ਚਾਰ ਵਰ੍ਹੇ ਪਹਿਲਾਂ 2016 ’ਚ ਪੰਜਾਬ ਦੀ ਉਦੋਂ ਦੀ ਅਕਾਲੀ–ਭਾਜਪਾ ਗੱਠਜੋੜ ਸਰਕਾਰ ਨੇ ਲੁਧਿਆਣਾ ’ਚ ਧਨਾਂਸੂ ਵਿਖੇ ਇੱਕ ਹਾਈ–ਟੈੱਕ ਸਾਈਕਲ ਵੈਲੀ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਸੀ ਪਰ 380 ਏਕੜ ਰਕਬੇ ਵਿੱਚ ਫੈਲਿਆ ਇਹ ਪ੍ਰੋਜੈਕਟ ਹਾਲੇ ਤੱਕ ਸ਼ੁਰੂ ਨਹੀਂ ਹੋ ਸਕਿਆ।
ਜੇ ਇਸ ਪ੍ਰੋਜੈਕਟ ਦੀ ਪ੍ਰਗਤੀ ਉੱਤੇ ਰਤਾ ਝਾਤ ਪਾਈਏ, ਤਾਂ ਉਸ ਦੀ ਰਫ਼ਤਾਰ ਬਹੁਤ ਮੱਠੀ ਹੈ। ਇਸ ਵੈਲੀ ਤੱਕ ਪੁੱਜਣ ਲਈ 8 ਕਿਲੋਮੀਟਰ ਲੰਮੀ ਸੜਕ ਪੂਰੀ ਤਰ੍ਹਾਂ ਬਣਨ ਨੂੰ ਹੀ ਹਾਲੇ 10 ਮਹੀਨੇ ਹੋਰ ਲੱਗ ਜਾਣਗੇ।
ਉੱਧਰ ਪੰਜਾਬ ਸਰਕਾਰ ਨੇ ਵੀ ਹਾਲੇ ਤੱਕ ਇਹ ਫ਼ੈਸਲਾ ਨਹੀਂ ਕੀਤਾ ਕਿ ਇਸ ਸਾਈਕਲ ਵੈਲੀ ’ਚ ਪਲਾਟ ਕਿਸ ਦਰ ਉੱਤੇ ਦਿੱਤੇ ਜਾਣੇ ਹਨ। ਪੰਜਾਬ ਲਘੂ ਉਦਯੋਗ ਤੇ ਬਰਾਮਦ ਨਿਗਮ (PSIEC) ਨੇ ਹਾਲੇ ਤੱਕ ਕਿਸੇ ਵੀ ਸਾਈਕਲ ਨਿਰਮਾਤਾ ਨੂੰ ਕੋਈ ਪਲਾਟ ਨਹੀਂ ਵੇਚਿਆ; ਜਿਸ ਕਾਰਨ ਇੱਥੇ ਹਾਲੇ ਤੱਕ ਕੋਈ ਹੋਰ ਨਿਵੇਸ਼ਕ ਆਪਣਾ ਸਰਮਾਇਆ ਲਾਉਣ ਲਈ ਅੱਗੇ ਨਹੀਂ ਆਇਆ।
ਲੁਧਿਆਣਾ ’ਚ ਸਾਈਕਲਾਂ ਦੇ ਕਲ–ਪੁਰਜ਼ੇ ਬਣਾਉਣ ਵਾਲੀਆਂ ਲਘੂ ਇਕਾਈਆਂ ਵੱਡੀਆਂ ਕੰਪਨੀਆਂ ਵੱਲੋਂ ਇੱਥੇ ਕੋਈ ਸ਼ੁਰੂਆਤ ਕੀਤੇ ਜਾਣ ਦੀ ਉਡੀਕ ਕਰ ਰਹੀਆਂ ਹਨ। ਕਿਸੇ ਵੱਡੀ ਕੰਪਨੀ ਵੱਲੋਂ ਇੱਥੇ ਕੋਈ ਸ਼ੁਰੂਆਤ ਕਰਨ ਤੋਂ ਬਾਅਦ ਨਿੱਕੀਆਂ ਸਾਈਕਲ ਕੰਪਨੀਆਂ ਅੱਗੇ ਆਉਣਗੀਆਂ। ਹੀਰੋ ਸਾਈਕਲ ਨੂੰ 100 ਏਕੜ ਮਿਲੇ ਹਨ ਤੇ ਉਹ ਆਪਣੀ ਮੁਢਲੀ ਇਕਾਈ ਇੱਥੇ ਵਿਕਸਤ ਕਰ ਰਹੀ ਹੈ।
ਲੁਧਿਆਣਾ ਦੀ ਇਸ ਸਾਈਕਲ ਵੈਲੀ ਨੂੰ ਚੰਡੀਗੜ੍ਹ ਰੋਡ ਨਾਲ ਜੋੜਿਆ ਜਾ ਰਿਹਾ ਹੈ; ਜਿਸ ਉੱਤੇ 31 ਕਰੋੜ ਰੁਪਏ ਦੀ ਲਾਗਤ ਆਉਣੀ ਹੈ ਤੇ ਇਹ ਸੜਕ ਛੇ–ਲੇਨ ਹੋਵੇਗੀ।
ਦਰਅਸਲ, ਇੱਥੇ ਬੁਨਿਆਦੀ ਢਾਂਚੇ ਦੀ ਕੁਝ ਘਾਟ ਹੋਣ ਕਾਰਨ ਹੋਰ ਕੋਈ ਸਾਈਕਲ ਨਿਰਮਾਤਾ ਕੰਪਨੀ ਅੱਗੇ ਨਹੀਂ ਆਈ। ਹਾਲੇ ਸਿਰਫ਼ ਹੀਰੋ ਕੰਪਨੀ ਇਕੱਲੀ ਹੀ ਮੈਦਾਨ ’ਚ ਨਿੱਤਰੀ ਹੋਈ ਹੈ। ਹੀਰੋ ਸਾਈਕਲਜ਼ ਦੇ ਮੈਨੇਜਿੰਗ ਡਾਇਰੈਕਟਰ ਐੱਸਕੇ ਰਾਏ ਨੇ ਕਿਹਾ ਕਿ ਉਨ੍ਹਾਂ ਨੂੰ ਜਿਹੜੀ ਜਗ੍ਹਾ ਅਲਾਟ ਹੋਈ ਹੈ, ਉਸ ਦੁਆਲੇ ਚਾਰ–ਦੀਵਾਰੀ ਖੜ੍ਹੀ ਕੀਤੀ ਜਾ ਰਹੀ ਹੈ।
ਉਂਝ ਇੱਥੇ ਰਾਲਸਨ ਤੇ ਬਿੱਗ–ਬੈੱਨ ਨੇ ਵੀ ਇਸ ਵੈਲੀ ’ਚ ਆਪੋ–ਆਪਣੇ ਪ੍ਰੋਜੈਕਟ ਸਥਾਪਤ ਕਰਨ ਦਾ ਐਲਾਨ ਕੀਤਾ ਸੀ। ਇਨ੍ਹਾਂ ਨਿਰਮਾਤਾਵਾਂ ਦੀ ਇਹ ਸ਼ਿਕਾਇਤ ਹੈ ਕਿ ਸਾਈਕਲ ਵੈਲੀ ’ਚ ਹਾਲੇ ਨਾ ਤਾਂ ਕੋਈ ਸੜਕ ਹੈ, ਨਾ ਪਾਣੀ ਦੀ ਸਪਲਾਈ ਹੈ ਤੇ ਨਾ ਹੀ ਹਾਲੇ ਤੱਕ ਇਹ ਪਤਾ ਹੈ ਕਿ ਅਲਾਟ ਕੀਤੀ ਜ਼ਮੀਨ ਕਿਸ ਕੀਮਤ ਉੱਤੇ ਦਿੱਤੀ ਜਾਵੇਗੀ।
ਇਸ ਦੌਰਾਨ ਪਤਾ ਲੱਗਾ ਹੈ ਕਿ 5,000 ਰੁਪਏ ਪ੍ਰਤੀ ਵਰਗ ਗਜ਼ ਦੀ ਕੀਮਤ ਉੱਤੇ PSIEC ਵੱਲੋਂ 50 ਏਕੜ ਦੀ ਈ–ਨੀਲਾਮ ਕੀਤੀ ਜਾ ਰਹੀ ਹੈ। ਸੜਕਾਂ, ਪਾਣੀ ਦੀ ਸਪਲਾਈ, ਸੀਵਰੇਜ ਦੀ ਸਪਲਾਈ ਲਈ ਛੇਤੀ ਹੀ ਹੁਣ ਟੈਂਡਰ ਜਾਰੀ ਕਰ ਦਿੱਤਾ ਜਾਵੇਗਾ।