ਕੈਨੇਡਾ ’ਚ ਪੜ੍ਹਾਈ ਕਰਨ ਗਏ ਲੁਧਿਆਣਾ ਜ਼ਿਲ੍ਹੇ ਦੇ ਦੋ ਵਿਦਿਆਰਥੀਆਂ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਬੀਤੇ ਸੋਮਵਾਰ ਨੂੰ ਕੈਨੇਡਾ ਦੇ ਹਾਈਵੇ–26 ਉਤੇ ਇਕ ਦਰਦਨਾਇਕ ਸੜਕ ਹਾਦਸਾ ਵਾਪਰਿਆ ਵਿਚ ਪੰਜਾਬ ਦੇ ਦੋ ਨੌਜਵਾਨਾਂ ਦੀ ਮੌਤ ਅਤੇ ਇਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।
ਮ੍ਰਿਤਕ ਵਿਦਿਆਰਥੀਆਂ ਦੀ ਪਹਿਚਾਣ ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਵੇ ਵਾਸੀ 20 ਸਾਲਾ ਦਾਨਿਸ਼, ਮਾਡਲ ਟਾਊਨ ਵਾਸੀ 19 ਸਾਲਾ ਤਾਨੀਆ ਅਤੇ ਜ਼ਖਮੀ ਵਿਦਿਆਰਥੀ ਭਾਈ ਰਣਧੀਰ ਸਿੰਘ ਨਗਰ ਵਾਸੀ ਹਰਸ਼ਦੀਪ ਸਿੰਘ ਵਜੋਂ ਹੋਈ ਹੈ। ਇਹ ਵਿਦਿਆਰਥੀ 2018 ਵਿਚ ਪੜ੍ਹਾਈ ਕਰਨ ਲਈ ਕੈਨੇਡਾ ਗਏ ਸਨ।
ਮੀਡੀਆ ਵਿਚ ਆਈ ਖਬਰ ਮੁਤਾਬਕ ਹਰਸ਼ਦੀਪ ਸਿੰਘ ਕਾਰ ਚਲਾ ਰਿਹਾ ਸੀ, ਜਦੋਂ ਕਿ ਦਾਨਿਸ਼ ਤੇ ਤਾਨੀਆ ਪਿੱਛੇ ਬੈਠੇ ਸਨ। ਜਿਵੇਂ ਹੀ ਉਨ੍ਹਾਂ ਦੀ ਕਾਰ ਹਾਈਵੇ ਨੰਬਰ 26 ਉਤੇ ਪਹੁੰਚੀ ਤਾਂ ਇਕ ਗੱਡੀ ਨੂੰ ਓਵਰਟੇਕ ਕਰਦੇ ਸਮੇਂ, ਸਾਹਮਣੇ ਤੋਂ ਆ ਰਹੀ ਇਕ ਬਲੇਜਰ ਪਿਕਅਪ ਨਾਲ ਸਿੱਧੀ ਟੱਕਰ ਹੋ ਗਈ।
ਇਸ ਟੱਕਰ ਦੌਰਾਨ ਹਰਸ਼ਦੀਪ ਕਾਰ ਤੋਂ ਬਾਹਰ ਡਿੱਗ ਗਿਆ, ਜਦੋਂ ਕਿ ਦਾਨਿਸ ਅਤੇ ਤਾਨੀਆ ਕਾਰ ਅੰਦਰ ਹੀ ਦਬ ਗਏ। ਬਲੇਜਰ ਗੱਡੀ ਦਾ ਡਰਾਈਵਰ ਵੀ ਇਸ ਹਾਦਸੇ ਵਿਚ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।
ਸਥਾਨਕ ਪੁਲਿਸ ਦੇ ਅਧਿਕਾਰੀਆਂ ਨੇ ਮੌਕੇ ਉਤੇ ਪਹੁੰਚਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।
ਹਾਦਸੇ ਵਿਚ ਮ੍ਰਿਤਕਾਂ ਦੀਆਂ ਲਾਸ਼ਾਂ ਹਾਲਤ ਐਨੀ ਖਰਾਬ ਹੋ ਚੁੱਕੀ ਹੈ ਕਿ ਉਨ੍ਹਾਂ ਨੂੰ ਪੰਜਾਬ ਲਿਆਉਣਾ ਵੀ ਮੁਸ਼ਕਲ ਹੈ। ਅਜਿਹੀ ਸੰਭਾਵਨਾ ਹੈ ਕਿ ਉਨ੍ਹਾਂ ਦਾ ਸਸਕਾਰ ਉਥੇ ਹੀ ਕੀਤਾ ਜਾਵੇਗਾ।