15 ਸਾਲਾਂ ਦੀ ਇੱਕ ਲੜਕੀ ਨਾਲ ਅੰਮ੍ਰਿਤਸਰ ’ਚ ਜਬਰ–ਜਨਾਹ ਦੀ ਘਟਨਾ ਵਾਪਰ ਗਈ ਹੈ। ਇਸ ਸਾਰੇ ਮਾਮਲੇ ਦੇ ਦੋ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਵਿੱਚੋਂ ਇੱਕ ਆਟੋ–ਰਿਕਸ਼ਾ ਡਰਾਇਵਰ ਹੈ ਤੇ ਦੂਜਾ ਉਸ ਦਾ ਸਾਥੀ ਹੈ। ਹੋਟਲ ਵਿੱਚ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਮੁਲਜ਼ਮਾਂ ਨੇ ਉਸ ਨੂੰ ਲੁਧਿਆਣਾ ਦੀ ਬੱਸ ਚੜ੍ਹਾ ਦਿੱਤਾ ਤੇ ਨਾਲ ਹੀ ਧਮਕੀ ਵੀ ਦੇ ਦਿੱਤੀ ਕਿ ਉਹ ਆਪਣਾ ਮੂੰਹ ਕਿਸੇ ਹਾਲਤ ਵਿੱਚ ਨਾ ਖੋਲ੍ਹੇ।
ਪ੍ਰਾਪਤ ਜਾਣਕਾਰੀ ਮੁਤਾਬਕ ਕੁੜੀ ਆਪਣੇ ਬੁਆਏ–ਫ਼ਰੈਂਡ ਨਾਲ ਵਿਆਹ ਕਰਵਾਉਣ ਲਈ ਦਿੱਲੀ ਜਾਣਾ ਚਾਹੁੰਦੀ ਸੀ ਪਰ ਉਹ ਗ਼ਲਤੀ ਨਾਲ ਅੰਮ੍ਰਿਤਸਰ ਪੁੱਜ ਗਏ ਤੇ ਦੋ ਸ਼ਰਾਰਤੀ ਅਨਸਰਾਂ ਦੇ ਢਹੇ ਚੜ੍ਹ ਗਈ। ਦੋਵੇਂ ਮੁਲਜ਼ਮਾਂ ਨੇ ਇੱਕ ਹੋਟਲ ਵਿੱਚ ਉਸ ਨਾਲ ਮੂੰਹ ਕਾਲ਼ਾ ਕੀਤਾ।
ਲੁਧਿਆਣਾ ਪਰਤਣ ਤੋਂ ਬਾਅਦ ਪੀੜਤ ਬੱਚੀ ਨੇ ਡਿਵੀਜ਼ਨ 4 ਥਾਣੇ ਵਿੱਚ ਮੁਲਜ਼ਮਾਂ ਵਿਰੁੱਧ ਐੱਫ਼ਆਈਆਰ ਦਰਜ ਕਰਵਾਈ ਹੈ। ਮੁਲਜ਼ਮਾਂ ਦੀ ਸ਼ਨਾਖ਼ਤ ਸਾਹਿਬ ਸਿੰਘ ਤੇ ਬਾਬਾ ਨਿਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ।
ਪੁਲਿਸ ਕੋਲ ਕੀਤੀ ਆਪਣੀ ਸ਼ਿਕਾਇਤ ਵਿੱਚ ਕਿਲਾ ਮੁਹੱਲਾ ਨਿਵਾਸੀ ਪੀੜਤ ਲੜਕੀ ਨੇ ਦੱਸਿਆ ਹੈ ਕਿ ਉਹ ਸਾਹਿਲ ਨਾਂਅ ਦੇ ਇੱਕ ਵਿਅਕਤੀ ਨੂੰ ਸਾਲ ਕੁ ਪਹਿਲਾਂ ਮਿਲੀ ਸੀ, ਜੋ ਲੁਧਿਆਣਾ ’ਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਆਇਆ ਸੀ। ਦੋਵਾਂ ਦੀ ਨੇੜਤਾ ਹੋ ਗਈ।
ਪੀੜਤ ਬੱਚੀ ਨੇ ਦੱਸਿਆ ਕਿ ਉਨ੍ਹਾਂ ਦੋਵਾਂ ਨੇ ਵਿਆਹ ਰਚਾਉਣ ਦਾ ਫ਼ੈਸਲਾ ਕੀਤਾ ਸੀ ਤੇ ਸਾਹਿਲ ਨੇ ਉਸ ਨੂੰ ਆਖਿਆ ਸੀ ਕਿ ਉਹ ਵਿਆਹ ਲਈ 3 ਫ਼ਰਵਰੀ ਨੂੰ ਦਿੱਲੀ ਪੁੱਜ ਜਾਵੇ। ਉਸ ਨੇ ਤਦ ਦਿੱਲੀ ਜਾਣ ਲਈ ਆਪਣੇ ਘਰ ’ਚੋਂ 1,500 ਰੁਪਏ ਚੋਰੀ ਕੀਤੇ ਤੇ 3 ਫ਼ਰਵਰੀ ਨੂੰ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ ਚੱਲਣ ਵਾਲੀ ਇੱਕ ਰੇਲ–ਗੱਡੀ ਵਿੱਚ ਬਹਿ ਗਈ। ਰੇਲ–ਗੱਡੀ ਉਸ ਨੂੰ ਫ਼ਿਰੋਜ਼ਪੁਰ ਲੈ ਗਈ। ਉੱਥੇ ਇੱਕ ਵਧੀਆ ਵਿਅਕਤੀ ਦੇ ਘਰ ਉਸ ਨੇ ਇੱਕ ਰਾਤ ਬਿਤਾਈ ਤੇ ਅਗਲੇ ਦਿਨ ਉਹ ਦੂਜੀ ਰੇਲ–ਗੱਡੀ ’ਚ ਬੈਠ ਗਈ ਪਰ ਉਹ ਰੇਲ ਉਸ ਨੂੰ ਅੰਮ੍ਰਿਤਸਰ ਲੈ ਗਈ।
ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਕੁੜੀ ਨੂੰ ਥ੍ਰੀ–ਵ੍ਹੀਲਰ ਦਾ ਡਰਾਇਵਰ ਸਾਹਿਬ ਸਿੰਘ ਮਿਲ ਗਿਆ ਤੇ ਬੱਚੀ ਨੇ ਉਸ ਤੋਂ ਦਿੱਲੀ ਜਾਣ ਵਾਲੀ ਰੇਲ ਬਾਰੇ ਪੁੱਛਿਆ। ਸਾਹਿਬ ਸਿੰਘ ਨੇ ਉਸ ਨੂੰ ਦੱਸਿਆ ਕਿ ਉਸ ਨੂੰ ਦਿੱਲੀ ਦੀ ਰੇਲ–ਗੱਡੀ ਤਾਂ ਅਗਲੀ ਸਵੇਰ ਨੂੰ ਮਿਲੇਗੀ ਤੇ ਉਸ ਨੂੰ ਇਸ ਬਹਾਨੇ ਇੱਕ ਹੋਟਲ ’ਚ ਲੈ ਗਿਆ; ਜਿੱਥੇ ਉਸ ਨੇ ਆਪਣੇ ਦੋਸਤ ਬਾਬਾ ਨਾਲ ਕਥਿਤ ਤੌਰ ਉੱਤੇ ਉਸ ਬੱਚੀ ਨਾਲ ਬਲਾਤਕਾਰ ਕੀਤਾ।
ਪੀੜਤ ਬੱਚੀ ਨੇ ਦੱਸਿਆ ਕਿ ਆਪਣੀ ਮਾਂ ਦੇ ਦੇਹਾਂਤ ਤੋਂ ਬਾਅਦ ਉਹ ਆਪਣੇ ਪਿਤਾ ਤੇ ਭੂਆ ਨਾਲ ਰਹਿ ਰਹੀ ਸੀ। ਇਸ ਮਾਮਲੇ ਦੀ ਜਾਂਚ ਏਐੱਸਆਈ ਸ਼ਮਸ਼ੇਰ ਸਿੰਘ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।