ਅਗਲੀ ਕਹਾਣੀ

‘ਰਾਇਸ਼ੁਮਾਰੀ 2020` ਦੇ ਕਰਤਾ-ਧਰਤਾ ਦੇ ਸਬੰਧ ਖਾੜਕੂਆਂ ਨਾਲ: ਕੇਂਦਰ ਤੇ ਪੰਜਾਬ ਪੁਲਿਸ

‘ਰਾਇਸ਼ੁਮਾਰੀ 2020` ਦੇ ਕਰਤਾ-ਧਰਤਾ ਦੇ ਸਬੰਧ ਖਾੜਕੂਆਂ ਨਾਲ: ਕੇਂਦਰ ਤੇ ਪੰਜਾਬ ਪੁਲਿਸ

ਪਿਛਲੇ ਕਈ ਦਿਨਾਂ ਤੋਂ ਇੰਗਲੈਂਡ ਦੀ ਰਾਜਧਾਨੀ ਲੰਦਨ ਦੇ ਟ੍ਰਾਫ਼ਲਗਰ ਸਕੁਏਰ `ਚ ਹੋਣ ਵਾਲੇ ‘ਰੈਫ਼ਰੈਂਡਮ 2020` (ਰਾਇਸ਼ੁਮਾਰੀ 2020) ਸਮਾਰੋਹ ਦੀ ਇਸ ਵੇਲੇ ਡਾਢੀ ਚਰਚਾ ਹੈ ਤੇ ਇਹ ਐਤਵਾਰ 12 ਅਗਸਤ ਨੂੰ ਹੋਣਾ ਤੈਅ ਹੈ। ਇਸ ਦਾ ਮੰਤਵ ‘ਪੰਜਾਬ ਨੂੰ ਭਾਰਤ ਦੇ ਕਬਜ਼ੇ `ਚੋਂ ਆਜ਼ਾਦ ਕਰਵਾਉਣ` ਲਈ ਰਾਇਸ਼ੁਮਾਰੀ ਕਰਵਾਉਣਾ ਹੈ। ਇਸ ਸਮਾਰੋਹ ਦੇ ਮੁੱਖ ਆਯੋਜਕਾਂ ਵਿੱਚੋਂ ‘‘ਇੱਕ ਨੇ ਥਾਈਲੈਂਡ ਤੋਂ ਭਾਰਤ `ਚ ਦਹਿਸ਼ਤਗਰਦ ਜਗਤਾਰ ਸਿੰਘ ਤਾਰਾ ਦੀ ਹਵਾਲਗੀ ਰੁਕਵਾਉਣ ਦਾ ਜਤਨ ਕੀਤਾ ਸੀ ਅਤੇ ਉਸੇ ਨੇ ਪੁਰਤਗਾਲ `ਚ ਗ੍ਰਿਫ਼ਤਾਰ ਹੋਏ ਖ਼ਾਲਿਸਤਾਨੀ ਖਾੜਕੂ ਪਰਮਜੀਤ ਸਿੰਘ ਪੰਮਾ ਦੀ ਤਰਫ਼ੋਂ ਵੀ ਕਾਨੂੰਨੀ ਜੰਗ ਲੜੀ ਸੀ। ਇਸ ਤੋਂ ਇਲਾਵਾ ਉਸ ਆਯੋਜਕ ਦੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ‘ਇੰਟਰ ਸਰਵਿਸੇਜ਼ ਇੰਟੈਲੀਜੈਂਸ` (ਆਈਐੱਸਆਈ) ਨਾਲ ਵੀ ਸਿੱਧੇ ਸਬੰਧ ਹਨ।`` ਇਹ ਪ੍ਰਗਟਾਵਾ ਕੇਂਦਰ ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਕੀਤਾ ਹੈ ਪਰ ਉਸ ਆਯੋਜਕ ਦਾ ਨਾਂਅ ਨਹੀਂ ਦੱਸਿਆ ਗਿਆ।


ਨਿਊ ਯਾਰਕ ਦੀ ਜੱਥੇਬੰਦੀ ‘ਸਿੱਖਸ ਫ਼ਾਰ ਜਸਟਿਸ` ਵੱਲੋਂ ਰਾਇਸ਼ੁਮਾਰੀ ਬਾਰੇ ਇਹ ਸਮਾਰੋਹ ਕਰਵਾਇਆ ਜਾ ਰਿਹਾ ਹੈ ਪਰ ਭਾਰਤੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਦਰਅਸਲ ਅਮਰੀਕਾ ਤੇ ਹੋਰਨਾਂ ਦੇਸ਼ਾਂ `ਚ ਖ਼ਾਲਿਸਤਾਨ-ਪੱਖੀ ਤੇ ਭਾਰਤ-ਵਿਰੋਧੀ ਗਤੀਵਿਧੀਆਂ ਦਾ ਇੱਕ ਮੰਚ ਹੈ। ਇਸ ਸਮਾਰੋਹ ਦੇ ਆਯੋਜਕਾਂ ਦਾ ਕਹਿਣਾ ਹੈ ਕਿ ਸੰਯੁਕਤ ਰਾਸ਼ਟਰ ਦੇ ਚਾਰਟਰ ਤੇ ਸਿਵਲ ਤੇ ਸਿਆਸੀ ਅਧਿਕਾਰਾਂ ਬਾਰੇ ਕੌਮਾਂਤਰੀ ਸਮਝੌਤੇ ਵਿੱਚ ਦਿੱਤੀ ਗਰੰਟੀ ਅਨੁਸਾਰ ‘ਸਿੱਖਾਂ ਵੱਲੋਂ ਆਪਣੇ ਫ਼ੈਸਲੇ ਖ਼ੁਦ ਲੈਣ ਦੇ ਅਧਿਕਾਰ` ਲਈ ਲੰਦਨ `ਚ ਤਿਆਰੀਆਂ ਸ਼ੁਰੂ ਕੀਤੀਆਂ ਜਾਣਗੀਆਂ।


ਇਸ ਸਾਰੇ ਮਾਮਲੇ ਤੋਂ ਜਾਣੂ ਕੇਂਦਰੀ ਗ੍ਰਹਿ ਮੰਤਰਾਲੇ ਤੇ ਪੰਜਾਬ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੰਦਨ `ਚ ਇਸ ਸਮਾਰੋਹ ਕਰਵਾਉਣ ਲਈ ਮੁੱਖ ਵਿਅਕਤੀ ਅਮਰੀਕੀ ਨਾਗਰਿਕ ਗੁਰਪਤਵੰਤ ਸਿੰਘ ਪਨੂੰ ਹੈ, ਜੋ ‘ਸਿੱਖਸ ਫ਼ਾਰ ਜਸਟਿਸ` ਦਾ ਕਾਨੂੰਨੀ ਸਲਾਹਕਾਰ ਹੈ।


‘ਹਿੰਦੁਸਤਾਨ ਟਾਈਮਜ਼` ਵੱਲੋਂ ਵੇਖੀ ਗਈ ਪੰਜਾਬ ਪੁਲਿਸ ਦੀ ਰਿਪੋਰਟ `ਚ ਲਿਖਿਆ ਗਿਆ ਹੈ ਕਿ - ‘‘ਉਹ ਖ਼ਾਲਿਸਤਾਨ ਟਾਈਗਰ ਫ਼ੋਰਸ ਦੇ ਜਗਤਾਰ ਸਿੰਘ ਤਾਰਾ, ਇੰਗਲੈਂਡ ਦੇ ਪਰਮਜੀਤ ਸਿੰਘ ਪੰਮਾ ਅਤੇ ਹਾਂਗ ਕਾਂਗ ਦੇ ਰਮਨਜੀਤ ਸਿੰਘ ਰੋਮੀ ਜਿਹੇ ਕੁਝ ਪ੍ਰਮੁੱਖ ਸਿੱਖ ਅੱਤਵਾਦੀਆਂ ਨਾਲ ਬਹੁਤ ਨੇੜਿਓਂ ਜੁੜਿਆ ਹੋਇਆ ਹੈ।``


ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਦੇ ਦੋਸ਼ੀ ਤਾਰਾ ਨੂੰ ਇਸ ਵਰ੍ਹੇ ਪਹਿਲਾਂ ਥਾਈਲੈਂਡ ਤੋਂ ਭਾਰਤ ਵਾਪਸ ਭੇਜਿਆ ਗਿਆ ਸੀ ਪਰ ਸਾਲ 2016 ਦੌਰਾਨ ਪੁਰਤਗਾਲ ਦੀ ਇੱਕ ਅਦਾਲਤ ਨੇ ਪੰਮਾ ਨੂੰ ਭਾਰਤ ਹਵਾਲੇ ਕਰਨ ਤੋਂ ਨਾਂਹ ਕਰ ਦਿੱਤੀ ਸੀ।


ਰਮਨਜੀਤ ਸਿੰਘ ਰੋਮੀ ਵੀ ਹਾਂਗ ਕਾਂਗ `ਚ ਇਸ ਵੇਲੇ ਅਸਥਾਈ ਤੌਰ `ਤੇ ਗ੍ਰਿਫ਼ਤਾਰ ਹੈ ਅਤੇ ਭਾਰਤੀ ਅਧਿਕਾਰੀਆਂ ਨੂੰ ਪੂਰੀ ਆਸ ਹੈ ਕਿ ਉਸ ਨੂੰ ਛੇਤੀ ਹੀ ਭਾਰਤ ਹਵਾਲੇ ਕਰ ਦਿੱਤਾ ਜਾਵੇਗਾ।


ਰਿਪੋਰਟ `ਚ ਅੱਗੇ ਲਿਖਿਆ ਹੈ,‘‘ਪੰਨੂ ਦੀ ਕੱਟੜ ਸਿੱਖ ਤੱਤਾਂ ਦੇ ਕਾਨੂੰਨੀ ਮਾਮਲਿਆਂ ਵਿੱਚ ਡੂੰਘੀ ਦਿਲਚਸਪੀ ਰਹਿੰਦੀ ਹੈ ਤੇ ਜਦੋਂ ਵੀ ਕਦੇ ਉਹ ਮੂਲਵਾਦੀ ਤੱਤ ਭਾਰਤ `ਚ ਕਿਸੇ ਦਹਿਸ਼ਗਰਦ ਗਤੀਵਿਧੀ `ਚ ਸ਼ਾਮਲ ਹੋਣ ਕਾਰਨ ਗ੍ਰਿਫ਼ਤਾਰ ਹੁੰਦੇ ਹਨ, ਤਾਂ ਉਹ ਭਾਰਤ ਦੀ ਆਲੋਚਨਾ ਕਰਨ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਗੁਆਉਂਦਾ।``


ਅਧਿਕਾਰੀਆਂ ਅਨੁਸਾਰ ਤਾਰਾ ਨੂੰ ਪਨੂੰ ਬੈਂਕਾਕ ਦੀ ਜੇਲ੍ਹ `ਚ ਮਿਲਿਆ ਸੀ ਤੇ ਉਸ ਨੇ ਭਾਰਤ ਨੂੰ ਉਸ ਦੀ ਹਵਾਲਗੀ ਰੁਕਵਾਉਣ ਲਈ ਜ਼ੋਰ ਲਾਇਆ ਸੀ। ਪੁਰਤਗਾਲ `ਚ ਪੰਮਾ ਦਾ ਕੇਸ ਲੜਨ ਲਈ ਵੀ ਉਸੇ ਨੇ ਧਨ ਦਾ ਇੰਤਜ਼ਾਮ ਕੀਤਾ ਸੀ। ਪੰਮਾ ਸਾਲ 2015 ਦੌਰਾਨ ਪੁਰਤਗਾਲ `ਚ ਗ੍ਰਿਫ਼ਤਾਰ ਹੋਇਆ ਸੀ। ਪੁਰਤਗਾਲ ਦੀ ਇੱਕ ਅਦਾਲਤ ਨੇ ਪੰਮਾ ਨੂੰ ਭਾਰਤ ਹਵਾਲੇ ਕਰਨ ਤੋਂ ਨਾਂਹ ਕਰ ਦਿੱਤੀ ਸੀ। ਪੰਨੂ ਹਾਂਗ ਕਾਂਗ `ਚ ਰੋਮੀ ਨੂੰ ਵੀ ਇਸ ਵਰ੍ਹੇ ਫ਼ਰਵਰੀ `ਚ ਮਿਲਿਆ ਸੀ। ਰੋਮੀ ਭਾਰਤ `ਚ ‘ਵਾਂਟੇਡ` ਹੈ।


ਇਸ ਰਿਪੋਰਟ `ਚ ਅੱਗੇ ਲਿਖਿਆ ਗਿਆ ਹੈ ਕਿ ਪਨੂੰ ਦਾ ਤਾਲਮੇਲ ਕਸ਼ਮੀਰੀ ਵੱਖਵਾਦੀ ਗ਼ੁਲਾਮ ਨਬੂ ਫ਼ਾਇ ਨਾਲ ਵੀ ਰਿਹਾ ਹੈ, ਜਿਸ ਨੇ ਅਮਰੀਕਾ `ਚ ਜੇਲ੍ਹ ਦੀ ਸਜ਼ਾ ਕੱਟੀ ਸੀ ਕਿਉਂਕਿ ਉਸ `ਤੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਲਈ ਕੰਮ ਕਰਨ ਦੇ ਦੋਸ਼ ਲੱਗੇ ਸਨ - ਭਾਰਤੀ ਸੁਰੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਾਇਦ ਇਹ ਗ਼ੁਲਾਮ ਨਬੂ ਫ਼ਾਇ ਹੀ ‘ਰਾਇਸ਼ੁਮਾਰੀ 2020` ਦਾ ਅਸਲ ਆਯੋਜਕ ਵੀ ਹੈ।


ਰਿਪੋਰਟ `ਚ ਅੱਗੇ ਲਿਖਿਆ ਹੈ,‘ਆਈਐੱਸਆਈ ਦੇ ਕੁਝ ਅਧਿਕਾਰੀ ਯੂਰੋਪੀਅਨ ਦੇਸ਼ਾਂ `ਚ ਵੀ ਜਾਂਦੇ ਹਨ ਤੇ ਸਿੱਖ ਅੱਤਵਾਦੀ ਸਮੂਹਾਂ ਤੇ ਆਗੂਆਂ ਨਾਲ ਸੰਪਰਕ ਕਰਦੇ ਹਨ। ਇੱਕ ਆਈਐੱਸਆਈ ਅਧਿਕਾਰੀ ਅੱਬਾਸ ਰਾਣਾ ਕੈਨੇਡਾ ਜਾ ਕੇ ਆਇਆ ਹੈ। ਉਸ ਨੇ ਕਈ ਸਿੱਖ ਅੱਤਵਾਦੀਆਂ ਨਾਲ ਮੁਲਾਕਾਤ ਕੀਤੀ ਹੈ ਤੇ ਉਨ੍ਹਾਂ ਨੂੰ ਸਿੱਖ ਆਜ਼ਾਦੀ ਲਈ ਮੁਹਿੰਮ ਛੇੜਨ ਲਈ ਪ੍ਰੇਰਿਤ ਕੀਤਾ ਹੈ। ਆਈਐੱਸਆਈ ਨੇ ਵੀ ਲੈਫ਼ਟੀਨੈਂਟ ਕਰਨਲ ਸ਼ਾਹਿਦ ਮਹਿਮੂਦ ਮੱਲ੍ਹੀ ਜਿਹੇ ਆਪਣੇ ਕੁਝ ਸੀਨੀਅਰ ਅਧਿਕਾਰੀਆਂ ਦੀ ਡਿਊਟੀ ‘ਸਿੱਖਸ ਫ਼ਾਰ ਜਸਟਿਸ` ਦਾ ‘ਰਾਇਸ਼ੁਮਾਰੀ 2020` ਸਮਾਰੋਹ ਕਰਵਾਉਣ ਦੀ ਜਿ਼ੰਮੇਵਾਰੀ ਸੰਭਾਲਣ ਵਾਸਤੇ ਲਾਈ ਹੈ।`


ਪਨੂੰ ਦਾ ਕਹਿਣਾ ਹੈ ਕਿ ‘ਆਪਣੇ ਫ਼ੈਸਲੇ ਖ਼ੁਦ ਲੈਣ ਦੇ ਸਿੱਖਾਂ ਦੇ ਅਧਿਕਾਰਾਂ ਦੀ ਮੁਹਿੰਮ ਨੂੰ ਆਈਐੱਸਆਈ ਨਾਲ ਜੋੜਨ` ਦੇ ਵਿਚਾਰ ਵਿੱਚ ਕੋਈ ਸੱਚਾਈ ਨਹੀਂ ਹੈ। ‘‘ਸਿੱਖਸ ਫ਼ਾਰ ਜਸਟਿਸ ਦੀ ਮੁਹਿੰਮ ਲਈ ਫ਼ੰਡ ਦੁਨੀਆ ਭਰ ਦੇ ਕੁਝ ਨਿਸ਼ਕਾਮ, ਸਖ਼ਤ ਮਿਹਨਤੀ ਸਿੱਖਾਂ ਨੇ ਮੁਹੱਈਆ ਕਰਵਾਏ ਹਨ।``


ਉੱਧਰ ਇੰਟਰਨੈਸ਼ਨਲ ਸਿੱਖ ਯੂਥ ਫ਼ੈਡਰੇਸ਼ਨ ਦੇ ਸਾਬਕਾ ਕਾਰਕੁੰਨ ਪਰਮਿੰਦਰ ਸਿੰਘ ਬੱਲ ਨੇ ‘ਹਿੰਦੁਸਤਾਨ ਟਾਈਮਜ਼` ਨਾਲ ਗੱਲਬਾਤ ਕਰਦਿਆਂ ਕਿਹਾ ਕਿ - ‘‘ਇੰਗਲੈਂਡ `ਚ ਰਾਇਸ਼ੁਮਾਰੀ ਦੇ ਇਸ ਝੂਠੇ ਨਾਟਕ ਦਾ ਕੋਈ ਲਾਭ ਸਿੱਖਾਂ ਨੂੰ ਮਿਲਣ ਵਾਲਾ ਨਹੀਂ ਹੈ ਤੇ ਨਾ ਹੀ ਉਸ ਰਾਇਸ਼ੁਮਾਰੀ ਦੇ ਕੋਈ ਨਤੀਜੇ ਲਾਗੂ ਹੋਣੇ ਹਨ।``    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Main organizer of Referendum 2020 has links with militants