ਪੁਲਿਸ ਵਿਭਾਗ ਨੇ ਉਸ ਏਐੱਸਆਈ (ASI) ਨੂੰ ਨੌਕਰੀ ਤੋਂ ਬਰਤਰਫ਼ ਕਰ (ਕੱਢ) ਦਿੱਤਾ ਹੈ, ਜਿਸ ਨੇ ਬੀਤੀ 9 ਫ਼ਰਵਰੀ ਨੂੰ 21 ਸਾਲਾ ਔਰਤ ਨਾਲ ਹੋਏ ਸਮੂਹਕ ਬਲਾਤਕਾਰ ਮਾਮਲੇ ਵਿੱਚ ਸਮੇਂ–ਸਿਰ ਕੋਈ ਕਾਰਵਾਈ ਨਹੀਂ ਕੀਤੀ ਸੀ। ਇਸ ਏਐੱਸਆਈ ਵਿਦਿਆ ਰਤਨ ਨੂੰ ਪਹਿਲਾਂ ਮੁਅੱਤਲ ਕੀਤਾ ਗਿਆ ਸੀ। ਉਸ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਲਈ ਉਸ ਦਾ ਵਿਵਹਾਰ ਬੇਹੱਦ ਮਾੜਾ ਕਰਾਰ ਦਿੱਤਾ ਗਿਆ ਹੈ।
ਏਐੱਸਆਈ ਵਿਦਿਆ ਰਤਨ ਉਸ ਵੇਲੇ ਪੁਲਿਸ ਥਾਣੇ ਵਿੱਚ ਜਾਂਚ ਅਧਿਕਾਰੀ ਸੀ, ਜਦੋਂ ਪੀੜਤ ਔਰਤ ਦੇ ਦੋਸਤ ਨੇ ਉਸ ਕੋਲ ਜਾ ਕੇ ਆਪਣੀ ਸਾਰੀ ਵਿਥਿਆ ਬਿਆਨ ਕੀਤੀ ਸੀ। ਡੀਆਈਜੀ (ਲੁਧਿਆਣਾ ਰੇਂਜ) ਰਣਬੀਰ ਸਿੰਘ ਖਟੜਾ ਨੇ ਵਿਦਿਆ ਰਤਨ ਦੀ ਬਰਤਰਫ਼ੀ ਭਾਵ ਬਰਖ਼ਾਸਤਗੀ ਦੀ ਪੁਸ਼ਟੀ ਕੀਤੀ ਹੈ।
ਮੁੱਲਾਂਪੁਰ ਦਾਖਾ ਦੇ ਐੱਸਐੱਚਓ ਰਾਜਨ ਪਰਮਿੰਦਰ ਸਿੰਘ ਨੂੰ ਐਤਵਾਰ ਨੂੰ ਤਬਦੀਲ ਕਰ ਦਿੱਤਾ ਗਿਆ ਸੀ, ਜਦ ਕਿ ਸਬ–ਇੰਸਪੈਕਟਰ ਜਰਨੈਲ ਸਿੰਘ ਨੂੰ ਲਾਪਰਵਾਹੀ ਕਾਰਨ ਮੁਅੱਤਲ ਕੀਤਾ ਗਿਆ ਸੀ। ਸਬ–ਇੰਸਪੈਕਟਰ ਜਰਨੈਲ ਸਿੰਘ 9 ਫ਼ਰਵਰੀ ਨੂੰ ਪੁਲਿਸ ਥਾਣੇ ਵਿੱਚ ਡਿਊਟੀ ਅਫ਼ਸਰ ਸੀ।
ਐੱਸਐੱਸਪੀ–ਦਿਹਾਤੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪਰਮਿੰਦਰ ਸਿੰਘ ਦੀ ਥਾਂ ਇੰਸਪੈਕਟਰ ਜਗਦੀਸ਼ ਕੁਮਾਰ ਸ਼ਰਮਾ ਨੇ ਲਈ ਹੈ। ਪਰਮਿੰਦਰ ਸਿੰਘ ਨੂੰ ਪੁਲਿਸ ਲਾਈਨਜ਼ ਵਿੱਚ ਮੁੱਲਾਂਪੁਰ ਦਾਖਾ ਦੇ ਐੱਸਐੱਚਓ ਵਜੋਂ ਤਬਦੀਲ ਕੀਤਾ ਗਿਆ ਹੈ। ਸ੍ਰੀ ਬਰਾੜ ਨੇ ਕਿਹਾ ਕਿ ਐੱਸਐੱਚਓ ਪਰਮਿੰਦਰ ਸਿੰਘ ਨੇ ਕੋਈ ਕਾਰਵਾਈ ਕਰਨ ਦੀ ਜ਼ਿੰਮੇਵਾਰੀ ਨਹੀਂ ਨਿਭਾਈ।
ਇਸ ਸਮੂਹਕ ਬਲਾਤਕਾਰ ਲਈ ਲੁਧਿਆਣਾ ਦੇ ਟਿੱਬਾ ਇਲਾਕੇ ਦੇ ਨਿਵਾਸੀ ਅਜੇ ਅਤੇ ਸੈਫ਼ ਅਲੀ , ਜਗਰੂਪ ਸਿੰਘ ਵਾਸੀ ਜਸਪਾਲ ਬਾਂਗਰ – ਲੁਧਿਆਣਾ, ਸੁਰਮੂ ਵਾਸੀ ਪਿੰਡ ਖਾਨਪੁਰ – ਜ਼ਿਲ੍ਹਾ ਲੁਧਿਆਣਾ, ਸਾਦਿਕ ਅਲੀ ਵਾਸੀ ਰਹਿਪਾ ਪਿੰਡ – ਜ਼ਿਲ੍ਹਾ ਨਵਾਂਸ਼ਹਿਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਨਾਲ 17 ਸਾਲਾਂ ਦਾ ਇੱਕ ਨਾਬਾਲਗ਼ ਵੀ ਹੈ, ਜਿਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਪਰ ਨਾਬਾਲਗ਼ ਹੋਣ ਕਾਰਨ ਉਸ ਦਾ ਨਾਂਅ ਜੱਗ ਜ਼ਾਹਿਰ ਨਹੀਂ ਕੀਤਾ ਜਾ ਸਕਦਾ। ਇਸ ਮਾਮਲੇ ਵਿੱਚ ਹਾਲੇ ਹੋਰ ਵੀ ਗ੍ਰਿਫ਼ਤਾਰੀਆਂ ਹੋਣੀਆਂ ਹਨ।
21 ਸਾਲਾ ਪੀੜਤ ਔਰਤ ਤੇ ਉਸ ਦੇ ਦੋਸਤ ਨੇ ਪੁਲਿਸ ਨੂੰ ਦੱਸਿਆ ਹੈ ਕਿ ਬੀਤੀ 9 ਫ਼ਰਵਰੀ ਨੂੰ ਈਸੇਵਾਲ ਪੁਲ ਨੇੜੇ 10 ਜਣਿਆਂ ਨੇ ਉਨ੍ਹਾਂ ਨੂੰ ਅਗ਼ਵਾ ਕਰ ਲਿਆ ਸੀ ਤੇ ਉਨ੍ਹਾਂ ਨੂੰ ਸਵੇਰ ਤੱਕ ਫਿਰੋਤੀ ਵਸੂਲਣ ਲਈ ਬੰਧਕ ਬਣਾ ਕੇ ਰੱਖਿਆ। ਔਰਤ ਨਾਲ ਈਸੇਵਾਲ ਪਿੰਡ ਦੇ ਇੱਕ ਖ਼ਾਲੀ ਪਲਾਟ ਵਿੱਚ ਸਮੂਹਕ ਬਲਾਤਕਾਰ ਕੀਤਾ ਗਿਆ, ਜਦ ਕਿ ਉਸ ਦੇ ਮਰਦ ਦੋਸਤ ਨਾਲ ਕੁੱਟਮਾਰ ਕੀਤੀ ਗਈ। ਮੁਲਜ਼ਮਾਂ ਨੇ ਕਥਿਤ ਤੌਰ ਉੱਤੇ ਉਨ੍ਹਾਂ ਦੇ ਦੋਸਤਾਂ ਤੋਂ ਉਨ੍ਹਾਂ ਦੋਵਾਂ ਦੀ ਰਿਹਾਈ ਲਈ 2 ਲੱਖ ਰੁਪਏ ਮੰਗੇ ਪਰ ਪੁਲਿਸ ਨੇ ਜਾਂਚ ਦੌਰਾਨ ਕਿਹਾ ਹੈ ਕਿ ਬਲਾਤਕਾਰ ਦੀ ਘਟਨਾ ਲਈ ਛੇ ਨੌਜਵਾਨ ਜ਼ਿੰਮੇਵਾਰ ਹਨ।