸੀ ਗੁਰਪਾਲ ਨਗਰ ਵਾਰਡ-71 ਅਤੇ 25 ਸਾਲਾ ਮੁਲਾਜ਼ਮ ਵਾਸੀ ਪਿੰਡ ਕੜੋਂ, ਪਾਇਲ ਸਬ-ਡਿਵੀਜ਼ਨ ਸ਼ਾਮਲ ਹਨ। ਇਹ ਸਾਰੇ ਮੁਲਾਜ਼ਮ ਫ਼ੋਕਲ ਪੁਆਇੰਟ ਵਿਖੇ ਹਿੰਦੁਸਤਾਨ ਟਾਇਰ ਫੈਕਟਰੀ ਦੇ ਐਡਮਿਨ ਬਲਾਕ 'ਚ ਕੰਮ ਕਰਦੇ ਹਨ।